ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਰਹਿੰਦੇ 39 ਉਮੀਦਵਾਰਾਂ ਦਾ ਐਲਾਨ ਪਾਰਟੀ ਹਾਈਕਮਾਂਡ ਵੱਲੋਂ 10 ਜਨਵਰੀ ਨੂੰ ਕੀਤਾ ਜਾਵੇਗਾ ਜੋ ਪਹਿਲਾਂ 9 ਨੂੰ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕਿ 39 ਸੀਟਾਂ ਵਿੱਚੋਂ 18 ਸੀਟਾਂ ’ਤੇ ਉਮੀਦਵਾਰਾਂ ਦੇ ਨਾਂ ਤੈਅ ਹੋ ਚੁੱਕੇ ਹਨ, ਸਿਰਫ਼ 21 ਸੀਟਾਂ ’ਤੇ ਰੇੜਕਾ ਚੱਲ ਰਿਹਾ ਹੈ। ਇਸ ਨੂੰ ਛੇਤੀ ਸੁਲਝਾ ਲਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਦਿੱਲੀ ਜਾਣ ਤੋਂ ਪਹਿਲਾਂ ਜ਼ੀਕਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੇ ਮੋਢੇ ’ਤੇ ਸੱਟ ਲੱਗਣ ਕਾਰਨ ਟਿਕਟਾਂ ਦੀ ਵੰਡ ਵਿੱਚ ਦੇਰੀ ਹੋ ਗਈ।

ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਅੱਜ ਵਾਪਸ ਆ ਗਏ ਹਨ ਜੋ ਭਲਕੇ ਉੱਤਰ ਪ੍ਰਦੇਸ਼, ਪਰਸੋਂ ਗੋਆ ਤੇ ਉਤਰਾਖੰਡ ਅਤੇ 10 ਨੂੰ ਪੰਜਾਬ ਦੇ ਉਮੀਦਵਾਰਾਂ ਦੇ ਨਾਵਾਂ ’ਤੇ ਅੰਤਿਮ ਮੋਹਰ ਲਾਉਣਗੇ। ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਵਿੱਚ ਹੋ ਰਹੀ ਦੇਰੀ ਕਾਰਨ ਕਈ ਹਲਕਿਆਂ ਵਿੱਚ ਕਾਂਗਰਸ ਦਾ ਪ੍ਰਚਾਰ ਪਛੜਣ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਉਹ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜੇ ਸਨ ਤਾਂ ਪ੍ਰਚਾਰ ਲਈ ਸਿਰਫ਼ 13 ਦਿਨ ਮਿਲੇ ਸਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਬਦਲਾਅ ਚਾਹੁੰਦੇ ਹਨ ਤੇ ਕਾਂਗਰਸ ਪਾਰਟੀ ਹੀ ਚੰਗਾ ਵਿਕਲਪ ਹੈ। ਟਿਕਟਾਂ ਦੀ ਵੰਡ ਮਗਰੋਂ ਪਾਰਟੀ ਵਿੱਚ ਬਗ਼ਾਵਤ ਹੋਣ ਬਾਰੇ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਵਾਲੀ ਹੈ ਤੇ ਕੋਈ ਕਾਂਗਰਸ ਨੂੰ ਛੱਡ ਕੇ ਨਹੀਂ ਜਾਵੇਗਾ।
‘ਆਪ’ ਵੱਲੋਂ ਕਾਂਗਰਸ ਤੇ ਅਕਾਲੀ ਦਲ ਵਿਚਕਾਰ ਸਮਝੌਤਾ ਹੋਣ ਦੇ ਸਵਾਲ ’ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਪਤਾ ਉਦੋਂ ਲੱਗ ਜਾਵੇਗਾ, ਜਦੋਂ ਸਰਕਾਰ ਬਣਨ ’ਤੇ ਪੰਜਾਬ ਵਿੱਚ ਨਸ਼ਿਆਂ ਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਨੂੰ ਜੇਲ੍ਹ ਵਿੱਚ ਡੱਕਿਆ ਜਾਵੇਗਾ। ਕੈਪਟਨ ਨੇ ਪਾਰਟੀ ਦੀ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਦੇ ਬਿਆਨ ’ਤੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਟਿਕਟਾਂ ਦੀ ਵੰਡ ਵਿੱਚ ਕਾਂਗਰਸੀਆਂ ਨੂੰ ਪਹਿਲ ਦਿੱਤੀ ਜਾਵੇ ਪਰ ਜਿੱਥੇ ਕਾਂਗਰਸੀ ਉਮੀਦਵਾਰ ਕਮਜ਼ੋਰ ਹਨ, ਉਥੇ ਹੀ ਦੂਜੇ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਹਲਕਾ ਡੇਰਾਬਸੀ ਤੋਂ ਕਾਂਗਰਸੀ ਆਗੂ ਤੇ ਸੂਬਾ ਸਕੱਤਰ ਜਸਪਾਲ ਸਿੰਘ ਜ਼ੀਰਕਪੁਰ ਅਤੇ ਮਜੀਠਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੀ ਹਾਜ਼ਰ ਸਨ।