ਜਲੰਧਰ (10 ਅਗਸਤ 2014) : ਯੂਨਾਈਟਿਡ ਸਿੱਖ ਮੂਵਮੈਂਟ ਦੇ ਚੇਅਰਮੈਨ ਡਾ. ਭਗਵਾਨ ਸਿੰਘ, ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ, ਸਕੱਤਰ ਮਨਜੀਤ ਸਿੰਘ, ਸੀਨੀਅਰ ਉਪ-ਪ੍ਰਧਾਨ ਭਾਈ ਜਤਿੰਦਰ ਸਿੰਘ ਈਸੜੂ ਅਤੇ ਗੁਰਨਾਮ ਸਿੰਘ ਸਿੱਧੂ ਨੇ ਇਕ ਸਾਂਝੇ ਬਿਆਨ ‘ਚ ਕਿਹਾ ਕਿ ਬਾਦਲ ਨੇ ਉਪ-ਚੋਣ ‘ਚ ਡੇਰੇ ਨਾਲ ਸੰਬੰਧਿਤ ਵੋਟਾਂ ਲੈਣ ਲਈ ਹੀ ਉਨ੍ਹਾਂ ਦੇ ਕੇਸ ਨੂੰ ਕਮਜ਼ੋਰ ਬਣਾਇਆ।
ਉਨ੍ਹਾਂ ਕਿਹਾ ਕਿ ਬਾਦਲ ਵੋਟਾਂ ਲੈਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਉਹ ਹੇਠਲੇ ਪੱਧਰ ਦੀ ਸਿਆਸਤ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ‘ਚ ਬਾਦਲ ਵਲੋਂ ਖੇਡੀ ਗਈ ਇਸ ਸਿਆਸਤ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਅਤੇ ਤਲਵੰਡੀ ਸਾਬੋ ਸੀਟਾਂ ਦੀ ਉਪ-ਚੋਣ ‘ਚ ਸਿੱਖ ਭਾਈਚਾਰਾ ਇਸ ਦਾ ਜਵਾਬ ਬਾਦਲ ਦਲ ਦੇ ਉਮੀਦਵਾਰਾਂ ਨੂੰ ਜ਼ਰੂਰ ਦੇਵੇਗਾ।
ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਸੰਬੰਧ ‘ਚ ਸੂਬਾਈ ਸਰਕਾਰ ਤੋਂ ਜਵਾਬ-ਤਲਬੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਭਾਈਚਾਰੇ ਨਾਲ ਅਜਿਹਾ ਹੀ ਹੁੰਦਾ ਰਿਹਾ ਤਾਂ ਫਿਰ ਉਸ ਨਾਲ ਜੁੜੇ ਸਾਰੇ ਮਾਮਲੇ ਕਮਜ਼ੋਰ ਪੈ ਜਾਣਗੇ। ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਬਠਿੰਡਾ ਦੀ ਇੱਕ ਅਦਾਲਤ ਨੇ ਸੰਨ 2007 ਵਿੱਚ ਸੌਦਾ ਸਾਧ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਦਰਜ਼ ਕੇਸ ਖਾਰਜ਼ ਕਰ ਦਿੱਤਾ ਸੀ। ਕੇਸ ਖਾਰਜ਼ ਹੋਣ ਦਾ ਅਧਾਰ ਪਲਿਸ ਵੱਲੋਂ ਮਿੱਥੇ ਸਮੇਂ ਵਿੱਚ ਚਲਾਨ ਪੇਸ਼ ਨਾ ਕਰਨਾ ਦੱਸਿਆ ਗਿਆ ਹੈ। ਪੁਲਿਸ ਵੱਲੋਂ ਬਾਦਲ ਸਰਕਾਰ ਦੀਆਂ ਹਦਾਇਤਾਂ ‘ਤੇ ਹੀ ਸੌਦਾ ਸਾਧ ਨੂੰ ਰਾਹਤ ਲਈ ਹੀ ਅਜਿਹਾ ਕੀਤਾ ਗਿਆ ਸੀ।