ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਸਿਆਸੀ ਬਦਲਾਖੋਰੀ ਤੋਂ ਉਪਰ ਉੱਠ ਕੇ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਦੀਆਂ ਗੱਲਾਂ ਕਰ ਰਹੇ ਹਨ। ਕੈਪਟਨ ਅਮਰਿੰਦਰ ਨੇ ਆਪਣੇ ਮੰਤਰੀ ਨਵਜੋਤ ਸਿੱਧੂ ਵੱਲੋਂ ਪਿਛਲੀ ਬਾਦਲ-ਭਾਜਪਾ ਸਰਕਾਰ ਵੇਲੇ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਸ਼ੁਰੂ ਕਰਨ ਅਤੇ ਬਾਦਲ ਦਲ ਦੇ ਵੱਡੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਵਾਰ ਵਾਰ ਦੁਹਾਈ ਦਿੱਤੇ ਜਾਣ ਦੇ ਬਾਵਜੂਦ ਮੁੱਖ ਮੰਤਰੀ ਨੇ ਹੁਣ ਤਕ ਕੋਈ ਕਦਮ ਨਹੀਂ ਚੁੱਕਿਆ।

ਪਿਛਲੀ ਸਰਕਾਰ ਦੀ ਸਰਪ੍ਰਸਤੀ ਦਾ ਨਿੱਘ ਮਾਣਨ ਵਾਲੀ ਇਕ ਕੇਬਲ ਕੰਪਨੀ ਵੱਲੋਂ 684 ਕਰੋੜ ਰੁਪਏ ਨਾ ਤਾਰੇ ਜਾਣ ਦੇ ਮਾਮਲੇ ਵਿੱਚ ਵਿਜੀਲੈਂਸ ਜਾਂਚ ਦਾ ਹੁਕਮ ਦੇਣ ਬਾਰੇ ਮੀਡੀਆ ਵਲੋਂ ਪੁੱਛੇ ਜਾਣ ‘ਤੇ ਕੈਪਟਨ ਨੇ ਕਿਹਾ, ‘ਇਸ ਤੋਂ ਪਹਿਲਾਂ ਅਸੀਂ ਬਦਲਾਖੋਰੀ ਦੀ ਕਾਰਵਾਈ ਕਾਫ਼ੀ ਦੇਖ ਚੁੱਕੇ ਹਾਂ। ਇਸ ’ਚੋਂ ਕੁੱਝ ਨਹੀਂ ਨਿਕਲਦਾ। ਇਨ੍ਹਾਂ ਮੁੱਦਿਆਂ ’ਤੇ ਸਮਾਂ ਕਿਉਂ ਬਰਬਾਦ ਕਰਨਾ ਜਦੋਂ ਇਸ ਤੋਂ ਕਿਤੇ ਵੱਧ ਜ਼ਰੂਰੀ ਸੂਬੇ ਦੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਅਤੇ ਸੂਬੇ ਨੂੰ ਵਿਕਾਸ ਵੱਲ ਲਿਜਾਣ ਦੇ ਕੰਮ ਹਨ।’
ਸਬੰਧਤ ਖ਼ਬਰ:
ਵਿਜੀਲੈਂਸ ਅਤੇ ਟਰੈਫਿਕ ਅਧਿਕਾਰੀਆਂ ਦੇ ਬਿਆਨ ਵੱਖੋ-ਵੱਖ, ਜ਼ਬਤ ਕੀਤੀਆਂ ਬੱਸਾਂ ਮੁੜ ਸੜਕਾਂ ’ਤੇ ਆਈਆਂ …
ਜਦਕਿ ਕੈਪਟਨ ਦੇ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਬਾਦਲ -ਭਾਜਪਾ ਦੇ ਦਸ ਸਾਲਾਂ ਦੇ ਰਾਜ ਵਿੱਚ ਇਸ ਕੰਪਨੀ ਦੀ ਕੇਬਲ ਨੈੱਟਵਰਕ ਉਤੇ ਸਰਦਾਰੀ ਕਾਇਮ ਕੀਤੀ ਗਈ ਅਤੇ ਇਸ ਕੋਲੋਂ ਕੋਈ ਸਰਕਾਰੀ ਫੀਸ ਨਹੀਂ ਉਗਰਾਹੀ ਗਈ। ਨਵਜੋਤ ਸਿੱਧੂ ਨੇ ਆਪਣੇ ਮਹਿਕਮੇ ਨੂੰ ਇਸ ਕੇਬਲ ਕੰਪਨੀ ਅਤੇ ਇਸ ਦੇ ਅਪਰੇਟਰਾਂ ਤੋਂ ਸਰਕਾਰੀ ਰਕਮ ਉਗਰਾਹੁਣ ਦਾ ਹੁਕਮ ਦਿੰਦਿਆਂ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਾਉਣ ਲਈ ਕਿਹਾ ਗਿਆ ਸੀ। ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਨਸ਼ਾ ਤਸਕਰੀ ਵਿੱਚ ਸ਼ਾਮਲ ਬਾਦਲ ਦਲ ਦੇ ਇਕ ਸੀਨੀਅਰ ਆਗੂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ।
ਕੈਪਟਨ ਅਮਰਿੰਦਰ ਨੇ ਕਿਹਾ, “ਸਿੱਧੂ ਦਾ ਬਿਆਨ ਮੈਂ ਅਖ਼ਬਾਰਾਂ ਵਿੱਚ ਹੀ ਪੜ੍ਹਿਆ ਹੈ। ਮੈਂ ਅਜਿਹੇ ਦਬਾਅ ਅੱਗੇ ਗੋਡੇ ਨਹੀਂ ਟੇਕਣੇ ਚਾਹੁੰਦਾ, ਜੋ ਵਿਕਾਸ ਦੇ ਏਜੰਡੇ ਤੋਂ ਧਿਆਨ ਭਟਕਾਉਂਦਾ ਹੈ। ਪਰ ਹਾਂ, ਜੇਕਰ ਕਿਸੇ ਵੀ ਖ਼ਿਲਾਫ਼ ਕੋਈ ਠੋਸ ਸਬੂਤ ਮਿਲਿਆ ਤਾਂ ਉਸ ਵਿਅਕਤੀ ਨੂੰ ਛੱਡਿਆ ਨਹੀਂ ਜਾਵੇਗਾ।”