ਚੰਡੀਗੜ੍ਹ: ਅੱਜ ਦੀਆਂ ਅਹਿਮ ਖਬਰਾਂ ਦੇ ਚੋਣਵੇਂ ਨੁਕਤਿਆਂ ਉੱਤੇ ਆਧਾਰਤ ਖਬਰ ਸਾਰ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਪੇਸ਼ ਕਰ ਰਹੇ ਹਾਂ:-
ਖਬਰਾਂ ਦੇਸ ਪੰਜਾਬ ਦੀਆਂ:
• ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਅਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਦੇਣ ਦਾ ਸਿਲਸਿਲਾ ਜਾਰੀ
• ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਰੰਧਾਵਾ ਖਿਲਾਫ ਪੱਤਰ ਦੇ ਕੇ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ
• ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਵਿਰੁੱਧ ਸ਼੍ਰੋ.ਗੁ.ਪ੍ਰ.ਕ. ਵੱਲੋਂ ਅਦਾਲਤ ਵਿੱਚ ਜਾਣ ਨੂੰ ਸ਼੍ਰੋ.ਅ.ਦ.(ਬਾਦਲ) ਦੀ ਦੋਗਲੀ ਨੀਤੀ ਕਰਾਰ ਦਿੱਤਾ
• ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇ ਸ਼੍ਰੋ.ਅ.ਦ. (ਬਾਦਲ) ਸੱਚਮੁੱਚ ਹੀ ਭਾਈ ਰਾਜੋਆਣਾ ਦੀ ਸਜ਼ਾ ਰੱਦ ਕਰਵਾਉਣੀ ਚਾਹੁੰਦਾ ਹੈ ਤਾਂ ਉਨ੍ਹਾ ਨੂੰ ਅਦਾਲਤਾਂ ਦੀ ਬਜਾਏ ਸਰਕਾਰ ਵਿਚਲੇ ਆਪਣੇ ਭਾਈਵਾਲਾਂ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਕੋਲ ਜਾਣਾ ਚਾਹੀਦਾ ਹੈ
• ਦਮਦਮੀ ਟਕਸਾਲ (ਮਹਿਤਾ) ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੀ.ਆਰ.ਪੀ.ਐੱਫ. ਵੱਲੋਂ ਸਿੱਖ ਕੈਦੀਆਂ ਦੀ ਤਲਾਸ਼ੀ ਦੌਰਾਨ ਕੇਸਾਂ ਅਤੇ ਦਸਤਾਰਾਂ ਦੀ ਬੇਅਬਦੀ ਨੂੰ ਰੋਕਿਆ ਜਾਵੇ
• ਪ੍ਰੋਫੈਸਰ ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸਿੱਖ ਕੈਦੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ
• ਕਿਹਾ ਕਿ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਇਸ ਨਾਲ ਸਿੱਖ ਕੈਦੀਆਂ ਵਿੱਚ ਰੋਸ ਦੀਆਂ ਸੰਭਾਵਨਾਵਾਂ ਹੋਰ ਵਧਣਗੀਆਂ
ਖਬਰਾਂ ਭਾਰਤੀ ਉਪ-ਮਹਾਂਦੀਪ ਦੀਆਂ:
• ਭਾਰਤੀ ਫੌਜ ਦੇ 28ਵੇੰ ਮੁਖੀ ਵਜੋਂ ਅਹੁਦਾ ਸੰਭਾਲਦਿਆਂ ਹੀ ਜਨਰਲ ਮਨੋਜ ਮੁਕੰਦ ਨਰਵਾਣੇ ਨੇ ਪਾਕਿਸਤਾਨੀ ਵਿਰੋਧੀ ਬਿਆਨ ਦਾਗਿਆ
• ਭਾਰਤੀ ਫੌਜ ਮੁਖੀ ਨੇ ਦੋਸ਼ ਲਾਇਆਲ ਕਿ ਪਾਕਿਸਤਾਨ ਨੇ ਸਾਡੇ ਖਿਲਾਫ “ਪ੍ਰੌਕਸੀ ਵਾਰ” ਕਰਨ ਦੇ ਤਰੀਕੇ ਦੇ ਰੂਪ ਵਿੱਚ ”ਦਹਿਸ਼ਤਗਰਦੀ ਨੂੰ ਰਾਜਨੀਤੀ ਦੇ ਸਾਧਨ” ਵਜੋਂ ਵਰਤਿਆ ਹੈ
• ਤਾਮਿਲ ਲੇਖਕ ਅਤੇ ਕਾਂਗਰਸੀ ਨੇਤਾ ਨੇਲੱਈ ਕੰਨਨ ਨੇ ਕਿਹਾ ਕਿ ਘੱਟ ਗਿਣਤੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਕਤਲ ਕਰ ਦੇਣਾ ਚਾਹੀਦਾ ਹੈ
• ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਹੋਈ ਇੱਕ ਇਕੱਤਰਤਾ ਦੌਰਾਨ ਕੰਨਨ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਕੋਈ ਇਨ੍ਹਾਂ ਦੋਵਾਂ ਨੂੰ ਜਰੂਰ ਖਤਮ ਕਰ ਦੇਵੇਗਾ
• ਇਸ ਬਿਆਨ ਤੋਂ ਭੜਕ ਕੇ ਭਾਜਪਾ ਨੇ ਤਿਰੁਨੇਲਵੇਲੀ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ
• ਮਹਾਰਾਸ਼ਟਰ ਦੇ ਰਿਸ਼ਵਤ ਵਿਰੋਧੀ ਦਸਤੇ (ਐਂਟੀ ਕੁਰੱਪਸ਼ਨ ਬਿਊਰੋ) ਨੇ 70 ਹਜਾਰ ਕਰੋੜ ਰੁਪਏ ਦੇ ਵਿਦਰਭ ਸਿੰਚਾਈ ਘੋਟਾਲੇ ਵਿੱਚ ਐਨ.ਸੀ.ਪੀ. ਆਗੂ ਅਜੀਤ ਪੁਆਰ ਨੂੰ “ਕਲੀਨ ਚਿੱਟ” ਦਿੱਤੀ
• ਬਿਊਰੋ ਨੇ ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਵਿੱਚ ਦਿੱਤੇ ਹਲਫਨਾਮੇ ਵਿੱਚ ਕਿਹਾ ਕਿ ਇਸ ਘੁਟਾਲੇ ਵਿੱਚ ਅਜੀਤ ਪੁਆਰ ਦੀ ਸ਼ਮੂਲੀਅਤ ਸਾਬਤ ਨਹੀਂ ਹੋਈ
• ਦਿਲਚਸਪ ਗੱਲ ਹੈ ਕਿ ਇਹ ਹਲਫਨਾਮਾ 27 ਨਵੰਬਰ ਨੂੰ ਦਿੱਤਾ ਗਿਆ ਸੀ ਅਤੇ ਉਸ ਦੇ ਇੱਕ ਦਿਨ ਬਾਅਦ ਹੀ ਸ਼ਿਵਸੈਨਾ ਐਨ.ਸੀ.ਪੀ. ਅਤੇ ਕਾਂਗਰਸ ਦੀ ਗੱਠਜੋੜ ਸਰਕਾਰ ਨੇ ਸਹੁੰ ਚੁੱਕੀ ਸੀ
• ਬਿਹਾਰ ਵਿਧਾਨ ਸਭਾ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਭਾਜਪਾ ਅਤੇ ਜਨਤਾ ਦਲ (ਯੂ.) ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਬਿਆਨਬਾਜੀ ਕਾਰਨ ਵਿਵਾਦ ਪੈਦਾ ਹੋਇਆ ਹੈ
• ਜਨਤਾ ਦਲ (ਯੂ.) ਦੇ ਉੱਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸਭ ਤੋਂ ਵੱਡੇ ਦਲ ਦੀ ਭੂਮਿਕਾ ਵਿੱਚ ਆਵੇ ਇਹ ਜਨਤਾ ਨੇ ਤੈਅ ਕੀਤਾ ਹੈ ਨਾ ਕੇ ਕਿਸੇ ਦੂਸਰੀ ਪਾਰਟੀ ਦੇ ਨੇਤਾ ਨੇ
• ਪ੍ਰਸ਼ਾਂਤ ਕਿਸ਼ੋਰ ਨੇ ਕਿਹਾ 2015 ਵਿੱਚ ਹਾਰਨ ਦੇ ਬਾਵਜੂਦ ਵੀ ਉੱਪ ਮੁੱਖ ਮੰਤਰੀ ਬਣੇ ਸੁਸ਼ੀਲ ਮੋਦੀ ਸਾਨੂੰ ਰਾਜਨੀਤਕ ਮਰਿਆਦਾ ਅਤੇ ਵਿਚਾਰਧਾਰਾ ਉੱਤੇ ਵਿਖਿਆਨ ਦੇ ਰਹੇ ਹਨ
ਕੌਮਾਂਤਰੀ ਖਬਰਾਂ:
• ਬੰਗਲਾਦੇਸ਼ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਭਾਰਤੀ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਮੋਬਾਈਲ ਨੈੱਟਵਰਕ ਬੰਦ ਕਰ ਦਿੱਤਾ
• ਖਬਰਾਂ ਮੁਤਾਬਿਕ ਬੰਗਲਾਦੇਸ਼ ਦੇ ਇਸ ਕਦਮ ਨਾਲ ਇਸ ਖੇਤਰ ਦੇ ਲੱਗਭੱਗ ਇੱਕ ਕਰੋੜ ਲੋਕ ਪ੍ਰਭਾਵਿਤ ਹੋਣਗੇ
• ਖਬਰਖਾਨੇ ਮੁਤਾਬਿਕ ਇਹ ਫੈਸਲਾ ਭਾਰਤ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਣ ਤੋਂ ਬਾਅਦ ਪੈਦਾ ਹੋਣ ਵਾਲੀਆਂ ਮੁਸ਼ਕਿਲਾਂ ਨੂੰ ਰੋਕਣ ਦੇ ਕਾਰਨ ਲਿਆ ਗਿਆ ਹੈ
• ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਰਾਕ ਵਿੱਚ ਅਮਰੀਕੀ ਰਾਜਦੂਤ ਘਰ ਤੇ ਹੋਏ ਹਮਲੇ ਪਿੱਛੇ ਈਰਾਨ ਦਾ ਹੱਥ ਹੈ
• ਟਰੰਪ ਨੇ ਕਿਹਾ ਕਿ ਮੈਂ ਇਰਾਨ ਨੂੰ ਚਿਤਾਵਨੀ ਦਿੰਦਾ ਹਾਂ ਕਿ ਉਹ ਸੁਧਰ ਜਾਵੇ ਨਹੀਂ ਤਾਂ ਉਸ ਨਾਲ ਬਹੁਤ ਬੁਰਾ ਹੋਵੇਗਾ
• ਜਿਕਰਯੋਗ ਹੈ ਕਿ ਐਤਵਾਰ ਨੂੰ ਅਮਰੀਕਾ ਨੇ ਪੂਰਬੀ ਸੀਰੀਆ ਅਤੇ ਪੱਛਮੀ ਇਰਾਕ ਵਿੱਚ ਸਥਿਤ ਈਰਾਨੀ ਸਮਰਥਕ ਕਤਾਇਬ ਹਿਜ਼ਬੁੱਲਾਹ ਦਲ ਦੇ ਟਿਕਾਣਿਆਂ ਤੇ ਹਵਾਈ ਹਮਲੇ ਕੀਤੇ ਸਨ ਅਤੇ ਇਨ੍ਹਾਂ ਹਮਲਿਆਂ ਦਾ ਵਿਰੋਧ ਕਰਦਿਆਂ ਵਿਖਾਵਾਕਾਰੀਆਂ ਨੇ ਬਗਦਾਦ ਵਿੱਚ ਸਥਿਤ ਅਮਰੀਕੀ ਰਾਜਦੂਤ ਘਰ ਤੇ ਹਮਲਾ ਕਰਕੇ ਉਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ