ਨਵੀਂ ਦਿੱਲੀ (15 ਫਰਵਰੀ, 2015): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ , ਰਣਨੀਤੀਕਾਰ ਅਤੇ ਸਿਧਾਂਤਕਾਰ ਯੋਗੇਂਦਰ ਯਾਦਵ ਨੇ ਕਿਹਾ ਕਿ ਲੰਮੇ ਸਮੇਂ ਦੀ ਯੋਜਨਾ ਅਧੀਨ ‘ਆਪ’ ਭਾਰਤੀ ਉਪ-ਮਹਾਂਦੀਪ ਪੱਧਰੀ ਸਿਆਸਤ ਵਿੱਚ ਇਕ ਸਿਧਾਂਤਕ ਸ਼ਕਤੀ ਵਜੋਂ ਉੱਭਰਨਾ ਚਾਹੁੰਦੀ ਹੈ ਅਤੇ ਪਾਰਟੀ ਇਸ ਸਬੰਧੀ ਆਪਣੇ ਘੱਟ ਸਮੇਂ ਦੇ ਤੇ ਲੰਮੇ ਸਮੇਂ ਦੇ ਟੀਚੇ ਤੈਅ ਕਰ ਰਹੀ ਹੈ।

ਅਗਲੇ 3-5 ਸਾਲਾਂ ਵਿੱਚ ਪਾਰਟੀ ਦਿੱਲੀ ਤੇ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿੱਚ ਵੀ ਆਪਣਾ ਆਧਾਰ ਬਣਾਏਗੀ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ’ਤੇ ਵਿਸ਼ੇਸ਼ ਧਿਆਨ ਦੇਵੇਗੀ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਬਾਰੇ ਵਿਚਾਰ ਕਰੇਗੀ।
ਪਾਰਟੀ ਹੁਣ ਆਉਂਦੇ ਪੰਜ ਸਾਲਾਂ ਵਿੱਚ ਪੰਜਾਬ ਸਮੇਤ ਚਾਰ ਹੋਰ ਰਾਜਾਂ ਵਿੱਚ ਆਪਣੇ ਪਸਾਰ ਦੀ ਯੋਜਨਾ ਬਣਾ ਰਹੀ ਹੈ ਪਰ ਨਾਲ ਹੀ ਇਸ ਦਾ ਧਿਆਨ ਦਿੱਲੀ ’ਤੇ ਕੇਂਦਰਤ ਰਹੇਗਾ ਅਤੇ ਰਾਜਾਂ ਵਿੱਚ ਇਹ ਕਿਸੇ ਵੀ ਖੇਤਰੀ ਪਾਰਟੀ ਨਾਲ ‘‘ਮੌਕੇ ਮੁਤਾਬਕ ਗੱਠਜੋੜ’’ ਨਹੀਂ ਕਰੇਗੀ। ਪਾਰਟੀ ਹਰਿਆਣਾ ਵਿੱਚ ਵੀ ਆਪਣਾ ਆਧਾਰ ਤਕੜਾ ਕਰੇਗੀ।
ਉਨ੍ਹਾਂ ਕਿਹਾ ਕਿ ਆਪ ਕੋਈ ਖੇਤਰੀ ਪਾਰਟੀ ਨਹੀਂ ਹੈ। ਲੰਮੇ ਸਮੇਂ ਦੇ ਟੀਚੇ ਤਹਿਤ ਪਾਰਟੀ, ਭਾਰਤੀ ਉਪ-ਮਹਾਂਦੀਪ ਪੱਧਰੀ ਬਦਲ ਬਣਨਾ ਚਾਹੁੰਦੀ ਹੈ। ਇਸ ਕਰਕੇ ਸੁਚੇਤ ਤੌਰ ’ਤੇ ਦਿੱਲੀ ਦੀ ਚੋਣ ਕੀਤੀ ਗਈ ਸੀ। ਪਾਰਟੀ, ਭਾਰਤੀ ਉਪ-ਮਹਾਂਦੀਪ ਪੱਧਰੀ ਸਿਆਸਤ ਵਿੱਚ ਇਕ ਸਿਧਾਂਤਕ ਸ਼ਕਤੀ ਵਜੋਂ ਉੱਭਰਨਾ ਚਾਹੁੰਦੀ ਹੈ।
ਤੀਜੇ ਫਰੰਟ ਜਿਹੇ ਤੇ ਕੁਲੀਸ਼ਨਾਂ ਨੂੰ ‘ਮੌਕੇ ਅਨੁਸਾਰ ਗੱਠਜੋੜ’ ਕਰਾਰ ਦਿੰਦਿਆਂ ਕਿਹਾ ਕਿ ‘ਆਪ’ ਅਜਿਹੇ ਕਿਸੇ ਵੀ ਸਮੂਹ ਦਾ ਹਿੱਸਾ ਨਹੀਂ ਬਣੇਗੀ। ਉਨ੍ਹਾਂ ਕਿਹਾ ਕਿ ਆਪ ਤੋਂ ਉਨ੍ਹਾਂ ਸਿਆਸੀ ਸਮਰਥਨ ਨਹੀਂ ਮੰਗਿਆ ਸੀ ਤੇ ਨਾ ਪਾਰਟੀ ਨੇ ਦਿੱਤਾ। ਇਹ ਕੇਵਲ ਉਨ੍ਹਾਂ ਦਾ ਕਾਰਜ ਸੀ ਜੋ ਉਨ੍ਹਾਂ ਦੀਆਂ ਆਪਣੀਆਂ ਸ਼ਕਤੀਆਂ ਤੇ ਕਮਜ਼ੋਰੀਆਂ ’ਤੇ ਆਧਾਰਤ ਸੀ। ਯਾਦਵ ਨੇ ਕਿਹਾ, ‘‘ਜੋ ਉਹ ਸਮਝ ਨਹੀਂ ਰਹੇ ਕਿ ਅਸੀਂ ਰਵਾਇਤੀ ਸਿਆਸਤ ਦੇ ਖ਼ਿਲਾਫ਼ ਹਾਂ।’’