ਚੰਡੀਗੜ੍ਹ – ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੀ ਦਵਾਈਆਂ ਦੀ ਦੁਕਾਨ ਢਾਹੇ ਜਾਣ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਨੇ 1000 ਤੋਂ 1200 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਐੱਫਆਈਆਰ 15 ਅਕਤੂਬਰ ਨੂੰ ਰਾਤ ਕਰੀਬ 10 ਵਜੇ ਦਰਜ ਕੀਤੀ ਗਈ ਸੀ।
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਝੋਟਾ ਕਤਲ ਮਾਮਲੇ ਦੀ ਮੌਜੂਦਾ ਸਥਿਤੀ ਬਾਰੇ ਪੁਲਿਸ ਤੋਂ ਜਾਣਕਾਰੀ ਮੰਗੀ ਗਈ ਹੈ।
ਪੁਲਿਸ ਵੱਲੋਂ ਦਰਜ ਐੱਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕੁਝ ਲੋਕਾਂ ਨੇ ਰਾਹ ਜਾਂਦੀ ਜੇਸੀਬੀ ਨੂੰ ਰੋਕ ਕੇ ਉਸ ਰਾਹੀਂ ਦਵਾਈਆਂ ਦੀ ਦੁਕਾਨ ਢਾਹ ਦਿੱਤੀ। ਹਾਲਾਂਕਿ ਇਸ ਮਾਮਲੇ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 14 ਅਕਤੂਬਰ ਨੂੰ ਮਾਨਸਾ ਪੁਲਿਸ ਵੱਲੋਂ ਖ਼ੁਦ ਇਸ ਦੁਕਾਨ ਨੂੰ ਢਾਹਿਆ ਗਿਆ ਸੀ।