ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 26 ਜਨਵਰੀ 1986 ਨੂੰ ਹੋਏ ਇਤਿਹਾਸਕ ‘ਸਰਬੱਤ ਖ਼ਾਲਸਾ’ ਦੀ ਅੱਜ 40ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। “ਇਹ ਸਰਬੱਤ ਖ਼ਾਲਸਾ ਸਿੱਖ ਇਤਿਹਾਸ ਦਾ ਇੱਕ ਅਹਿਮ ਪੜਾਅ ਸੀ, ਜਿਸ ਨੇ ਖ਼ਾਲਸਾਈ ਰਵਾਇਤਾਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ।ਇਸ ਮੌਕੇ ‘ਸਿੱਖ ਸਿਆਸਤ ਨਿਊਜ਼’ ਵੱਲੋਂ ਉਸ ਸਮੇਂ ਪਾਸ ਕੀਤੇ ਗਏ ਅਹਿਮ ਗੁਰਮਤੇ (ਮਤਿਆਂ) ਦਾ ਦਸਤਾਵੇਜ਼ ਸਾਂਝਾ ਕੀਤਾ ਜਾ ਰਿਹਾ ਹੈ ਤਾਂ ਜੋ ਮੌਜੂਦਾ ਪੀੜ੍ਹੀ ਇਸ ਤੋਂ ਜਾਣੂ ਹੋ ਸਕੇ।
ਜੂਨ 1984 ਦੇ ਘੱਲੂਘਾਰੇ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ, ਖਾਲਸਾ ਪੰਥ ਇੱਕ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਉਸ ਸਮੇਂ ਦੀ ਸਿਆਸੀ ਸਿੱਖ ਲੀਡਰਸ਼ਿਪ ਖ਼ਾਲਸਾਈ ਰਵਾਇਤਾਂ ਅਨੁਸਾਰ ਸੰਗਤ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰ ਰਹੀ ਸੀ। ਅਜਿਹੇ ਹਾਲਾਤ ਵਿੱਚ, ਦਮਦਮੀ ਟਕਸਾਲ ਵੱਲੋਂ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਬੱਤ ਖ਼ਾਲਸਾ ਸੱਦਿਆ ਗਿਆ ਸੀ।

ਇਸ ਇਕੱਠ ਦੌਰਾਨ ਪਾਸ ਕੀਤੇ ਗਏ ਗੁਰਮਤਿਆਂ ਨੇ ਸਿੱਖ ਸੰਘਰਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ।
- ਸਾਂਝੀ ਅਗਵਾਈ: ਸਰਬੱਤ ਖਾਲਸਾ 1986 ਨੇ ਖਾਲਸਾ ਪੰਥ ਵਿੱਚ ‘ਸਾਂਝੀ ਅਗਵਾਈ’ ਅਤੇ ‘ਸਾਂਝੇ ਫੈਸਲੇ’ ਲੈਣ ਦੀ ਪ੍ਰਣਾਲੀ ਨੂੰ ਮੁੜ ਸੁਰਜੀਤ ਕੀਤਾ ਗਿਆ।
- ਪੰਥਕ ਕਮੇਟੀ : ਸੰਘਰਸ਼ ਦੀ ਅਗਵਾਈ ਲਈ 5 ਜੀਆਂ ਦੀ ਪੰਥਕ ਕਮੇਟੀ ਬਣਾਈ ਗਈ।
- ਅਕਾਲ ਤਖ਼ਤ ਦਾ ਪ੍ਰਬੰਧ: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ-ਸੰਭਾਲ ਅਤੇ ਪ੍ਰਬੰਧ ਲਈ 25 ਜੀਆਂ ਦਾ ਜਥਾ/ਕਮੇਟੀ ਗਠਿਤ ਕਰਨ ਦਾ ਫੈਸਲਾ ਲਿਆ ਗਿਆ।
ਇਥੇ ਇਹ ਗੱਲ ਸਪਸ਼ਟ ਕਰ ਦੇਈਏ ਕਿ ਭਾਵੇਂ ‘ਖ਼ਾਲਿਸਤਾਨ ਦਾ ਰਸਮੀ ਐਲਾਨ’ 29 ਅਪ੍ਰੈਲ 1986 ਨੂੰ ਹੋਇਆ ਸੀ, ਪਰ 26 ਜਨਵਰੀ ਦੇ ਗੁਰਮਤੇ ਵਿੱਚ ‘ਖ਼ਾਲਿਸਤਾਨ’ ਸ਼ਬਦ ਦਾ ਜ਼ਿਕਰ ਆਇਆ ਸੀ। ਮਤੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਵਰਗੇ ਸਿੰਘ ਸ਼ਹਾਦਤ ਪ੍ਰਾਪਤ ਕਰਦੇ ਹਨ, ਤਾਂ ਉਹ ‘ਖ਼ਾਲਿਸਤਾਨ ਦੇ ਸ਼ਹੀਦ’ ਕਹਿਲਾਉਣਗੇ।
ਸਿੱਖ ਸਿਆਸਤ ਵੱਲੋਂ ਜਾਰੀ ਇਹ ਦਸਤਾਵੇਜ਼ ਭਾਈ ਨਰਾਇਣ ਸਿੰਘ ਚੌੜਾ ਅਤੇ ਪੱਤਰਕਾਰ ਕਰਮਜੀਤ ਸਿੰਘ ਦੁਆਰਾ ਸੰਪਾਦਿਤ ਕਿਤਾਬ ‘ਪੰਥਕ ਦਸਤਾਵੇਜ਼’ (ਪੰਨਾ 159-166) ਵਿੱਚੋਂ ਲਿਆ ਗਿਆ ਹੈ।
⊕ 26 ਜਨਵਰੀ 1986 ਦਾ ਸਰਬੱਤ ਖਾਲਸਾ: ਗੁਰਮਤੇ ਦੀ ਕਾਪੀ ਹਾਹਿਲ ਕਰੋ