ਚੰਡੀਗੜ੍ਹ – ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਸੌ ਸਾਲਾ ਬਰਸੀ ਨੂੰ ਸਮਰਪਿਤ ਸੰਤ ਜੀ ਦੇ ਜੀਵਨ ਅਤੇ ਪੰਥਕ ਯੋਗਦਾਨ ਬਾਰੇ ਇੱਕ ਦਿਨਾਂ ਸੈਮੀਨਾਰ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਵਲੋਂ ਅੱਜ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਸੰਤ ਅਤਰ ਸਿੰਘ ਦੇ ਜੀਵਨ ਬਾਰੇ, ਉਨ੍ਹਾਂ ਵਲੋਂ ਸਿੱਖਾਂ ਦੀਆਂ ਅਗਲੀਆਂ ਪੀੜ੍ਹੀਆਂ ਲਈ ਧਾਰਮਿਕ ਵਿਦਿਆ ਅਤੇ ਦੁਨਿਆਵੀ ਵਿਦਿਆ ਦੇ ਪਸਾਰ ਲਈ ਕੀਤੇ ਉਦਮਾਂ ਬਾਰੇ ਅਤੇ ਸਿੱਖ ਧਰਮ ਦੇ ਫੈਲਾਓ ਲਈ ਕੀਤੇ ਸੇਵਾ ਦੇ ਕਾਰਜਾਂ ਬਾਰੇ ਦੂਰੋਂ ਨੇੜਿਓਂ ਪਹੁੰਚੇ ਬੁਲਾਰਿਆਂ ਵਲੋਂ ਵਿਚਾਰ ਚਰਚਾ ਕੀਤੀ ਗਈ।

ਇਸ ਸਮਾਗਮ ਵਿਚ ਡਾ. ਦਰਸ਼ਨ ਸਿੰਘ (ਸਾਬਕਾ ਮੁਖੀ, ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ), ਪ੍ਰੋ (ਡਾ.) ਸਰਬਜਿੰਦਰ ਸਿੰਘ (ਉਪ ਕੁਲਪਤੀ ਸੰਨੀ ਓਬਰਾਏ ਵਿਵੇਕ ਸਦਨ), ਡਾ. ਦਲਜੀਤ ਸਿੰਘ (ਕੈਲਗਰੀ, ਕਨੇਡਾ) ਅਤੇ ਪ੍ਰੋ. ਅਮਰ ਸਿੰਘ (ਡਾਇਰੈਕਟਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਸਾਹਿਬ) ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।
ਇਸ ਸੈਮੀਨਾਰ ਵਿਚ ਸਿੱਖ ਜਥਾ ਮਾਲਵਾ ਵਲੋਂ ਵੀ ਸ਼ਿਰਕਤ ਕੀਤੀ ਗਈ ਅਤੇ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਵਲੋਂ ਜੋੜ ਮੇਲੇ ਦੇ ਸੁਧਾਰਾਂ ਅਤੇ ਇਸ ਦਸਤਾਵੇਜ਼ ਦੀ ਅਹਿਮੀਅਤ ਬਾਰੇ ਦੱਸਿਆ ਗਿਆ।
ਉਪਰੰਤ ਸਾਰੀਆਂ ਅਹਿਮ ਸਖਸ਼ੀਅਤਾਂ ਵੱਲੋਂ ਮਸਤੂਆਣਾ ਸਾਹਿਬ ਦੇ ਜੋੜ ਮੇਲ ਦੇ ਸੁਧਾਰਾਂ ਬਾਰੇ ਲਿਖਤੀ ਦਸਤਾਵੇਜ ‘ਤੱਥ ਅਤੇ ਭਵਿੱਖ’ ਜਾਰੀ ਕੀਤਾ ਗਿਆ। ਉੱਘੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਵਲੋਂ ਮੰਚ ਸੰਚਾਲਨ ਕਰਦਿਆਂ ਅਹਿਮ ਨੁਕਤਿਆਂ ਦੀ ਸਾਂਝ ਪਾਈ। ਅਖੀਰ ਵਿਚ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਵੱਲੋਂ ਆਏ ਵਿਦਵਾਨਾਂ, ਸੰਗਤ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ।