ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. 1984 ਕਤਲੇਆਮ ਦੀ ਜਾਂਚ ਲਈ ਦਿੱਲੀ ਪੁਲਿਸ ਦੀ ਬਜਾਏ ਦੂੱਜੇ ਸੂਬੇ ਦੀ ਪੁਲਿਸ ਜਾਂ ਸੀ.ਬੀ.ਆਈ. ਤੋਂ ਉਕਤ ਕੇਸਾਂ ਦੀ ਜਾਂਚ ਕਰਵਾਉਣ ਦੀ ਵਕਾਲਤ ਕਰਦੇ ਹੋਏ ਦਿੱਲੀ ਪੁਲਿਸ ਦੀ ਪੁਰਾਣੀ ਕਾਰਜਪ੍ਰਣਾਲੀ ਨੂੰ ਸਿੱਖਾਂ ਨੂੰ ਇਨਸਾਫ ਨਾ ਮਿਲਣ ਦਾ ਦੋਸ਼ੀ ਵੀ ਦੱਸਿਆ। ਜੀ.ਕੇ. ਨੇ ਖਾਸ ਤੌਰ ਤੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲਨਾਥ ਦੇ ਕੇਸਾਂ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੀ ਮੰਗ ਵੀ ਐਸ.ਆਈ.ਟੀ. ਤੋਂ ਕੀਤੀ।

ਕਾਂਗਰਸੀ ਆਗੂ ਕਮਲਨਾਥ ਨੂੰ ਕਾਂਗਰਸ ਵੱਲੋਂ ਪੰਜਾਬ ਦਾ ਇੰਚਾਰਜ ਬਣਾਏ ਜਾਣ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਜੀ.ਕੇ. ਨੇ ਕਮਲਨਾਥ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਤੇ 1984 ਵਿੱਚ ਹੋਏ ਹਮਲੇ ਦਾ ਮੁੱਖ ਹਮਲਾਵਰ ਵੀ ਕਰਾਰ ਦਿੱਤਾ। ਕਮਲਨਾਥ ਦੀ ਇਸ ਮਸਲੇ ਤੇ ਮੀਡੀਆ ਵਿੱਚ ਆਈ ਸਫਾਈ ਨੂੰ ਨਾਕਾਫੀ ਦੱਸਦੇ ਹੋਏ ਜੀ.ਕੇ. ਨੇ ਮਿਸ਼ਰਾ ਤੇ ਨਾਨਾਵਤੀ ਕਮਿਸ਼ਨ ਵਿੱਚ ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਪੱਤਰਕਾਰ ਸੰਜੈ ਸੂਰੀ ਵੱਲੋਂ ਕਮਲਨਾਥ ਦੇ ਖਿਲਾਫ ਦਿੱਤੇ ਗਏ ਐਫੀਡੈਵਿਟਾਂ ਦੀ ਦਿੱਲੀ ਪੁਲਿਸ ਵੱਲੋਂ ਠੀਕ ਢੰਗ ਨਾਲ ਜਾਂਚ ਨਹੀਂ ਕਰਨ ਦਾ ਵੀ ਇਲਜ਼ਾਮ ਲਗਾਇਆ। ਜੀ.ਕੇ. ਨੇ 1984 ਵਿਚ ਹੋਏ ਗੁਰਦੁਆਰਾ ਰਕਾਬਗੰਜ ਸਾਹਿਬ ’ਤੇ ਹਮਲੇ ਦੌਰਾਨ 2 ਸਿੱਖਾਂ ਦੇ ਸ਼ਹੀਦ ਹੋਣ ਅਤੇ ਅੱਜ ਵੀ ਦੀਵਾਰ ਤੇ ਗੋਲੀ ਦੇ ਨਿਸ਼ਾਨ ਹੋਣ ਦੀ ਵੀ ਜਾਣਕਾਰੀ ਦਿੱਤੀ।
ਜੀ.ਕੇ. ਨੇ ਕਿਹਾ ਕਿ ਕਾਂਗਰਸੀ ਮਾਨਸਿਕਤਾ ਅੱਜ ਵੀ ਸਿੱਖਾਂ ਦੇ ਖਿਲਾਫ ਨਹੀਂ ਬਦਲੀ ਹੈ। 1984 ਵਿਚ ਸਿੱਖਾਂ ਤੇ ਤਸ਼ਦੱਦ ਕਰਨ ਤੋਂ ਬਾਅਦ ਜਿਸ ਪ੍ਰਕਾਰ ਕਾਂਗਰਸ ਨੇ ਰਾਜੀਵ ਗਾਂਧੀ ਦੀ ਅਗਵਾਹੀ ਵਿਚ 416 ਸੀਟਾਂ ਮਾਹੌਲ ਖਰਾਬ ਹੋਣ ਕਰਕੇ ਆਮ ਚੋਣਾਂ ਦੌਰਾਨ ਜਿੱਤਿਆ ਸਨ ਉਸੇ ਤਰਜ ਤੇ ਕਾਂਗਰਸ ਇੱਕ ਵਾਰ ਫਿਰ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਕੇ ਚੋਣਾਂ ਜਿੱਤਣ ਦਾ ਸੁਪਨਾ ਲੈ ਰਹੀ ਹੈ।
ਜੀ.ਕੇ. ਨੇ ਉਸ ਵੇਲੇ ਦੇ ਡੀ.ਸੀ.ਪੀ. ਜਾਟਵ ਅਤੇ ਕੌਲ ਦੀ ਭੂਮਿਕਾ ਨੂੰ ਵੀ ਸ਼ੱਕੀ ਕਰਾਰ ਦਿੱਤਾ। ਜੀ.ਕੇ. ਨੇ ਦਾਅਵਾ ਕੀਤਾ ਕਿ ਕਮਲਨਾਥ ਗੁਰੁਦਵਾਰੇ ਤੇ ਹਮਲੇ ਦੇ ਦੌਰਾਨ ਲਗਭਗ 2 ਘੰਟੇ ਤੱਕ ਇਸ ਸਥਾਨ ਤੇ ਮੌਜੂਦ ਰਹੇ ਸਨ। ਜੀ.ਕੇ. ਨੇ ਸਵਾਲ ਕੀਤਾ ਕਿ ਕਮਲਨਾਥ ਆਪਣੀ ਪਾਰਟੀ ਮੁਖੀ ਦੀ ਹੱਤਿਆ ਦੇ ਬਾਅਦ ਉਨ੍ਹਾਂ ਦੀ ਲਾਸ਼ ਕੋਲ ਤਿੰਨ ਮੂਰਤੀ ਰੋਡ ਦੀ ਕੋਠੀ ਵਿੱਚ ਹੋਣ ਦੀ ਬਜਾਏ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਕੀ ਕਰ ਰਹੇ ਸਨ, ਜਦੋਂਕਿ ਉਹ ਗੁਰਦੁਆਰਾ ਰੋਜਾਨਾ ਆਉਣ ਵਾਲੇ ਸ਼ਰਧਾਲੂ ਵੀ ਨਹੀਂ ਸਨ।
ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਮੁਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਦਰਸ਼ਨ ਸਿੰਘ,ਹਰਦੇਵ ਸਿੰਘ ਧਨੌਆ, ਬੀਬੀ ਧੀਰਜ ਕੋਰ, ਹਰਜਿੰਦਰ ਸਿੰਘ, ਜੀਤ ਸਿੰਘ, ਗੁਰਮੀਤ ਸਿੰਘ ਲੁਬਾਣਾ, ਅਕਾਲੀ ਆਗੂ ਵਿਕਰਮ ਸਿੰਘ ਅਤੇ ਪੁਨਪ੍ਰੀਤ ਸਿੰਘ ਮੌਜੂਦ ਸਨ।