ਉਨਟਾਰੀਓ , ਕੈਨੇਡਾ (5 ਮਾਰਚ, 2015): ਉਨਟਾਰੀਓ ਦੇ ਸਮੂਹ ਗੁਰਦੁਆਰਾ ਸਾਹਿਬ ਅਤੇ ਪੰਥਕ ਧਿਰਾਂ ਵਲੋਂ ਭਾਰਤ ਸਰਕਾਰ ਵਲੋਂ ਗੈਰ ਕਾਨੂੰਨੀ ਢੰਗ ਨਾਲ ਬੰਦੀ ਬਣਾਏ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਨੂੰ ਹੋਰ ਹੁਲਾਰਾ ਦੇਣ ਲਈ “ਵੰਗਾਰ” ਰੈਲੀ ਇਸ ਸ਼ਨਿਚਰਵਾਰ ਨੂੰ ਡਿਕਸੀ ਗੁਰਦੁਆਰੇ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਹ ਰੈਲੀ ਸ਼ਾਮ ਨੂੰ 6 ਵਜ੍ਹੇ ਤੋਂ 8 ਵਜ੍ਹੇ ਤੱਕ ਹੋਵੇਗੀ। ਇਸ ਰੈਲੀ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਦੇ ਪ੍ਰੀਵਾਰ ਵਲੋਂ ਬਕਾਇਦਾ ਨੁਮਾਇੰਦਗੀ ਕਰਨ ਲਈ ਬੀਬੀ ਦਵਿੰਦਰ ਕੌਰ ਆ ਰਹੇ ਹਨ, ਜੋ ਖਾਲਸਾ ਜੀ ਦੀ ਵੱਡੀ ਸਪੁੱਤਰੀ ਹੈ। ਬੀਬੀ ਦਵਿੰਦਰ ਕੌਰ ਕੁੱਝ ਦਿਨ ਪਹਿਲਾਂ ਹੀ ਲੁਧਿਆਣੇ ਤੋਂ ਬਾਪੂ ਸੂਰਤ ਸਿੰਘ ਖਾਲਸਾ ਕੋਲੋਂ ਵਾਪਿਸ ਅਮਰੀਕਾ ਪਰਤੇ ਹਨ।
ਭਾਰਤ ਸਰਕਾਰ ਵਲੋਂ ਰਾਜਨੀਤਕ ਵਿਰੋਧੀਆਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਨਾਲ ਅਪਰਾਧੀਆਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ, ਜੋ ਸ਼ਰੇਆਮ ਧੱਕਾ ਅਤੇ ਲੋਕਾਂ ਦੇ ਹੱਕਾਂ ਨਾਲ ਖਿਲਵਾੜ ਹੈ।
ਭਾਰਤ ਸਰਕਾਰ ਦੇ ਇਸ ਤਾਨਾਸ਼ਾਹੀ ਵਤੀਰੇ ਨੂੰ ਲੋਕਾਂ ਸਾਹਮਣੇ ਪੇਸ਼ ਕਰਦਿਆਂ ਅੰਤਰਰਾਸ਼ਟਰੀ ਪੱਧਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਉਨ੍ਹਾਂ ਸਭ ਕੈਦੀਆਂ ਨੂੰ, ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਤੁਰੰਤ ਰਿਹਾਅ ਕਰੇ ਅਤੇ ਇਨ੍ਹਾਂ ਨੂੰ ਜਰਾਇਮ ਪੇਸ਼ਾ ਸਮਝਣ ਦੀ ਬਜਾਏ ਇਨ੍ਹਾਂ ਨੂੰ ਰਾਜਸੀ ਕੈਦੀ ਸਮਝਿਆ ਜਾਵੇ।
ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕਾ ਅਤੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਇਹ ਰੈਲੀ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ 7 ਮਾਰਚ ਦਿਨ ਸ਼ਨਿਚਰਵਾਰ ਨੂੰ ਸ਼ਾਮ ਨੂੰ 6-8 ਵਜ੍ਹੇ ਤੱਕ ਹੋਵੇਗੀ।
ਉਨ੍ਹਾਂ ਸਮੁੱਚੇ ਭਾਂਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਰੈਲੀ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਵਲੋਂ “ਰਾਜਸੀ ਬੰਦੀਆਂ ਦੀ ਰਿਹਾਈ” ਲਈ ਸੰਘਰਸ਼ ਨੂੰ ਅੱਗੇ ਤੋਰਨ ਲਈ ਕੀਤੀ ਜਾ ਰਹੀ ਜੁਅਰਤ ਨੂੰ ਹੱਲਾ ਸ਼ੇਰੀ ਦੇਣ ਅਤੇ ਚੜਦੀ ਕਲਾ ਦੀ ਅਰਦਾਸ ਵਿੱਚ ਹੁੰਮ ਹੁੰਮਾਂ ਕੇ ਸ਼ਾਮਲ ਹੋਵੋ ਜੀ।