ਨਵੀਂ ਦਿੱਲੀ (2 ਮਾਰਚ, 2015): ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਪੀੜਤਾਂ ਦੇ ਮਾਮਲਿਆਂ ਦੀ ਪੈਰਵੀ ਕਰ ਰਹੇ ਸੀਨੀਅਰ ਵਕੀਲ ਐਚ. ਐਸ. ਫੂਲਕਾ ਵਲੋਂ ਦਾਇਰ ਸ਼ਿਕਾਇਤ ‘ਤੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਖਿਲਾਫ ਅੱਜ ਦੋਸ਼ ਆਇਦ ਕੀਤੇ ਜਿਸ ਨਾਲ ਉਸ ਖਿਲਾਫ ਨਿਯਮਤ ਰੂਪ ‘ਚ ਕੇਸ ਚੱਲਣ ਲਈ ਰਾਹ ਪੱਧਰਾ ਹੋ ਗਿਆ ਹੈ।
![ਜਗਦੀਸ਼ ਟਾਇਟਲਰ ਅਤੇ ਐਡਵੋਕੇਟ ਸ੍ਰ. ਹਰਵਿੰਦਰ ਸਿੰਘ ਫੂਲਕਾ [ ਫਾਈਲ ਫੋਟੋ]](https://sikhsiyasatnews.info/wp-content/uploads/Phoolka-tytler1.jpg)
ਅਦਾਲਤ ਨੇ ਸੀ. ਆਰ. ਪੀ. ਸੀ. ਦੀ ਧਾਰਾ ਤਹਿਤ ਟਾਈਟਲਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਉਸ ਨੇ ਪ੍ਰਤੱਖ ਰੂਪ ਵਿਚ ਸੀਨੀਅਰ ਵਕੀਲ ਐਚ. ਐਸ. ਫੂਲਕਾ ਖਿਲਾਫ ਦੋਸ਼ ਲਾ ਕੇ ਉਨਾਂ ਨੂੰ ਬਦਨਾਮ ਕੀਤਾ ਸੀ।
ਵਧੀਕ ਚੀਫ ਮੈਟਰੋਪੋਲੀਟਨ ਮਜਿਸਟਰੇਟ ਗੌਰਵ ਰਾਓ ਨੇ ਕਿਹਾ ਕਿ ਤੁਹਾਨੂੰ ਇਸ ਗੱਲ ਦਾ ਪਤਾ ਸੀ ਕਿ ਤੁਹਾਡੇ ਵਲੋਂ ਦੋਸ਼ ਲਾਉਣ ਨਾਲ ਸ਼ਿਕਾਇਤਕਰਤਾ (ਫੂਲਕਾ) ਦਾ ਅਕਸ ਖਰਾਬ ਹੋਵੇਗਾ ਅਤੇ ਅਜਿਹੀ ਕਾਰਵਾਈ ਕਰਕੇ ਤੁਸੀਂ ਭਾਰਤੀ ਦੰਡਾਵਲੀ ਦੀ 499, 500 ਤਹਿਤ ਅਪਰਾਧ ਕੀਤਾ ਹੈ।
ਇਸ ਪਿੱਛੋਂ ਅਦਾਲਤ ਨੇ ਗਵਾਹਾਂ ਦੇ ਬਿਆਨ ਦਰਜ ਕਰਨ ਲਈ ਸੁਣਵਾਈ 2 ਮਈ ‘ਤੇ ਪਾ ਦਿੱਤੀ।
ਜ਼ਿਕਰਯੋਗ ਹੈ ਕਿ ਇੱਕ ਟੈਲੀਵਿਜ਼ਨ ਇੰਟਰਵਿਊ, ਜਿਸ ਵਿੱਚ ਸਿੱਖ ਐਡਵੋਕੇਟ ਐੱਚ ਐੱਸ ਫੂਲਕਾ ਅਤੇ ਜਗਦੀਸ਼ ਟਾਇਟਲਰ ਦੋਵੇਂ ਹਾਜ਼ਰ ਸਨ ਅਤੇ ਇਸ ਇੰਟਰਵਿਊ ਦੌਰਾਨ ਜਗਦੀਸ਼ ਟਾਇਟਲਰ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।ਜਿਸਤੇ ਸ੍ਰ. ਫੁਲਕਾ ਨੇ ਟਾਇਟਲਰ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ਼ ਕਰਵਾਇਆ ਸੀ।