ਚੰਡੀਗੜ੍ਹ: ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅੱਜ ਕੇਂਦਰ ਸਰਕਾਰ ਖਿਲਾਫ ਰੋਸ ਜਿਤਾਉਂਦਿਆਂ ‘ਤਿਰੰਗਾ ਝੰਡਾ’ ਲਹਿਰਾਉਣ ਦੀ ਰਸਮ ਵੀ ਨਿਭਾਅ ਦਿੱਤੀ ਹੈ। ਥਾਂ ਥਾਂ ਕਾਂਗਰਸੀ ਆਗੂ, ਕਰਫਿਊ ਅਤੇ ਸ਼ੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਦੇ ਹੋਏ, ਸੂਬੇ ਭਰ ਵਿੱਚ ਤਿਰੰਗਾ ਝੰਡਾ ਫੜੀ ਨਜਰ ਆਏ। ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਚਿਹਰਿਆਂ ਤੇ ਉਹ ਮਾਯੂਸੀ ਸਾਫ ਨਜਰ ਆਈ ਹੈ ਕਿ ‘ਕਰੋਨਾ ਵਰਗੀ ਮਹਾਂਮਾਰੀ ਨਾਲ ਨਜਿੱਠਣ ਲਈ’ ਨਰਿੰਦਰ ਮੋਦੀ ਦੀ ਸਰਕਾਰ, ਪੰੰਜਾਬ ਦੀ ਕੈਪਟਨ ਸਰਕਾਰ ਨੂੰ ਕੋਈ ਪੱਲਾ ਨਹੀਂ ਫੜਾ ਰਹੀ।
ਕਪਤਾਨ ਸਾਹਿਬ! ਜੇ ਗੱਲ ਇਥੇ ਹੀ ਖਤਮ ਕਰ ਦਿੱਤੀ ਜਾਵੇ ਤਾਂ ਸ਼ਾਇਦ ਸੂਬੇ ਦੇ ਲੋਕ ਤੁਹਾਡੇ ਜਾਂ ਤੁਹਾਡੀ ਸਰਕਾਰ ਤੇ ਕੁਝ ਵਿਸ਼ਵਾਸ਼ ਕਰ ਲੈਣ ਪ੍ਰੰਤੂ ਸੂਬੇ ਦੇ ਲੋਕਾਂ ਨੂੰ ਤਹਾਡੇ ਹੀ ਕਹੇ ਹੋਏ ਉਹ ਬੋਲ ਬਾਰ ਬਾਰ ਯਾਦ ਆ ਰਹੇ ਹਨ ਜੋ ਤੁਸੀਂ ਸੱਤਾ ਸੰਭਾਲਦਿਆਂ ਸਾਂਝੇ ਕੀਤੇ ਸਨ ਕਿ ‘ਨਰਿੰਦਰ ਮੋਦੀ ਦੀ ਕੇਂਦਰ ਵਿਚਲੀ ਸਰਕਾਰ ਸਾਡੀ ਹਰ ਮਦਦ ਕਰ ਰਹੀ ਹੈ। ਉਸ ਵੇਲੇ ਇਹ ਗਲ ਕਰਦਿਆਂ ਤੁਹਾਡੇ ਕੇਂਦਰ ਨਾਲ ਕਿਸ ਤਰ੍ਹਾਂ ਦੇ ਸਬੰਧ ਸਨ ਜਾਂ ਤੁਹਾਨੂੰ ਇਹ ਵਿਸ਼ਵਾਸ਼ ਕਿਸਨੇ ਦਿਵਾਇਆ ਸੀ ਕਿ ਕੇਂਦਰ ਵਾਕਿਆ ਹੀ ਪੰਜਾਬ ਪ੍ਰਤੀ ਸੁਹਿਰਦ ਹੈ, ਸੂਬੇ ਦੇ ਲੋਕ ਇਹ ਸਵਾਲ ਦੁਬਾਰਾ ਨਹੀਂ ਦੁਹਰਾਉਣਾ ਚਾਹੁੰਦੇ। ਲੇਕਿਨ ਹੁਣ ਅਜੇਹਾ ਕੀ ਵਾਪਰ ਗਿਆ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਬਾਕੀ ਰਾਜਾਂ ਨੂੰ ਤਾਂ ਕਰੋਨਾ ਨਾਲ ਲੜਨ ਲਈ ਆਰਥਿਕ ਪੈਕੇਜ ਐਲਾਨ ਰਹੀ ਹੈ ਪ੍ਰੰਤੂ ਪੰਜਾਬ ਦਾ ਨਾਮ ਹੀ ਉਸਦੀ ਲਿਸਟ ਵਿੱਚ ਨਜਰ ਨਹੀ ਆ ਆਉਂਦਾ।
ਕਰੋਨਾ ਵਾਇਰਸ ਨਾਲ ਨਜਿੱਠਣ ਲਈ ਜਿਸ ਤਰ੍ਹਾਂ ਦੇ ਆਦੇਸ਼ ਤੁਹਾਡੀ ਸਰਕਾਰ ਨੇ ਕੇਂਦਰ ਨਾਲੋਂ ਵੀ ਮੋਹਰੀ ਹੋਕੇ ਦਿੱਤੇ ਹਨ। ਉਨ੍ਹਾਂ ਦਾ ਮਾਮੂਲੀ ਜਿਹਾ ਲੇਖਾ 22ਮਾਰਚ 2020 ਦੇ ਐਲਾਨੇ ਜਨਤਾ ਕਰਫਿਊ ਦੇ ਨਾਲ ਹੀ ਕੇਂਦਰ ਦੇ 24 ਮਾਰਚ ਦੇ ਲਾਕਡਾਊਨ ਐਲਾਨ ਤੋਂ ਇੱਕ ਦਿਨ ਪਹਿਲਾਂ ਹੀ ਤੁਹਾਡੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਰ ਦਿੱਤਾ ਸੀ। ਇਸ ਤੋਂ ਬਾਅਦ ਜੋ ਕੁਝ ਵੀ ਪ੍ਰਬੰਧ ਆਮ ਲੋਕਾਂ ਤੇ ਸਮਾਜ ਦੇ ਹੇਠਲੇ ਗਰੀਬ ਵਰਗ ਨੂੰ ਰਾਸ਼ਨ ਰਾਹਤ ਪਹੁੰਚਾਉਣ ਲਈ ਤੁਸੀਂ ਕੀਤੇ ਹਨ। ਉਨ੍ਹਾਂ ਦੀ ਛੋਟੀ ਜਿਹੀ ਉਦਾਹਰਣ ਇਹੀ ਹੈ ਕਿ ਕਾਂਗਰਸੀਆਂ ਤੇ ਹੀ ‘ਆਪਣਿਆਂ ਦੀ ਝੋਲ ਭਰਨ’ਦੇ ਦੋਸ਼ ਸ਼ਰੇਆਮ ਲੱਗ ਰਹੇ ਹਨ।
ਤੁਸੀਂ ਮੰਤਰੀ ਮੰਡਲ ਦੀ ਮੀਟਿੰਗ ਤਾਂ ਵੀਡੀਓ ਕਾਨਫਰੰਸ ਰਾਹੀਂ ਇਹ ਕਹਿਕੇ ਕਰਦੇ ਹੋ ਕਿ ਕਰੋਨਾ ਦਾ ਮੌਸਮ ਹੈ ਲੇਕਿਨ ਤੁਹਾਡੇ ਮੰਤਰੀਆਂ ਤੇ ਇਹ ਜਾਬਤਾ ਰਾਹਤ ਵੰਡਣ ਵੇਲੇ ਵੀ ਲਾਗੂ ਨਹੀ ਜੇ ਹੁੰਦਾ ਕਿ ਉਹ ਸ਼ੋਸ਼ਲ ਡਿਸਟੈਂਸਿੰਗ ਹੀ ਬਰਕਰਾਰ ਰੱਖ ਲੈਣ। ਤੁਹਾਡੇ ਮੰਤਰੀ ਨਾਮ ਦੇ ਹੀ ਸਾਰੇ ਪੰਜਾਬ ਦੇ ਮੰਤਰੀ ਹਨ ਪ੍ਰੰਤੂ ਉਹ ਆਪਣੇ ਵਿਧਾਨ ਸਭਾ ਹਲਕਿਆਂ ਦੀ ਸਾਰ ਲੈਣ ਤੀਕ ਹੀ ਸੀਮਤ ਹਨ, ਇਹ ਇੱਕ ਤਲਖ ਹਕੀਕਤ ਹੈ। ਦੂਸਰਾ ਅਹਿਮ ਸਵਾਲ ਜੋ ਤੁਹਾਨੂੰ ਕਰਨਾ ਬਣਦਾ ਹੈ ਕਿ ਕੀ ਸੂਬਾ ਸਰਕਾਰ ਪਾਸ ਕੋਈ ਅਜਿਹੇ ਪੁਖਤਾ ਅੰਕੜੇ ਹਨ ਕਿ ਪੰਜਾਬ ਵਿੱਚ ਕਿੰਨ੍ਹੇ ਅਜੇਹੇ ਲੋਕ ਹਨ ਜੋ ਦਿਨ ਭਰ ਕੀਤੀ ਮਜਦੂਰੀ ਤੇ ਹੀ ਨਿਰਭਰ ਹਨ? ਮਿਡਲ ਕਲਾਸ ਨਾਲ ਜੁੜੇ ਲੋਕ ਜੋ ਆਰਥਿਕ ਤੌਰ ਤੇ ਵੀ ਸਮਰੱਥ ਨਹੀ ਹਨ ਕਿ ਉਹ ਮਹੀਨਾ ਭਰ ਬਿਨ੍ਹਾਂ ਕਿਸੇ ਕਮਾਈ ਦੇ, ਆਪਣਾ ਪਰਿਵਾਰ ਅੱਗੇ ਪਾਲ ਸਕਣ, ਕੀ ਅਜੇਹਾ ਅੰਕੜਾ ਵੀ ਤੁਹਾਡੇ ਪਾਸ ਹੈ? ਇਸਦੇ ਨਾਲ ਹੀ ਇਹ ਵੀ ਪੁਛਣਾ ਜਰੂਰੀ ਹੈ ਕਿ ਆਖਿਰ ਤੁਹਾਡੀ ਸਰਕਾਰ ਲੋਕਾਂ ਵਲੋਂ ਉਠਾਏ ਨੁਕਤਿਆਂ ਜਾਂ ਸ਼ੰਕਾਵਾ ਦੇ ਜਵਾਬ ਕਿਉਂ ਨਹੀ ਦੇ ਰਹੀ?
ਨਰਿੰਦਰ ਮੋਦੀ ਵਾਂਗ ਤੁਸੀਂ ਵੀ ਆਪਣੀ ਸਰਕਾਰੀ ਰਿਹਾਇਸ਼ ਤੋਂ ਸਰਕਾਰੀ ਚੈਨਲ ਤੇ ਲਾਈਵ ਹੋ ਜਾਂਦੇ ਹੋ। ਆਪਣੀ ਕਹਿ ਦਿੰਦੇ ਹੋ। ਲੋਕ ਤੁਹਾਡੀ ਕਹੀ ਤੇ ਵਿਸ਼ਵਾਸ਼ ਕਰਕੇ ਤਿਆਰੀ ਕਰਦੇ ਹਨ ਕਿ ਕੋਈ ਰਾਹਤ ਮਿਲ ਰਹੀ ਹੈ। ਲੇਕਿਨ ਤੁਹਾਡੇ ਪ੍ਰਸ਼ਾਸ਼ਨਿਕ ਅਧਿਕਾਰੀ(ਡਿਪਟੀ ਕਮਿਸ਼ਨਰ)ਬਿਆਨ ਦਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਆਦੇਸ਼ ਨਹੀ ਆਇਆ। ਅਜਿਹਾ ਇੱਕ ਵਾਰ ਨਹੀ ਕਈ ਵਾਰ ਹੋਇਆ ਹੈ। ਤੁਹਾਡੀ ਜਵਾਬਦੇਹੀ ਤਾਂ ਬਿਲਕੁਲ ਹੀ ਖਤਮ ਹੋ ਚੁੱਕੀ ਹੈ। ਜੇ ਕੋਈ ਸਵਾਲ ਪੁਛਣਾ ਚਾਹੁੰਦਾ ਹੈ ਤਾਂ ਤੁਸੀਂ ਕਾਨੂੰਨ ਦਾ ਡੰਡਾ ਵਿਖਾਉਂਦੇ ਹੋ?ਇਹ ਵੀ ਸਾਫ ਕਰ ਦਿਉ ਕਿ ਇਹ ਕਰੋਨਾ ਦੇ ਫੈਲਾਅ ਤੋਂ ਬਚਾਉ ਲਈ ਕਰਫਿਊ ਹੈ ਜਾਂ ਅੰਦਰੂਨੀ ਐਮਰਜੈਂਸੀ?
ਕਪਤਾਨ ਸਾਹਿਬ! ਜਦੋਂ ਪੂਰੇ ਵਿਸ਼ਵ ਨੇ ਸ਼ੰਕਾ ਪ੍ਰਗਟਾ ਦਿੱਤੀ ਕਿ ਆਰਥਿਕ ਹੇਠਾਂ ਡਿੱਗ ਰਹੀ ਹੈ ਤਾਂ ਤੁਸੀਂ ਇੱਕ ਉਚ ਤਾਕਤੀ ਕਮੇਟੀ ਦਾ ਐਲਾਨ ਕੀਤਾ ਹੈ ਜੋ ਸੂਬੇ ਨੂੰ ਆਰਥਿਕ ਸੰਕਟ ਚੋਂ ਬਾਹਰ ਕੱਢਣ ਦਾ ਹੱਲ ਲੱਭੇਗੀ। ਤੁਹਾਡੇ ਹੀ ਕਹੇ ਅਨੁਸਾਰ ਇਹ ਕਮੇਟੀ ਪਹਿਲੀ ਰਿਪੋਰਟ ਜੁਲਾਈ 2020 ਵਿੱਚ, ਦੂਸਰੀ ਰਿਪੋਰਟ ਸਤੰਬਰ 2020 ਵਿੱਚ ਤੇ ਤੀਸਰੀ ਰਿਪੋਰਟ ਦਸੰਬਰ 2020 ਵਿੱਚ ਦੇਵੇਗੀ। ਕੀ ਮੰਨਿਆ ਜਾਏ ਕਿ ਜੁਲਾਈ 2020 ਤੀਕ ਸੂਬੇ ਦੇ ਲੋਕ ਸਿਰਫ ਪੰਜਾਬ ਕਾਂਗਰਸ ਦੇ ਜੈਕਾਰਾ-ਜੈ ਘੋਸ਼ ਅਤੇ ਤਿਰੰਗਾ ਲਹਿਰਾਏ ਜਾਣ ਦੇ ਪ੍ਰੋਗਰਾਮ ਨੂੰ ਹੀ ਰਾਹਤ ਸਮਝਣ?
ਸੂਬੇ ਦੇ ਆਮ ਲੋਕ ਵੀ ਸਮਝ ਰਹੇ ਹਨ ਕਿ ਆਰਥਿਕਤਾ ਨੂੰ ਜਬੂਤ ਕਰਨ ਲਈ ਜੋ ਕਦਮ ਤੁਸੀਂ ਕਰੋਨਾ ਵਾਇਰਸ ਫੈਲਣ ਦੇ ਬਾਅਦ ਚੁੱਕੇ ਹਨ। ਇਹ ਤਾਂ ਸਾਲ 2017 ਵਿੱਚ ਹੀ ਚੁੱਕ ਲੈਣੇ ਬਣਦੇ ਸਨ। ਜਦੋਂ ਤੁਹਾਡੇ ਹੀ ਵਿੱਤ ਮੰਤਰੀ ‘ਖਜਾਨਾ ਖਾਲੀ’ਦੀ ਬਾਰ ਬਾਰ ਗੁਹਾਰ ਲਗਾ ਰਹੇ ਸਨ। ਹੁਣ ਜਦੋਂ ਕਰੋਨਾ ਨਾਲ ਨਜਿੱਠਣ ਲਈ ਤੁਸੀਂ ਸਰਕਾਰੀ ਮੁਲਾਜਮਾਂ ਦੀ ਵੀ ਤਨਖਾਹ ਵਿੱਚ ਕਟੌਤੀ ਵਰਗੇ ਸਖਤ ਫੈਸਲੇ ਵੀ ਐਲਾਨ ਚੁਕੇ ਹੋ ਤਾਂ ਇਹ ਵੀ ਸਪਸ਼ਟ ਕਰ ਦਿਉ ਕਿ ਜਿਨ੍ਹਾਂ ਦਾ ਪਹਿਲੀ ਤਨਖਾਹ ‘ਚ ਨਹੀ ਸੀ ਸਰਦਾ ਉਨ੍ਹਾਂ ਦਾ ਘੱਟ ਤਨਖਾਹ ਵਿੱਚ ਕਿਵੇਂ ਸਰੇਗਾ?ਲ਼ੇਕਿਨ ਇਸ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਤੁਹਾਡੀ ਨਜਰ ਵਿੱਚ ਅਜੇ ਤੀਕ ਕਰੋਨਾ ਖਿਲਾਫ ਮੋਹਰੀ ਕਤਾਰ ਵਿੱਚ ਲੜਨ ਵਾਲੇ ਲੋਕ ਹੀ ਹੀਰੋ ਕਿਉਂ ਹਨ? ਜਿਹੜੇ ਲੋਕ ਘਰਾਂ ਅੰਦਰ ਕੈਦ ਔਰ ਤੁਹਾਡੀ ਬੇਤਰਤੀਬ ਵਿਊਂਤਬੰਦੀ ਦਾ ਖਮਿਆਜਾ ਭੁਗਤ ਰਹੇ ਹਨ, ਉਨ੍ਹਾਂ ਨੂੰ ਕੀ ਦਰਜਾ ਦਿੰਦੇ ਹੋ?
ਕਪਤਾਨ ਸਾਹਿਬ ! ਸਿਆਣੇ ਕਹਿੰਦੇ ਨੇ ਸ਼ਰਾ ਵਿੱਚ ਸ਼ਰਮ ਨਹੀ ਹੁੰਦੀ। ਸਾਲ 2017 ਵਿੱਚ ਵੋਟਾਂ ਮੰਗਦਿਆਂ ਤੁਸੀਂ ਪੰਜਾਬ ਦੇ ਲੋਕਾਂ ਨਾਲ ਸਾਫ ਸੁਥਰੇ ਪ੍ਰਸ਼ਾਸ਼ਨ ਤੇ ਬਿਹਤਰ ਹਾਲਾਤ ਕਰਨ ਦਾ ਵਾਅਦਾ ਕੀਤਾ ਸੀ। ਸੂਬੇ ਦੇ ਲੋਕਾਂ ਨੇ ਤੁਹਾਨੂੰ ਸੱਤਾ ਦਿੱਤੀ ਤੇ ਹੁਣ ਉਨ੍ਹਾਂ ਦੇ ਹੱਕਾਂ ਦੀ ਗੱਲ ਕਰਨੀ ਤੁਹਾਡਾ ਫਰਜ ਹੈ। ਤੁਸੀਂ ਇਹ ਕਹਿਕੇ ਆਪਣੀ ਜਿੰਮੇਵਾਰੀ ਤੋਂ ਭੱਜ ਨਹੀ ਸਕਦੇ ਕਿ ਕੇਂਦਰ ਤੁਹਾਡੀ ਸੁਣਦਾ ਨਹੀ ਹੈ। ਜਿਹੜਾ ਤਿਰੰਗਾ ਤੁਸੀਂ ਅੱਜ ਲਹਿਰਾਇਆ ਹੈ, ਇਸਦੇ ਹੇਠਾਂ ਖਲੋਕੇ ਤੁਸੀਂ ਪੰਜਾਬ ਨੂੰ ਇਨਸਾਫ ਤੇ ਖੁਸ਼ਹਾਲੀ ਦੇਣ ਦੀ ਸਹੁੰ ਚੁਕੀ ਹੈ। ਤੁਹਾਡੇ ਇਸ ਤਰ੍ਹਾਂ ਝੰਡਾ ਹਿਲਾਉਣ ਨੂੰ ਬਗਾਵਤ ਤਾਂ ਨਹੀ ਮੰਨਿਆ ਜਾ ਸਕਦਾ। ਜੇ ਤੁਸੀਂ ਇਹ ਸੰਕੇਤ ਦੇ ਰਹੇ ਹੋ ਤਾਂ ਇਹ ਇੱਕ ਚੰਗੀ ਸ਼ੁਰੂਆਤ ਨਹੀ ਹੈ। ਕਿਉਂਕਿ ਤੁਹਾਡੇ ਵਲੋਂ ਮਹਿਜ ਇਸ ਤਰ੍ਹਾਂ ਝੰਡਾ ਹਿਲਾਉਣ ਨੇ ਪੰਜਾਬ ਨੂੰ ਪੈਰਾਂ ਤੇ ਖਲੋਣ ਜੋਗਾ ਨਹੀ ਕਰਨਾ। ਯਾਦ ਰਹੇ, ਅਸੀਂ ਸਿਰਫ ਉਸ ਤਿਰੰਗੇ ਦੀ ਗੱਲ ਕੀਤੀ ਹੈ ਜਿਸ ਵਿੱਚ ਤਿੰਨ ਰੰਗਾਂ ਦੇ ਨਾਲ ਨਾਲ ਅਸ਼ੌਕ ਚੱਕਰ ਵੀ ਹੈ। ਨਰਿੰਦਰ ਮੋਦੀ ਵਾਂਗ ਮਨ ਦੀ ਬਾਤ ਕਹਿਣ ਦੀ ਬਜਾਏ ਲੋਕਾਂ ਦੇ ਮਨ ਦੀ ਬਾਤ ਦੀ ਤਰਜਮਾਨੀ ਅਮਲੀ ਰੂਪ ਵਿੱਚ ਕਰੋ।