ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਬਾਦਲ ਵਿਰੋਧੀ ਵੋਟ ਵੰਡੇ ਜਾਣ ਦਾ ਲਾਹਾ ਕਾਬਜ਼ ਬਾਦਲ ਧੜੇ ਨੂੰ ਮਿਲਿਆ ਹੈ। ਇਹ ਧੜਾ ਲਗਾਤਾਰ ਦੂਜੀ ਵਾਰ ਦਿੱਲੀ ਕਮੇਟੀ ਉਪਰ ਕਾਬਜ਼ ਹੋਣ ਵਿੱਚ ਸਫਲ ਰਿਹਾ ਹੈ। ਇਸ ਵਾਰ ਸਿੱਖ ਵੋਟਰਾਂ ਦੀਆਂ ਪੋਲ ਹੋਈਆਂ 1 ਲੱਖ 75 ਹਜ਼ਾਰ ਤੋਂ ਵੱਧ ਵੋਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ 43.88% ਵੋਟਾਂ ਮਿਲੀਆਂ। ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਨੂੰ 29.86 ਫੀਸਦੀ ਵੋਟਾਂ ਮਿਲੀਆਂ ਜਦੋਂ ਕਿ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੇ ਪੰਥਕ ਸੇਵਾ ਦਲ ਨੂੰ 8.38 ਫੀਸਦੀ ਵੋਟਾਂ ਮਿਲੀਆਂ ਹਾਲਾਂਕਿ ਇਹ ਦਲ ਕੋਈ ਸੀਟ ਨਾ ਜਿੱਤ ਸਕਿਆ। ਆਮ ਅਕਾਲੀ ਦਲ ਨੂੰ ਸਿਰਫ਼ 0.74 ਫੀਸਦੀ ਵੋਟਾਂ ਹੀ ਮਿਲੀਆਂ। ਇਸ ਦਲ ਨੇ ਵੀ ਪਹਿਲੀ ਵਾਰ ਚੋਣਾਂ ਵਿੱਚ ਹਿੱਸਾ ਲਿਆ। ਭਾਈ ਰਣਜੀਤ ਸਿੰਘ ਦੀ ਸਰਪ੍ਰਸਤੀ ਵਾਲੀ ਅਕਾਲ ਸਹਾਇ ਵੈਲਫੇਅਰ ਸੁਸਾਇਟੀ ਨੂੰ 3.14 ਫੀਸਦੀ ਵੋਟਾਂ ਹੀ ਪ੍ਰਾਪਤ ਹੋਈਆਂ ਤੇ ਐਨੀਆਂ ਕੁ ਵੋਟਾਂ ਨਾਲ ਹੀ ਉਹ 2 ਉਮੀਦਵਾਰ ਜਿੱਤਾਉਣ ਵਿੱਚ ਸਫਲ ਰਹੇ। ਆਜ਼ਾਦ ਉਮੀਦਵਾਰ ਕਰੀਬ 14 ਫੀਸਦੀ ਵੋਟਾਂ ਲੈ ਗਏ।

ਇਸ ਵਾਰ ਚੋਣਾਂ ਲੜਨ ਵਾਲੇ ਧੜਿਆਂ ਵਿੱਚੋਂ ਦੋਨੋਂ ਮੁੱਖ ਧੜਿਆਂ ਤੋਂ ਇਲਾਵਾ ਸਿਰਫ਼ ਪੰਥਕ ਸੇਵਾ ਦਲ ਹੀ ਅਗਲੀ ਵਾਰ ਲਈ ਇੱਕੋ ਪੱਕਾ ਚੋਣ ਨਿਸ਼ਾਨ ਲੈਣ ਦੇ ਕਾਬਲ ਹੋਵੇਗਾ ਕਿਉਂਕਿ ਉਸ ਨੇ ਦਿੱਲੀ ਗੁਰਦੁਆਰਾ ਐਕਟ ਦੀ ਸ਼ਰਤ ਮੁਤਾਬਕ ਕੁਲ ਭੁਗਤੀਆਂ ਵੋਟਾਂ ਵਿੱਚੋਂ 6 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ) ਦੇ ਪ੍ਰਧਾਨ ਜਸਜੀਤ ਸਿੰਘ ਟੋਨੀ ਨੇ ਕਿਹਾ ਕਿ ਸਰਨਾ ਭਰਾ ਵਿਰੋਧੀ ਧਿਰਾਂ ਨੂੰ ਜੇਕਰ ਇਕੱਠਾ ਕਰ ਲੈਂਦੇ ਤਾਂ ਉਨ੍ਹਾਂ ਦਾ ਐਨਾ ਮਾੜਾ ਹਸ਼ਰ ਨਹੀਂ ਸੀ ਹੋਣਾ ਤੇ ਦਿੱਲੀ ਕਮੇਟੀ ਦੇ ਨਤੀਜੇ ਕੁਝ ਹੋਰ ਹੁੰਦੇ। ਉਨ੍ਹਾਂ ਕਿਹਾ ਕਿ ਜੇਕਰ ਇਹ ਚੋਣਾਂ ਪੰਜਾਬ ਵਿਧਾਨ ਸਭਾ ਦੇ 11 ਮਾਰਚ ਨੂੰ ਸਾਹਮਣੇ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਹੋਈਆਂ ਹੁੰਦੀਆਂ ਤਾਂ ਬਾਦਲਾਂ ਲਈ ਵੀ ਹਾਲਤ ਹੋਰ ਹੋਣੇ ਸਨ। ਜਾਣਕਾਰੀ ਮੁਤਾਬਕ ਪਰਦੇ ਪਿੱਛੇ ਅਕਾਲ ਸਹਾਇ ਵੈਲਫੇਅਰ ਸੁਸਾਇਟੀ, ਪੰਥਕ ਸੇਵਾ ਦਲ ਤੇ ਸਿੱਖ ਸਦਭਾਵਾਨ ਦਲ ਦੇ ਆਗੂਆਂ ਦਰਮਿਆਨ ਕਈ ਦਿਨਾਂ ਤੱਕ ਬੈਠਕਾਂ ਦਾ ਦੌਰ ਚੱਲਿਆ ਪਰ ਗੱਲ ਕਿਸੇ ਤਣ-ਪੱਤਣ ਨਾ ਲੱਗੀ। ਸਿਰਫ਼ ਕੁਝ ਹਲਕਿਆਂ ਲਈ ਹੀ ਅਕਾਲ ਸਹਾਇ ਤੇ ਸਿੱਖ ਸਦਭਾਵਨਾ ਦਲ ਦਰਮਿਆਨ ਹੀ ਦੋਨਾਂ ਧੜਿਆਂ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਦਾ ਸਮਝੌਤਾ ਹੋਇਆ। ਪੰਥਕ ਸੇਵਾ ਦਲ ਨੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨਾਲ ਸਮਝੌਤਾ ਕਰਨ ਤੋਂ ਟਾਲ਼ਾ ਵੱਟਿਆ ਪਰ ਚੋਣਾਂ ਦੌਰਾਨ ਕੋਈ ਸਫਲਤਾ ਨਾ ਪਾ ਸਕੇ। ਭਾਈ ਰਣਜੀਤ ਸਿੰਘ ਨੇ ਕਾਂਗਰਸੀ ਆਗੂ ਤੇ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਾਰਵਾਹ ਦਾ ਪੂਰਾ ਸਮਰਥਨ ਕੀਤਾ।
ਜੇਤੂ ਉਮੀਦਵਾਰਾਂ ਦੀ ਪੂਰੀ ਸੂਚੀ ਪੜ੍ਹਨ ਲਈ:
ਦਿੱਲੀ ਗੁਰਦੁਆਰਾ ਚੋਣਾਂ ’ਚ ਬਾਦਲ ਦਲ ਦਾ ਕਬਜ਼ਾ ਬਰਕਰਾਰ; ਸਰਨਾ ਦੀ ਲਗਾਤਾਰ ਦੂਜੀ ਹਾਰ …