ਚੰਡੀਗੜ੍ਹ (21 ਫ਼ਰਵਰੀ, 2016): ਪੰਜਾਬ ਵਿਧਾਨ ਸਭਾ 2017 ਦੀਆਂ ਆ ਰਹੀਆਂ ਚੋਣਾਂ ਲਈ ਪੰਜਾਬ ਦੀਆਂ ਮੁੱਖ ਰਾਜਸੀ ਪਾਰਟੀਆਂ ਵੱਲੋਂ ਵੱਖ-ਵੱਖ ਸਰਗਰਮੀਆਂ ਆਰੰਭੀਆਂ ਹੋਈਆਂ ਹਨ। ਜਿੱਥੇ ਪੰਜਾਬ ਦੀ ਸੱਤਾਧਰੀ ਪਾਰਟੀ ਬਾਦਲ ਦਲ ਸਰਕਾਰੀ ਤੰਤਰ ਦੇ ਸਹਾਰੇ ਲੋਕਾਂ ਤੱਕ ਪਹੁੰਚ ਕਰ ਰਿਹਾ ਹੈ, ਆਮ ਆਦਮੀ ਪਾਰਟੀ ਨੇ ਪਰਿਵਾਰ ਜੋੜੋ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਉੱਥੇ ਪੰਜਾਬ ਕਾਂਗਰਸ ਨੇ ਜਾਗੋ ਪੰਜਾਬ ਲਹਿਰ ਦੀ ਸ਼ੁਰੂਆਤ ਕਰ ਦਿੱਤੀ ਹੈ।

ਅੱਜ ਚੰਡੀਗੜ੍ਹ ਵਿਖੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਕਾਂਗਰਸੀ ਵਾਲੰਟੀਅਰਾਂ ਵੱਲੋਂ ‘ਜਾਗੋ ਪੰਜਾਬ ਲਹਿਰ’ ਦੀ ਸ਼ੁਰੂਆਤ ਕੀਤੀ ਗਈ ।ਇਸ ਲਹਿਰ ਤਹਿਤ ਕਾਂਗਰਸੀ ਵਾਲੰਟੀਅਰ ਸੂਬੇ ਵਿਚਲੀਆਂ ਨਸ਼ਿਆਂ, ਬੇਰੁਜ਼ਗਾਰੀ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਘਰ-ਘਰ ਜਾ ਕੇ ਲੋਕਾਂ ਦੀ ਰਾਏ ਲੈਣਗੇ, ਜਿਸ ਨੂੰ ਕਾਂਗਰਸ ਪ੍ਰਧਾਨ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਚੋਣ ਮਨੋਰਥ ਪੱਤਰ ਦਾ ਹਿੱਸਾ ਵੀ ਬਣਾਇਆ ਜਾਵੇਗਾ ।
ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਾਲੰਟੀਅਰਾਂ ਵੱਲੋਂ ਸੂਬੇ ਦੇ 117 ਹਲਕਿਆਂ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੇ ਹਲਕੇ ਦੀਆਂ ਸਮੱਸਿਆਵਾਂ ‘ਤੇ ਆਧਾਰਿਤ ਜੋ ਵੀ ਰਿਪੋਰਟ ਤਿਆਰ ਹੋਵੇਗੀ ਉਸ ਨੂੰ ਚੋਣ ਮਨੋਰਥ ਪੱਤਰ ‘ਚ ਸ਼ਾਮਲ ਕੀਤਾ ਜਾਵੇਗਾ ।
ਉਨ੍ਹਾਂ ਕਿਹਾ ਕਿ ਭਾਵੇਂ ਨਸ਼ਿਆਂ, ਬੇਰੁਜਗਾਰੀ, ਕਿਸਾਨੀ, ਵਪਾਰ ਦੇ ਮੰਦੇ ਹਾਲ ਦੀ ਸਮਸਿਆ ਪੂਰੇ ਪੰਜਾਬ ਦੀ ਹੈ ਪਰ ਇਸਦੇ ਇਲਾਵਾ ਹਰ ਹਲਕੇ ਅਤੇ ਇਲਾਕੇ ਦੀਆਂ ਆਪਣੀਆਂ ਬਹੁਤ ਸਾਰੀਆਂ ਸਮਸਿਆਵਾਂ ਹੋਣਗੀਆਂ ਜਿਨ੍ਹਾਂ ਨੂੰ ਜਾਗੋ ਪੰਜਾਬ ਲਹਿਰ ਰਾਹੀਂ ਸਾਹਮਣੇ ਲਿਆਂਦਾ ਜਾਵੇਗਾ ਤਾਂ ਜੋ ਚੋਣ ਮਨੋਰਥ ਪੱਤਰ ਵਿਚ ਉਨ੍ਹਾਂ ਸਮੱਸਿਆਵਾਂ ਦਾ ਧਿਆਨ ਰੱਖਿਆ ਜਾ ਸਕੇ ।