ਲੁਧਿਆਣਾ: ਦਿੱਲੀ ਹਾਈ ਕੋਰਟ ਦੇ ਦੋ ਜੱਜਾਂ ਵਾਲੇ ਬੈਂਚ ਨੇ ਅੱਜ ਸਕਾਟਲੈਂਡ ਵਾਸੀ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ ਨੂੰ ਸੱਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਸਿੱਖ ਸਿਆਸਤ ਨਿਊਜ਼ ਨੇ ਇਸ ਫ਼ੈਸਲੇ ਦੇ ਵੇਰਵਿਆਂ ਅਤੇ ਜਗਤਾਰ ਸਿੰਘ ਜੌਹਲ ਦੀ ਸੰਭਾਵੀ ਰਿਹਾਈ ਬਾਰੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਗੱਲਬਾਤ ਕੀਤੀ।

ਇਸ ਗੱਲਬਾਤ ਦੇ ਕੁਝ ਅੰਸ਼ ਹੇਠਾਂ ਦਿੱਤੇ ਜਾ ਰਹੇ ਹਨ:
ਸਵਾਲ: ਅੱਜ ਅਦਾਲਤ ਨੇ ਕੀ ਫ਼ੈਸਲਾ ਸੁਣਾਇਆ ਹੈ?
ਜਵਾਬ: ਦਿੱਲੀ ਹਾਈ ਕੋਰਟ ਦੇ ਦੋ ਜੱਜਾਂ ਵਾਲੇ ਬੈਂਚ ਨੇ ਜਗਤਾਰ ਸਿੰਘ ਜੱਗੀ ਜੌਹਲ ਦੀਆਂ ਸੱਤ ਐੱਨ.ਆਈ.ਏ. ਮਾਮਲਿਆਂ ਵਿੱਚ ਦਾਇਰ ਜ਼ਮਾਨਤ ਅਰਜ਼ੀਆਂ ਮਨਜ਼ੂਰ ਕਰ ਲਈਆਂ ਹਨ।
ਸਵਾਲ: ਕੀ ਜਗਤਾਰ ਸਿੰਘ ਜੱਗੀ ਜੌਹਲ ਦੀ ਜੇਲ੍ਹ ਵਿੱਚੋਂ ਰਿਹਾਈ ਹੋ ਗਈ ਹੈ?
ਜਵਾਬ: ਨਹੀਂ, ਅਜੇ ਉਨ੍ਹਾਂ ਦੀ ਰਿਹਾਈ ਨਹੀਂ ਹੋਈ। ਅਦਾਲਤ ਵੱਲੋਂ ਜ਼ਮਾਨਤੀ ਮੁਚਲਕੇ ਭਰਨ ਲਈ ਕਿਹਾ ਗਿਆ ਹੈ। ਅਸੀਂ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜੋ ਭਲਕੇ ਜਾਂ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਸਵਾਲ: ਉਨ੍ਹਾਂ ਦੀ ਰਿਹਾਈ ਕਦੋਂ ਹੋਣ ਦੀ ਉਮੀਦ ਹੈ?
ਜਵਾਬ: ਜ਼ਮਾਨਤੀ ਮੁਚਲਕੇ ਭਰਨ ਅਤੇ ਰਿਹਾਈ ਨਾਲ ਸਬੰਧਤ ਸਾਰੀ ਲੋੜੀਂਦੀ ਕਾਗ਼ਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਮੀਦ ਹੈ ਕਿ ਉਹ ਅਗਲੇ ਹਫ਼ਤੇ ਜੇਲ੍ਹ ਵਿੱਚੋਂ ਰਿਹਾਅ ਹੋ ਜਾਣਗੇ।
ਸਵਾਲ: ਕੀ ਉਹ ਹੁਣ ਬਰਤਾਨੀਆ ਵਾਪਸ ਜਾ ਸਕਣਗੇ?
ਜਵਾਬ: ਨਹੀਂ, ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਉਹ ਬਰਤਾਨੀਆ ਨਹੀਂ ਜਾ ਸਕਣਗੇ। ਜ਼ਮਾਨਤ ’ਤੇ ਰਿਹਾਅ ਹੋਣ ਵਾਲੇ ਵਿਅਕਤੀ ਨੂੰ ਅਦਾਲਤ ਵੱਲੋਂ ਲਾਈਆਂ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ। ਉਹ ਅਦਾਲਤੀ ਮਨਜ਼ੂਰੀ ਤੋਂ ਬਿਨਾਂ ਦੇਸ਼ ਨਹੀਂ ਛੱਡ ਸਕਦਾ। ਇਸ ਲਈ ਜਗਤਾਰ ਸਿੰਘ ਜੌਹਲ ਫ਼ਿਲਹਾਲ ਭਾਰਤ ਵਿੱਚ ਹੀ ਰਹਿਣਗੇ।
ਸਵਾਲ: ਉਨ੍ਹਾਂ ਵਿਰੁੱਧ ਦਰਜ ਮਾਮਲਿਆਂ ਦੀ ਮੌਜੂਦਾ ਸਥਿਤੀ ਕੀ ਹੈ?
ਜਵਾਬ: ਜਗਤਾਰ ਸਿੰਘ ਜੌਹਲ ਵਿਰੁੱਧ ਸ਼ੁਰੂਆਤ ਵਿੱਚ ਕੁੱਲ 11 ਮਾਮਲੇ ਦਰਜ ਕੀਤੇ ਗਏ ਸਨ। ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ਇੱਕ ਮਾਮਲੇ ਵਿੱਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ, ਜਦਕਿ ਦੋ ਹੋਰ ਮਾਮਲਿਆਂ ਵਿੱਚ ਅਦਾਲਤਾਂ ਵੱਲੋਂ ਉਨ੍ਹਾਂ ਨੂੰ ਦੋਸ਼-ਮੁਕਤ ਕਰ ਦਿੱਤਾ ਗਿਆ। ਬਾਕੀ ਅੱਠ ਮਾਮਲਿਆਂ—ਜਿਨ੍ਹਾਂ ਵਿੱਚ ਹੁਣ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ—ਦੀ ਸੁਣਵਾਈ ਦਿੱਲੀ ਦੀ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਵਿੱਚ ਚੱਲ ਰਹੀ ਹੈ।
ਸਵਾਲ: ਕੀ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਜਾਰੀ ਰਹੇਗੀ?
ਜਵਾਬ: ਹਾਂ, ਇਨ੍ਹਾਂ ਮਾਮਲਿਆਂ ਦੀ ਸੁਣਵਾਈ ਦਿੱਲੀ ਦੀ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਵਿੱਚ ਜਾਰੀ ਰਹੇਗੀ।