ਲੰਡਨ/ ਅੰਮ੍ਰਿਤਸਰ (ਨਵੰਬਰ 11, 2013): ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕਾਮਰੂਨ ਜੋ ਕਿ 14 ਨਵੰਬਰ, 2013 ਨੂੰ ਭਾਰਤ ਦੀ ਯਾਤਰਾ ਉਤੇ ਆ ਰਹੇ ਹਨ ਨੂੰ ਦਲ ਖਾਲਸਾ ਨੇ ਇੱਕ ਯਾਦ-ਪੱਤਰ ਭੇਜਕੇ ਉਹਨਾਂ ਨਾਲ ਸਿੱਖ ਕੌਮ ਨਾਲ ਜੁੜੇ ਅੰਤਰਰਾਸ਼ਟਰੀ ਮਹੱਤਤਾ ਵਾਲੇ ਮਸਲੇ ਉਠਾਏ ਹਨ।
ਦਲ ਖਾਲਸਾ ਨੇ ਇੰਗਲੈਂਡ ਦੀ ਸਰਕਾਰ ਪਾਸੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਜਾਂਚ ਸੰਯੁਕਤ ਰਾਸ਼ਟਰ ਕੋਲ ਕਰਵਾਉਣ ਦੀਆਂ ਸਿੱਖ ਕੌਮ ਦੀਆਂ ਕੋਸ਼ਿਸ਼ਾਂ ਦਾ ਸਮਰਥਣ ਕਰਨ ਦੀ ਅਪੀਲ ਕਰਦਿਆਂ ਉਥੋਂ ਦੇ ਪ੍ਰਧਾਨ ਮੰਤਰੀ ਡੇਵਿਡ ਕਾਮਰੂਨ ਨੂੰ ਖੱਤ ਲਿਖਕੇ ਦਸਿਆ ਹੈ ਕਿ ਉਹਨਾਂ ਦਾ ਮੁਲਕ ਸੰਯੁਕਤ ਰਾਸ਼ਟਰ ਦੀ ਸੁਰਖਿਆਂ ਕੌਂਸਲ ਦਾ ਸਥਾਈ ਮੈਂਬਰ ਹੋਣ ਕਰਕੇ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਵਿੱਚ ਮਦਦਗਾਰ ਸਾਬਿਤ ਹੋ ਸਕਦਾ ਹੈ।

ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਵਲੋਂ ਲਿਖੇ ਖੱਤ ਵਿੱਚ ਜਿਥੇ ਨਵੰਬਰ 1984 ਦੇ ਕਤਲੇਆਮ ਲਈ ਸਿੱਖਾਂ ਨੂੰ ਇਨਸਾਫ ਨਾ-ਮਿਲਣ ਪ੍ਰਤੀ ਪੱਛਮੀ ਦੇਸ਼ਾਂ ਵਲੋਂ ਹੁਣ ਤੱਕ ਦਿਖਾਈ ਬੇਰੁੱਖੀ ਦਾ ਉਲਾਂਭਾ ਦਿਤਾ ਗਿਆ ਹੈ, ਉਥੇ ਸ਼੍ਰੀ ਕਾਮਰੂਨ ਦਾ ਸ਼੍ਰੀਲੰਕਾ ਵਿਖੇ ਹੋ ਰਹੇ ਸੰਮੇਲਨ ਵਿੱਚ ਹਿੱਸਾ ਲੈਣਾ ਅਤੇ ਭਾਰਤ-ਇੰਗਲੇਂਡ ਆਪਸੀ ਕਾਨੂੰਨੀ ਸਹਾਇਤਾ ਸਮਝੌਤੇ ਉਤੇ ਚਿੰਤਾ ਦਾ ਇਜ਼ਹਾਰ ਕੀਤਾ ਗਿਆ ਹੈ।
ਚੇਤੇ ਰਹੇ ਕਿ ਹਾਲ ਹੀ ਵਿੱਚ ਸ਼੍ਰੀ ਡੇਵਿਡ ਕਾਮਰੂਨ ਨੂੰ ਇੰਗਲੈਂਡ ਦੀ ਇੱਕ ਸਿੱਖ ਸੰਸਥਾ ਨੇ ਉਹਨਾਂ ਦੀਆਂ ਸੇਵਾਂਵਾਂ ਬਦਲੇ ਸਨਮਾਨਿਤ ਕੀਤਾ ਹੈ।
ਇੰਗਲੈਂਡ ਦੇ ਦਿੱਲੀ ਸਥਿਤ ਦੂਤਾਵਾਸ ਰਾਂਹੀ ਭੇਜੇ ਦੋ-ਸਫਿਆਂ ਦੇ ਖੱਤ ਵਿੱਚ ਕਿਹਾ ਗਿਆ ਹੈ ਕਿ ਤੁਹਾਡਾ ਨਵੰਬਰ ਮਹੀਨੇ ਵਿੱਚ ਭਾਰਤੀ ਦੌਰੇ ਨੇ ਸਿੱਖਾਂ ਨੂੰ 29 ਵਰੇ ਪਹਿਲਾਂ ਇਸੇ ਮਹੀਨੇ ਭਾਰਤ ਅੰਦਰ ਹੋਏ ਸਿੱਖਾਂ ਦੇ ਨਰ-ਸਿੰਘਾਰ ਪ੍ਰਤੀ ਪੱਛਮੀ ਦੇਸ਼ਾਂ ਦੀ ਰਹਸਮੱਈ ਚੁੱਪ ਚੇਤੇ ਕਰਵਾ ਦਿੱਤੀ ਹੈ।
ਨਵੰਬਰ 1984 ਦੇ ਕਤਲੇਆਮ ਨੂੰ ਨਸਲਕੁਸ਼ੀ ਦਸਦਿਆਂ ਜਥੇਬੰਦੀ ਦੇ ਆਗੂ ਨੇ ਕਿਹਾ ਹੈ ਕਿ ਦਿਨ-ਦਹਾੜੇ ਸਿੱਖਾਂ ਵਿਰੁੱਧ ਮਹਾਂ-ਤਾਂਡਵ ਕੀਤਾ ਗਿਆ ਸੀ। ਉਹਨਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨਾਲ ਸਿੱਖ ਜਥੇਬੰਦੀਆਂ ਵਲੋਂ ਭਾਰਤ ਅੰਦਰ ਇਨਸਾਫ ਦੀ ਉਮੀਦ ਖਤਮ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਕੋਲ ਜਾਂਚ ਕਰਵਾਉਣ ਦੀਆਂ ਕੋਸ਼ਿਸ਼ਾਂ ਅਤੇ ਉਪਰਾਲਿਆਂ ਦਾ ਵੇਰਵਾ ਸਾਂਝਾ ਕੀਤਾ। ਉਹਨਾਂ ਯੂ.ਐਨ.ਉ ਦੇ ਜਨੇਵਾ ਸਥਿਤ ਦਫਤਰ ਵਿੱਚ 10 ਲੱਖ ਵਾਲੇ ਦਸਖਤਾਂ ਦੀ ਪਟੀਸ਼ਨ ਦਾਖਿਲ ਕਰਨ ਅਤੇ ਜਲੰਧਰ ਦੀਆਂ ਸੜਕਾਂ ਉਤੇ ਯੂ.ਐਨ.ਉ ਵਲੋਂ ਜਾਂਚ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਸਿੱਖ ਨੌਜਵਾਨਾਂ ਵਲੋਂ ਕੀਤੇ ਅਜ਼ਾਦੀ ਮਾਰਚ ਦਾ ਵਿਸ਼ੇਸ਼ ਜ਼ਿਕਰ ਕੀਤਾ।
ਦਲ ਖਾਲਸਾ ਆਗੂ ਨੇ ਭਾਰਤ-ਇੰਗਲੇਂਡ ਆਪਸੀ ਕਾਨੂੰਨੀ ਸਹਾਇਤਾ ਸਮਝੌਤੇ ਉਤੇ ਡੂੰਘੀ ਚਿੰਤਾ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਸਮਝੌਤੇ ਤਹਿਤ ਭਾਰਤੀ ਏਜੰਸੀਆਂ ਇੰਗਲੈਂਡ ਵਿੱਚ ਵਸਦੇ ਸਿੱਖਾਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੀਆਂ ਹਨ। ਉਹਨਾਂ ਇਸ ਸਮਝੌਤੇ ਦੀਆਂ ਮੱਦਾਂ ਜਨਤਕ ਕਰਨ ਦੀ ਮੰਗ ਕਰਦਿਆਂ ਇੰਗਲੈਂਡ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਅੰਦਰ ਅਜ਼ਾਦੀ ਲਈ ਸੰਘਰਸ਼ ਕਰ ਰਹੇ ਸਿੱਖ ਨੌਜਵਾਨਾਂ ਦਾ ਸਾਥ ਦੇਣ ਵਾਲੇ ਉਥੋਂ ਦੇ ਵਸਨੀਕ ਸਿੱਖਾਂ ਲਈ ਨਵੀਆਂ ਮੁਸ਼ਕਿਲਾਂ ਦੇ ਦੌਰ ਦਾ ਆਗਾਜ਼ ਕਰਨ ਵਿੱਚ ਸਹਾਈ ਨਾ ਹੋਵੇ।
ਡੇਵਿਡ ਕੈਮਰੂਨ ਵਲੋਂ ਸ਼੍ਰੀਲੰਕਾ ਵਿੱਚ ਹੋ ਰਹੇ ਰਾਸ਼ਟਰਮੰਡਲ ਦੇਸ਼ਾਂ ਦੇ ਸੰਮੇਲਨ ਵਿੱਚ ਹਿੱਸਾ ਲੈਣ ਦੇ ਫੈਸਲੇ ਨੂੰ ਗਲਤ ਦਸਦਿਆਂ ਦਲ ਖਾਲਸਾ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਸੰਬੋਧਨ ਹੁੰਦਿਆਂ ਲਿਖਿਆ ਹੈ ਕਿ ਸ਼੍ਰੀਲੰਕਾ ਸਰਕਾਰ ਵਲੋਂ ਤਾਮਿਲਾਂ ਦੇ ਕੀਤੇ ਕਤਲੇਆਮ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਕੈਨੇਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਸਟੀਫਨ ਹਾਰਪੁਰ ਨੇ ਸੰਮੇਲਨ ਦਾ ਬਾਈਕਾਟ ਕਰਕੇ ਇੱਕ ਚੰਗੀ ਮਿਸਾਲ ਪੈਦਾ ਕੀਤੀ ਹੈ ਜਦਕਿ ਤੁਹਾਡਾ ਉਥੇ ਜਾਣ ਦਾ ਫੈਸਲਾ ਮੰਦਭਾਗਾ ਹੈ, ਕਿਉਂ ਜੋ ਤੁਹਾਡਾ ਇਹ ਕਦਮ ਉਥੋਂ ਦੇ ਮੌਜੂਦਾ ਸ਼ਾਸਕ ਦੇ ਜ਼ੁਲਮਾਂ ਨੂੰ ਮਾਨਤਾ ਦੇਣ ਦੇ ਤੁੱਲ ਹੈ।
ਕਾਮਰੂਨ ਦੇ ਉਸ ਬਿਆਨ ਕਿ ਸ਼੍ਰੀਲੰਕਾ ਵਿੱਚ ਹੋਏ ਤਾਮਿਲਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਜਾਂਚ ਹੋਣੀ ਚਾਹੀਦੀ ਹੈ ਉਤੇ ਟਿਪਣੀ ਕਰਦਿਆਂ ਦਲ ਖਾਲਸਾ ਨੇ ਕਿਹਾ ਕਿ ਇਸੇ ਮਾਪਦੰਡ ਤਹਿਤ ਭਾਰਤ ਅੰਦਰ ਸਿੱਖਾਂ ਅਤੇ ਕਸ਼ਮੀਰੀਆਂ ਦੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਸਬੰਧੀ ਵੀ ਜਾਂਚ ਹੋਣੀ ਚਾਹੀਦੀ ਹੈ।