ਅੰਮ੍ਰਿਤਸਰ (ਨਰਿੰਦਰਪਾਲ ਸਿੰਘ): ਹਿੰਦੂ, ਹਿੰਦੀ, ਹਿੰਦੁਸਤਾਨ ਦੀ ਵਿਚਾਰਧਾਰਾ ਦੀ ਧਾਰਣੀ ਨਰਿੰਦਰ ਮੋਦੀ ਸਰਕਾਰ ਨੇ ਘੱਟਗਿਣਤੀ ਕੌਮਾਂ ਦੇ ਨਾਲ-ਨਾਲ ਉਨ੍ਹਾਂ ਦੇ ਧਰਮ ਅਸਥਾਨਾਂ ਉਪਰ ਵੀ ਮਾਰੂ ਸਿਧਾਂਤਕ ਹਮਲੇ ਸ਼ੁਰੂ ਕਰ ਦਿੱਤੇ ਹਨ ਜਿਸਦੀ ਪਰਤੱਖ ਮਿਸਾਲ ਕੇਂਦਰ ਸਰਕਾਰ ਦੇ ਪ੍ਰਚਾਰ ਤੇ ਪ੍ਰਸਾਰ ਵਿਭਾਗ ਦਾ ਉਹ ਇਸ਼ਤਿਹਾਰ ਹੈ ਜੋ ਕੀ ਸਿੱਖ ਕੌਮ ਦੇ ਕੇਂਦਰੀ ਧਰਮ ਅਸਥਾਨ ਦਰਬਾਰ ਸਾਹਿਬ ਵਿਖੇ ਰੱਖੀ ਜਾ ਰਹੀ ਸਾਫ ਸਫਾਈ ਦਾ ਸਿਹਰਾ ਨਰਿੰਦਰ ਮੋਦੀ ਦੁਆਰਾ ਚਲਾਈ “ਸਵੱਛ ਭਾਰਤ ਮੁਹਿੰਮ” ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ?
ਮਹਿਕਮੇ ਵਲੋਂ ਤਿਆਰ ਕਰਵਾਈਆਂ ਇਹ ਵੱਡ ਅਕਾਰੀ ਸਲਾਈਡਾਂ, ਟੂਰਿਜ਼ਮ ਅਤੇ ਵਿਰਸਾਤੀ ਮਹਿਕਮੇ ਵਲੋਂ ਕਰੋੜਾਂ ਰੁਪਏ ਖਰਚ ਕੇ, ਦਰਬਾਰ ਸਾਹਿਬ ਤੋਂ ਕੋਤਵਾਲੀ ਚੌਕ ਤੀਕ ਤਿਆਰ ਕਰਵਾਏ ਗਏ ਵਿਰਾਸਤੀ ਮਾਰਗ ‘ਤੇ ਸਥਾਪਿਤ ਵਿਸ਼ਾਲ ਸਕਰੀਨਾਂ ‘ਤੇ ਵੇਖਣ ਨੂੰ ਮਿਲਦੀਆਂ ਹਨ। ਬੀਤੇ ਕੁਝ ਦਿਨਾਂ ‘ਚ ਕੇਂਦਰ ਸਰਕਾਰ ਵਲੋਂ “ਸਵੱਛ ਭਾਰਤ ਮੁਹਿੰਮ” ਨੂੰ ਪ੍ਰਚਾਰਣ ਦੀ ਮਨਸ਼ਾ ਨਾਲ ਵਿਰਾਸਤੀ ਮਾਰਗ ‘ਤੇ ਬਣੀ ਬਹੁਮੰਜ਼ਿਲੀ ਪਾਰਕ ਦੀ ਵਿਸ਼ਾਲ ਸਕਰੀਨ ‘ਤੇ ਇਕ ਵੱਡ ਅਕਾਰੀ ਸਲਾਈਡ ਆਮ ਹੀ ਵੇਖਣ ਨੂੰ ਮਿਲ ਰਹੀ ਹੈ। ਸਲਾਈਡ ਉਪਰ ਦਰਬਾਰ ਸਾਹਿਬ ਦੀ ਕੁਦਰਤੀ ਅਤੇ ਭਵਨਕਲਾ ਨਿਰਮਾਣ ਦੀ ਸੁਹੱਪਣ ਦਰਸਾਉਂਦੀ ਤਸਵੀਰ ਵਿਖਾਈ ਜਾ ਰਹੀ ਹੈ ਜਿਸ ਉਪਰ ਸ਼ਬਦ ਅੰਕਿਤ ਹਨ ‘Golden Temple Amritsar: Swachh Iconic Place Under Swachh Bharat Mission’ ਸਲਾਈਡ ‘ਤੇ ਲਿਖੀ ਇਬਾਰਤ ਆਪਣੇ ਆਪ ਵਿੱਚ ਹੀ ਸਪੱਸ਼ਟ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ: ਸਵੱਛ ਭਾਰਤ ਮਿਸ਼ਨ ਤਹਿਤ ਸਵੱਛ ਮਾਡਲ ਅਸਥਾਨ ਹੈ। ਤਰਾਸਦੀ ਤਾਂ ਇਹ ਹੈ ਕਿ ਜਿਸ ਜਗ੍ਹਾ ‘ਤੇ ਇਹ ਵਿਸ਼ਾਲ ਸਲਾਈਡ ਹਰ ਸ਼ਾਮ ਸ਼ਰੇਆਮ ਜਗਦੀ ਹੈ ਉਸਦੇ ਸਾਹਮਣੇ ਹੀ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੀ ਸਾਰਾਗੜ੍ਹੀ ਸਰਾਂ ਮੌਜੂਦ ਹੈ ਅਤੇ ਦਰਬਾਰ ਸਾਹਿਬ ਤੋਂ ਕੋਤਵਾਲੀ ਚੌਕ ਤੀਕ ਦੇ ਇਸ ਵਿਰਾਸਤੀ ਮਾਰਗ ਤੋਂ ਕਮੇਟੀ ਦੇ ਸੀਨੀਅਰ ਅਧਿਕਾਰੀ ਤੇ ਮੈਂਬਰ ਅਕਸਰ ਪੈਦਲ ਨਿਕਲਦੇ ਹਨ।

ਕੱਟੜਵਾਦੀ ਹਿੰਦੂਤਵੀ ਸੋਚ ਵਾਲੀ ਮੋਦੀ ਸਰਕਾਰ ਅਤੇ ਉਸਦੀ “ਸਵੱਛ ਭਾਰਤ ਮੁਹਿੰਮ” ਦੇ ਸੰਚਾਲਕਾਂ ਦੀ ਸੋਚ ਦੇ ਐਨ ਉਲਟ ਅਤੇ ਹਕੀਕੀ ਰੂਪ ਵਿੱਚ ਵੇਖਿਆ ਜਾਏ ਤਾਂ ਸਿੱਖ ਕੌਮ ਦੇ ਕੇਂਦਰੀ ਧਰਮ ਅਸਥਾਨ ਦਰਬਾਰ ਸਾਹਿਬ ਵਿਖੇ ਕਾਇਮ ਰੱਖੀ ਜਾ ਰਹੀ ਸਾਫ ਸਫਾਈ ਕਿਸੇ ਸਰਕਾਰ ਦੀ ਮੁਹਤਾਜ ਕਦੇ ਵੀ ਨਹੀਂ ਰਹੀ ਬਲਕਿ ਇਹ ਹਜ਼ਾਰਾਂ ਲੱਖਾਂ ਸੰਗਤਾਂ ਦੀ ਸ਼ਰਧਾ ਦਾ ਪ੍ਰਤੀਕ ਹੈ ਕਿ ਉਹ ਇਸ ਅਸਥਾਨ ਦੀ ਸਾਫ ਸਫਾਈ ਦੇ ਨਾਲ-ਨਾਲ ਸਾਂਭ ਸੰਭਾਲ ਲਈ ਵੀ ਹਮੇਸ਼ਾਂ ਯਤਨਸ਼ੀਲ ਰਹਿੰਦੀਆਂ ਹਨ। ਜ਼ਿਕਰਯੋਗ ਤਾਂ ਇਹ ਵੀ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਅੰਮ੍ਰਿਤਸਰ ਦੀ ਨਗਰ ਨਿਗਮ ਪਿਛਲੇ ਕਈ ਸਾਲਾਂ ਤੋਂ ਦਰਬਾਰ ਸਾਹਿਬ ਦੇ ਚੌਗਿਰਦੇ ਅਤੇ ਪਹੁੰਚ ਮਾਰਗਾਂ ਦੀ ਸਫਾਈ ਤੋਂ ਵੀ ਹੱਥ ਖੜ੍ਹੇ ਕਰ ਚੁੱਕੀ ਹੈ ਤੇ ਇਹ ਸੇਵਾ ਵੀ ਸਿੱਖ ਸੰਗਤਾਂ, ਨਿਸ਼ਕਾਮ ਰੂਪ ਵਿੱਚ ਨਿਭਾਅ ਰਹੀਆਂ ਹਨ।
ਪਰ ਇਸ ਸਭ ਤੋਂ ਅਹਿਮ ਅਤੇ ਹੈਰਾਨ ਕਰ ਦੇਣ ਵਾਲੀ ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਵਲੋਂ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਸਤੰਬਰ 2015 ਵਿੱਚ “ਸਵੱਛ ਭਾਰਤ ਮੁਹਿੰਮ” ਦਾ ਦੂਤ ਥਾਪਿਆ ਗਿਆ ਸੀ ਜਿਸਦੀ ਪੁੱਸ਼ਟੀ ਵੀ ਕਿਸੇ ਹੋਰ ਨੇ ਨਹੀਂ ਬਲਕਿ ਖੁੱਦ ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਮਹਿਕਮੇ ਨੇ ਪ੍ਰੈਸ ਬਿਆਨ ਰਾਹੀਂ ਕੀਤੀ ਸੀ। ਮਤਲਬ ਤੇ ਮਕਸਦ ਜ਼ਾਹਿਰ ਸੀ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਹੁਦੇਦਾਰ ਆਪਣੇ ਸਿਆਸੀ ਮਾਲਕਾਂ ਦੀ ਸਿਆਸੀ ਭਾਈਵਾਲੀ ਵਾਲੀ ਹਿੰਦੂਤਵੀ ਵਿਚਾਰਧਾਰਾ ਦੀ ਸਰਕਾਰ ਦਾ ਦਿੱਤਾ ਅਹੁਦਾ ਜ਼ਿਆਦਾ ਮਹਾਨਤਾ ਵਾਲਾ ਮਹਿਸੂਸ ਕਰ ਰਹੇ ਸਨ।