ਬਠਿੰਡਾ: ਮਾਨਸਾ ਨੇੜੇ ਭੰਮੇ ਕਲਾਂ ਚ ਇੱਕ ਨੌਜਵਾਨ ਦੀ ਚਿੱਟਾ ਨਸ਼ੇ ਨਾਲ ਮੌਤ ਹੋਣ ਤੋਂ ਬਾਅਦ ਪੰਚ ਪ੍ਰਧਾਨੀ ਜਥੇ ਦੇ ਆਗੂਆਂ ਭਾਈ ਨਰਾਇਣ ਸਿੰਘ ਚੌੜਾ, ਭਾਈ ਸਤਨਾਮ ਸਿੰਘ ਖੰਡਾ ਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਦਿੱਤੇ ਹੁਕਮਾਂ ‘ਤੇ ਬਹੁਤ ਜਿਆਦਾ ਤਸੱਦਦ ਕਰਦਿਆਂ ਜਬਰੀ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਅਤੇ ਸੰਘਰਸ਼ਕਾਰੀ ਤੇ ਇਰਾਦਾ ਕਤਲ ਕੇਸ ਦੇ ਝੂਠੇ ਮੁਕਦਮੇ ਪਾ ਕੇ ਉਹਨਾਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਹੈ। ਭਗਵੰਤ ਮਾਨ ਨੂੰ ਇਸ ਹਕੂਮਤੀ ਜ਼ਬਰ ਲਈ ਪਿਛਲੀਆਂ ਸਰਕਾਰਾਂ ਦਾ ਹਸ਼ਰ ਯਾਦ ਰੱਖਣਾ ਚਾਹੀਦਾ ਹੈ।

ਪੰਚ ਪ੍ਰਧਾਨੀ ਦੇ ਆਗੂ ਭਾਈ ਦਲਜੀਤ ਸਿੰਘ ਖਾਲਸਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਝੱਜੀਆਂ ਭਾਈ ਲਾਲ ਸਿੰਘ ਅਤੇ ਭਾਈ ਅਮਰੀਕ ਸਿੰਘ ਈਸ਼ੜੂ ਨੇ ਕਿਹਾ ਕਿ ਭਗਵੰਤ ਮਾਨ ਹਕੂਮਤ ਦੇ ਜਬਰ ਨੇ ਉਹਨਾਂ ਵਲੋਂ ਸਿਰਜੇ ਗਏ ਝੂਠੇ ਬਿਰਤਾਂਤ ਯੁੱਧ ਨਸ਼ਿਆ ਵਿਰੁੱਧ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਇਸ ਤੋਂ ਪਹਿਲਾਂ ਨਸ਼ਾ ਮਾਫੀਆ ਵੱਲੋਂ ਨਸ਼ੇ ਵਿਰੁੱਧ ਜੂਝਣ ਵਾਲੇ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟੇ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੀਆਂ ਮੰਗਾਂ ਬਾਰੇ ਇਹ ਸਰਕਾਰ ਟਸ ਤੋਂ ਮਸ ਨਹੀਂ ਹੋਈ।

ਉਹਨਾਂ ਕਿਹਾ ਕਿ ਭਾਈ ਝੋਟੇ ਦੀ ਸ਼ਹੀਦੀ ਤੋਂ ਬਾਅਦ ਇਸ ਹਕੂਮਤ ਵਿਰੁੱਧ ਪੰਜਾਬ ਵਾਸੀਆਂ ਦੇ ਵਿੱਚ ਇਹਨਾਂ ਰੋਹ ਪਣਪ ਪਿਆ ਹੈ ਕਿ ਇਹਨਾਂ ਦੇ ਨੁਮਾਇੰਦੇ ਨਾ ਕੇਵਲ ਬਾਹਰ ਨਿਕਲਣ ਤੋਂ ਡਰ ਰਹੇ ਨੇ ਸਗੋਂ ਲੋਕਾਂ ਨੇ ਆਪ ਮੁਹਾਰੇ ਉਹਨਾਂ ਦੇ ਪੋਸਟਰ ਤੇ ਹੋਰ ਸਮਗਰੀ ਨੂੰ ਵੀ ਪਾੜ ਸੁੱਟਿਆ ਹੈ ਜਿਸ ਤੋਂ ਭਗਵੰਤ ਮਾਨ ਨੂੰ ਕੰਧ ‘ਤੇ ਲਿਖਿਆ ਸਾਫ ਪੜ ਲੈਣਾ ਚਾਹੀਦਾ ਹੈ ਕਿ ਲੋਕ ਕਿਸੇ ਵੀ ਹਕੂਮਤੀ ਜਬਰ ਤੋਂ ਡਰਦਿਆਂ ਘਰਾਂ ਵਿੱਚ ਜਾਂ ਹੋਰ ਥਾਵਾਂ ਤੇ ਲੁੱਕ ਕੇ ਨਹੀਂ ਬੈਠਣਗੇ ਉਹਨਾਂ ਪੰਜਾਬ ਵਾਸੀਆਂ ਨੂੰ ਮਾਨਸਾ ਮੋਰਚੇ ਚ ਵੱਧ ਤੋਂ ਵੱਧ ਲਾਮਬੰਦੀ ਹੋ ਕੇ ਪਹੁੰਚਣ ਤੇ ਸਹਿਯੋਗ ਦੇਣ ਦਾ ਦੀ ਬੇਨਤੀ ਵੀ ਕੀਤੀ।