ਅੰਮ੍ਰਿਤਸਰ ਸਾਹਿਬ: 25 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਵਿੱਚ ਸ਼ਾਮਿਲ ਹੋਣ ਲਈ 925 ਸਿੱਖ ਸੰਗਤਾਂ ਦਾ ਜਥਾ ਸ਼ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਕੱਲ੍ਹ ਸ਼ਰੋਮਣੀ ਕਮੇਟੀ ਦਫਤਰ ਤੋਂ ਰਵਾਨਾ ਹੋਇਆ।ਇਸ ਜਥੇ ਨੂੰ ਮੁੱਖ ਸਕੱਤਰ ਹਰਚਰਨ ਸਿੰਘ, ਸਕੱਤਰ ਮਨਜੀਤ ਸਿੰਘ ਤੇ ਬਾਕੀ ਅਧਿਕਾਰੀਆਂ ਵੱਲੋਂ ਸਿਰਪਾਓ ਪਾ ਕੇ ਰਵਾਨਾ ਕੀਤਾ ਗਿਆ।

ਜਥਾ ਰਵਾਨਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ਦੇ ਕੁੱਲ ੯੭੫ ਯਾਤਰੂਆਂ ਦੀ ਸੂਚੀ ਕੇਂਦਰ ਅਤੇ ਪਾਕਿਸਤਾਨ ਸਫਾਰਤਖਾਨੇ ਨੂੰ ਵੀਜ਼ੇ ਜਾਰੀ ਕਰਨ ਲਈ ਭੇਜੀ ਗਈ ਸੀ ਜਿਸ ਵਿੱਚੋਂ ੫੧ ਯਾਤਰੂਆਂ ਦੇ ਨਾਮ ਕੇਂਦਰ ਸਰਕਾਰ ਅਤੇ ਪਾਕਿਸਤਾਨ ਸਫਾਰਤਖਾਨੇ ਵੱਲੋਂ ਬਿਨਾਂ ਕਾਰਨ ਦੱਸੇ ਕੱਟ ਦਿੱਤੇ ਗਏ ਹਨ।ਸ਼ਰਧਾਲੂਆਂ ਦੇ ਕੱਟੇ ਗਏ ਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਨਾਮ ਕੱਟਣ ਦੀ ਬਜਾਏ ਭਾਰਤ ਸਰਕਾਰ ਅਤੇ ਪਾਕਿਸਤਾਨ ਦੇ ਸਫਾਰਤਖਾਨੇ ਨੂੰ ਸਿਸਟਮ ਠੀਕ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਤੇ ਉਹਨਾਂ ਦਾ ਪ੍ਰਕਾਸ਼ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ‘ਚ ਹੋਣ ਕਰਕੇ ਸਿੱਖਾਂ ਦੀ ਭਾਵਨਾ ਸ੍ਰੀ ਨਨਕਾਣਾ ਸਾਹਿਬ ਨਾਲ ਜੁੜੀ ਹੋਈ ਹੈ ਤੇ ਜਦੋਂ ਕਿਸੇ ਯਾਤਰੂ ਦਾ ਨਾਮ ਬਿਨਾਂ ਵਜ੍ਹਾ ਕੱਟਿਆ ਜਾਂਦਾ ਹੈ ਤਾਂ ਉਸ ਦੇ ਮਨ ਨੂੰ ਭਾਰੀ ਠੇਸ ਪੁੱਜਦੀ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨਾਲ ਸਿੱਖਾਂ ਵੱਲੋਂ ਬਹੁਤ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਕਰਤਾਰਪੁਰ ਲਾਂਘੇ ਦੀ ਮੰਗ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ।