ਬਠਿੰਡਾ (7 ਜਨਵਰੀ , 2016); ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਤੰਬਾਕੂ, ਬੀੜੀ ਸਿਗਰਟ ਦੀ ਵਿੱਕਰੀ ‘ਤੇ ਕਾਨੂੰਨ ਸਖਤ ਕਰਨ ਕਰਨ ਤੋਂ ਬਾਅਦ ਪੰਜਾਬ ਦੀ ਪੰਥਕ ਅਖਵਾਉਦੀਂ ਸਰਕਾਰ ਨੇ ਪੰਜਾਬ ਵਿੱਚ ‘ਗੁਟਖਾ’, ‘ਪਾਨ ਮਸਾਲਾ’, ਖੁਸ਼ਬੂ ਵਾਲੀ ਚਿੰਗਮ ਤੰਬਾਕੂ, ਤੰਬਾਕੂ ਅਤੇ ਨਿਕੋਟੀਨ ਵਾਲੇ ਹੋਰ ਪਦਾਰਥਾਂ ਦੇ ਨਿਰਮਾਣ ‘ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ।
ਇਸਤੋਂ ਪਹਿਲਾਂ ਰਾਜ ਸਰਕਾਰ ਵੱਲੋਂ 1 ਜਨਵਰੀ, 2016 ਨੂੰ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ‘ਗੁਟਖਾ’, ‘ਪਾਨ ਮਸਾਲਾ’ ਪ੍ਰੋਸੈਸਡ/ਖ਼ੁਸ਼ਬੂ ਵਾਲੀ ਚਿੰਗਮ ਤੰਬਾਕੂ ਅਤੇ ਹੋਰ ਖਾਦ ਪਦਾਰਥ ਜਿਨ੍ਹਾਂ ਵਿੱਚ ਤੰਬਾਕੂ ਅਤੇ ਨਿਕੋਟੀਨ ਤੱਤ ਵਜੋਂ ਸ਼ਾਮਲ ਹੈ, ਦੀ ਪੂਰੇ ਸੂਬੇ ਵਿੱਚ ਰੋਕ ਲਗਾਈ ਗਈ ਹੈ।
ਪੰਜਾਬੀ ਅਖਬਾਰ ਅਜ਼ੀਤ ਵਿੱਚ ਛਪੀ ਖਬਰ ਅਨੁਸਾਰ ਉਕਤ ਨੋਟੀਫ਼ਿਕੇਸ਼ਨ ਦੇ ਨਾਲ ਹੀ, ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਿਹਤ ਵਿਭਾਗ ਨੂੰ ‘ਗੁਟਖਾ’, ‘ਪਾਨ ਮਸਾਲਾ’, ਪ੍ਰੋਸੈਸਡ/ਖ਼ੁਸ਼ਬੂ ਵਾਲੀ ਚਿੰਗਮ ਤੰਬਾਕੂ ਅਤੇ ਹੋਰ ਖਾਦ ਪਦਾਰਥ ਜਿਨ੍ਹਾਂ ਵਿੱਚ ਤੰਬਾਕੂ ਅਤੇ ਨਿਕੋਟੀਨ ਦੇ ਤੱਤ ਸ਼ਾਮਲ ਹਨ, ‘ਤੇ ਪੰਜਾਬ ਵਿੱਚ ਮੁਕੰਮਲ ਪਾਬੰਦੀ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਇਹਨਾਂ ਆਦੇਸ਼ਾਂ ਦੀ ਸਖ਼ਤੀ ਨਾਲ ਪਾਲਨਾ ਕਰਨ ਲਈ ਕਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹਨਾਂ ਆਦੇਸ਼ਾਂ ਨੂੰ ਲਾਗੂ ਕਰਨ ਵਿਚ ਅਧਿਕਾਰੀਆਂ/ਕਰਮਚਾਰੀਆਂ ਦੀ ਢਿੱਲ ਕਿਸੇ ਪੱਖੋਂ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।