ਚੰਡੀਗੜ੍ਹ – ਦਲ ਖ਼ਾਲਸਾ ਨੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਾਲੇ ਪਾਰਲੀਮੈਂਟ ਦੇ ਬਾਹਰ ਹੋਈ ਸ਼ਬਦੀ ਜੰਗ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਨਜ਼ਰਾਂ ਵਿੱਚ ਦੋਨੋ ਇੱਕੋ ਹੀ ਡਾਲ ਦੇ ਪੰਛੀ ਹਨ, ਦੋਨਾਂ ਦੇ ਅੰਦਰ ਸਿੱਖਾਂ ਦੇ ਖ਼ੂਨ ਨਾਲ ਹੋਲੀ ਖੇਡਣ ਵਾਲੇ ਸ਼ਾਸਕਾਂ ਦਾ ਖੂਨ ਦੌੜ ਰਿਹਾ ਹੈ ਅਤੇ ਦੋਨਾਂ ਦੀਆਂ ਰਾਜਨੀਤਕ ਸਫ਼ਰ ਦੀਆਂ ਜੜ੍ਹਾਂ ਕਾਂਗਰਸ ਪਾਰਟੀ ਵਿੱਚ ਮੌਜੂਦ ਹਨ। ਉਹਨਾਂ ਕਿਹਾ ਕਿ ਇੱਕ ਦੇ ਦਾਦੇ (ਮੁੱਖ ਮੰਤਰੀ ਬੇਅੰਤ ਸਿੰਘ) ਦੇ ਹੱਥ ਸਿੱਖਾਂ ਦੇ ਖੂਨ ਨਾਲ ਲਿੱਬੜੇ ਸਨ ਤੇ ਦੂਜੇ ਦੀ ਦਾਦੀ ( ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ) ਦੋਵੇਂ ਹੀ ਉਹਨਾਂ ਫ਼ੈਸਲਿਆਂ ਲਈ ਜ਼ਿੰਮੇਵਾਰ ਰਹੇ ਹਨ ਜਿਨ੍ਹਾਂ ਨੇ ਸਿੱਖ ਕੌਮ ਨੂੰ ਗਹਿਰਾ ਜ਼ਖ਼ਮ ਦਿੱਤਾ।

ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਰਵਨੀਤ ਕਾਂਗਰਸ ਪਾਰਟੀ ਲਈ ਗ਼ੱਦਾਰ ਹੋ ਸਕਦਾ ਹੈ ਪਰ ਸਿੱਖਾਂ ਨਾਲ ਉਸ ਦੇ ਦਾਦੇ ਨੇ ਦੁਸ਼ਮਣਾਂ ਵਾਂਗ ਸਲੂਕ ਕੀਤਾ ਸੀ। ਉਨ੍ਹਾਂ ਕਿਹਾ ਕਿ ਦਾਦੇ ਦੇ ਗੁਨਾਹਾਂ ਲਈ ਪੋਤੇ ਨੂੰ ਜਿੰਮੇਵਾਰ ਠਹਿਰਾਉਣ ਦੇ ਸਵਾਲ ’ਤੇ ਇਹ ਵੀ ਨਹੀਂ ਭੁਲਾਇਆ ਜਾ ਸਕਦਾ ਕਿ ਰਵਨੀਤ ਬਿੱਟੂ ਨੇ ਆਪਣੀ ਰਾਜਨੀਤੀ ਨੂੰ ਅੱਗੇ ਵਧਾਉਣ ਲਈ ਖੁਦ ਹੀ ਆਪਣੇ ਦਾਦੇ ਦੀ ਵਿਰਾਸਤ ’ਤੇ ਮਾਣ ਕਰਨ ਦੇ ਦਾਅਵੇ ਕੀਤੇ ਹਨ। ਰਾਹੁਲ ਨੇ ਵੀ ਗਾਂਧੀ ਪਰਿਵਾਰ ਦੇ ਨਾਮ ਅਤੇ ਵਿਰਾਸਤ ਦਾ ਸਹਾਰਾ ਤੇ ਆਸਰਾ ਲਿਆ ਹੈ ਅਤੇ ਉਸਦੀ ਦਾਦੀ ਜਿੱਥੇ ਦਰਬਾਰ ਸਾਹਿਬ ਹਮਲੇ ਲਈ ਜ਼ਿੰਮੇਵਾਰ ਸੀ ਉਸ ਦਾ ਬਾਪ ਰਾਜੀਵ ਗਾਂਧੀ ਨਵੰਬਰ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਸੀ ਤੇ ਦੋਸ਼ੀਆਂ ਦੀ ਕਤਾਰ ਵਿੱਚ ਉਸਦਾ ਨਾਮ ਪਹਿਲੇ ਨੰਬਰ ਤੇ ਹੈ । ਉਹਨਾਂ ਕਿਹਾ ਕਿ ਦੋਨਾਂ ਨੇ ਆਪਣੇ ਖ਼ਾਨਦਾਨ ਦੇ ਬਜੁਰਗਾਂ ਦੇ ਗੁਨਾਹਾਂ ਦੀ ਕਦੇ ਵੀ ਸਿੱਖ ਪੰਥ ਕੋਲੋਂ ਸਪੱਸ਼ਟ ਤੌਰ ਤੇ ਮੁਆਫ਼ੀ ਨਹੀਂ ਮੰਗੀ ਹੈ।

ਉਹਨਾਂ ਵਿਅੰਗਮਈ ਢੰਗ ਨਾਲ ਕਿਹਾ ਕਿ ਰਵਨੀਤ ਦਾ ਇਹ ਕਥਨ ਕਿ ਕਾਂਗਰਸ ਨੇ ਗੁਰਦੁਆਰਿਆਂ ਤੇ ਹਮਲੇ ਕੀਤੇ, ਗੁਰੂ ਗ੍ਰੰਥ ਸਾਹਿਬ ਤੇ ਗੋਲੀਆਂ ਚਲਾਈਆਂ ਅਤੇ ਨਿਰਦੋਸ਼ ਸਿੱਖਾਂ ਦੇ ਕਤਲ ਕੀਤੇ, ਇਕ ਤਰ੍ਹਾਂ ਨਾਲ ਰਾਹੁਲ ਦੀ ਦਾਦੀ ਅਤੇ ਬਾਪ ਅਤੇ ਆਪਣੇ ਦਾਦੇ ਦੇ ਗੁਨਾਹਾਂ ਦਾ ਕਬੂਲਨਾਮਾ ਹੈ।