ਚੰਡੀਗੜ੍ਹ (30 ਨਵੰਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਦੀ ਪਿੰਡ ਬਰਗਾੜੀ ਵਿੱਚ ਹੋਈ ਬੇਅਦਬੀ ਦੀ ਘਟਨਾ ਦੀ ਜਾਂਚ ਕਰ ਰਹੀ ਸੀਬੀਆਈ ਦੇ ਜਾਂਚ ਅਧਿਕਾਰੀ ਡੀ.ਆਈ.ਜੀ ਸ਼੍ਰੀ ਉਮੇਸ਼ ਚੰਦਰ ਦੱਤਾ ਨੇ ਅੱਜ ਇੱਥੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨਾਲ ਮੁਲਾਕਾਤ ਕੀਤੀ ।

ਇਸ ਮੁਲਾਕਾਤ ਨੂੰ ਪੁਲਿਸ ਹੈੱਡਕੁਆਟਰ ਵੱਲੋਂ ਮਹਿਜ਼ ਸ਼ਿਸ਼ਟਾਚਾਰ ਮਿਲਣੀ ਦੱਸਿਆ ਗਿਆ ਪਰ ਸੂਤਰ ਦੱਸਦੇ ਹਨ ਕਿ ਪੰਜਾਬ ਪੁਲਿਸ ਮੁਖੀ ਅਤੇ ਸੀ.ਬੀ.ਆਈ ਅਧਿਕਾਰੀ ਵਿਚਾਲੇ ਬਰਗਾੜੀ ਕੇਸ ਨੂੰ ਲੈਕੇ ਅਹਿਮ ਵਿਚਾਰਾਂ ਹੋਈਆਂ ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਦੇ ਪਿੰਡ ਬਰਗਾੜੀ ਤੋਂ ਜੂਨ ਮਹੀਨੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਗੁਰਦੁਆਰਾ ਸਾਹਿਬ ਵਿਚੋਂ ਹੋਈ ਚੋਰੀ ਅਤੇ ਉਸ ਮਗਰੋਂ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰਨ ਦੀ ਵਾਪਰੀ ਘਟਨਾ, ਵਿਰੋਧ ਵਿਚ ਕੋਟਕਪੂਰਾ ਵਿਖੇ ਧਰਨੇ ਤੋਂ ਬਾਅਦ ਇਨ੍ਹਾਂ ਅੰਗਾਂ ਨੂੰ ਦੁਬਾਰਾ ਪੁਲਿਸ ਦੋਸ਼ ਅਨੁਸਾਰ ਗ਼ਾਇਬ ਕਰਨ ਦੀਆਂ ਘਟਨਾਵਾਂ ਵਿਚ ਦਰਜ 3 ਪੁਲਿਸ ਕੇਸਾਂ ਵਿਚ ਜਾਂਚ ਦਾ ਕੰਮ ਸੀ.ਬੀ.ਆਈ. ਵੱਲੋਂ ਆਪਣੇ ਹੱਥਾਂ ਵਿਚ ਲੈ ਲਿਆ ਗਿਆ ਸੀ ।
ਬਾਜਾਖਾਨਾ ਪੁਲਿਸ ਸਟੇਸ਼ਨ ਵਿਖੇ ਇਸੇ ਵਰੇ੍ਹ 2 ਜੂਨ ਨੂੰ ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਸਬੰਧੀ ਐਫ.ਆਈ.ਆਰ. ਨੰਬਰ 63 ਦਰਜ ਕੀਤੀ ਗਈ ਸੀ, ਜਦੋਂਕਿ ਇਸ ਪਿੰਡ ਵਿਚ ਇਸ਼ਤਿਹਾਰ ਲਗਾਉਣ ਸਬੰਧੀ 25 ਸਤੰਬਰ ਨੂੰ ਐਫ.ਆਈ.ਆਰ. ਨੰਬਰ 117 ਦਰਜ ਹੋਈ ਸੀ ਅਤੇ ਇਸ ਤੋਂ ਬਾਅਦ 12 ਅਕਤੂਬਰ ਨੂੰ ਬਰਗਾੜੀ ਵਿਖੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਗੁਰਦੁਆਰਾ ਸਾਹਿਬ ਨੇੜੇ ਖਿਲਾਰੇ ਜਾਣ ਅਤੇ ਉਸ ਤੋਂ ਬਾਅਦ ਇਨ੍ਹਾਂ ਪੰਨਿਆਂ ਨੂੰ ਕਬਜ਼ੇ ਆਦਿ ਵਿਚ ਲੈਣ ਨੂੰ ਲੈ ਕੇ ਵਾਪਰੀਆਂ ਘਟਨਾਵਾਂ ਸਬੰਧੀ ਐਫ.ਆਈ.ਆਰ. ਨੰਬਰ 128 ਬਾਜਾਖਾਨਾ ਪੁਲਿਸ ਥਾਣਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੀ ਦਰਜ ਹੋਈ ਸੀ ।