ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਰਟੀ ਦਾ ਕਿਸਾਨ ਚੋਣ ਮਨੋਰਥ ਪੱਤਰ 11 ਸਤੰਬਰ ਨੂੰ ਮੋਗਾ ਵਿਖੇ ਜਾਰੀ ਕਰਨਗੇ। ਇਸਦਾ ਐਲਾਨ ਕਰਦਿਆਂ ਚੋਣ ਮਨੋਰਥ ਪੱਤਰ ਕਮੇਟੀ ਪੰਜਾਬ ਦੇ ਮੁੱਖੀ ਕੰਵਰ ਸੰਧੂ ਨੇ ਕਿਹਾ ਕਿ ਇਸ ਚੋਣ ਮਨੋਰਥ ਪੱਤਰ ਵਿਚ ਖੇਤੀ ਨਾਲ ਸੰਬੰਧਤ ਸਾਰੇ ਪੱਖ ਉਭਾਰੇ ਜਾਣਗੇ ਅਤੇ ਕਿਸਾਨਾਂ ਨੂੰ ਹਰੀ ਕ੍ਰਾਂਤੀ ਤੋਂ ਅੱਗੇ ਲੈ ਕੇ ਜਾਣ ਦੀ ਯੋਜਨਾ ਦੱਸੀ ਜਾਵੇਗੀ। ਜੋ ਕਿ ਅਜੋਕੇ ਸਮੇਂ ਦੀ ਮੁੱਖ ਮੰਗ ਹੈ।
ਸੰਧੂ ਨੇ ਕਿਹਾ ਕਿ ਕਿਸਾਨ ਚੋਣ ਮਨੋਰਥ ਪੱਤਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਕਿਸਾਨਾਂ ਅਤੇ ਖੇਤੀ ਨਾਲ ਸੰਬੰਧਤ ਹੋਰ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਬਣਾਇਆ ਗਿਆ ਹੈ ਜਿਸ ਵਿਚ ਉਨ੍ਹਾਂ ਵਲੋਂ ਪੇਸ਼ ਕੀਤੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਚੋਣ ਮਨੋਰਥ ਪੱਤਰ ਨੂੰ ਤਿਆਰ ਕਰਨ ਲਈ ਬੋਲਦਾ ਪੰਜਾਬ ਦੀ ਟੀਮ ਨੇ ਪੰਜਾਬ ਦੇ ਮੋਗਾ, ਤਲਵੰਡੀ ਭਾਈ, ਬਠਿੰਡਾ, ਮਾਨਸਾ, ਨਡਾਲਾ, ਹੁਸ਼ਿਆਰਪੁਰ, ਤਰਨਤਾਰਨ ਅਤੇ ਲੁਧਿਆਣਾ (ਡੇਅਰੀ ਉਤਪਾਦਕ) ਖੇਤਰਾਂ ਵਿਚ ਜਾ ਕੇ ਕਿਸਾਨਾਂ ਅਤੇ ਖੇਤੀ ਨਾਲ ਸੰਬੰਧਿਤ ਹੋਰ ਲੋਕਾਂ ਨਾਲ ਗਲਬਾਤ ਕੀਤੀ।

ਇਨ੍ਹਾਂ ਵਿਚੋਂ ਮਾਨਸਾ ਵਿਖੇ ਕੀਤਾ ਗਿਆ ਡਾਇਲਾਗ ਸਭ ਤੋਂ ਪੀੜਦਾਇਕ ਸੀ ਜਿਸ ਵਿਚ ਕਿ ਕਿਸਾਨਾਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਰੱਜ ਕੇ ਰੋਸ ਜਾਹਿਰ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਦਾ ਮਾਨਸਾ ਇਲਾਕਾ ਕਿਸਾਨ ਆਤਮ ਹੱਤਿਆਵਾਂ ਦੇ ਮਾਮਲੇ ਵਿਚ ਸਭ ਤੋਂ ਵੱਧ ਪੀੜਿਤ ਹੈ।
ਪੰਜਾਬ ਵਿਚ ਫਸਲੀ ਵਿਭਿੰਨਤਾ ‘ਤੇ ਜ਼ੋਰ ਦਿੰਦਿਆਂ ਸੰਧੂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ਵਿਚੋਂ ਕੱਢਣ ਲਈ ਹੋਰ ਫਸਲਾਂ ਨੂੰ ਵਧਾਵਾ ਦਿੱਤਾ ਜਾਣਾ ਸਮੇਂ ਦੀ ਮੁੱਖ ਮੰਗ ਹੈ ਅਤੇ ਇਸਦੇ ਲਈ ਉਨ੍ਹਾਂ ਨੇ ‘ਸਤਰੰਗੀ ਕ੍ਰਾਂਤੀ’ (ਰੇਨਬੋ ਰੈਵੂਲੁਸ਼ਨ) ਦੀ ਯੋਜਨਾ ਤਿਆਰ ਕੀਤੀ ਹੈ।
ਇਸ ਤੋਂ ਬਿਨਾ ਆਉਣ ਵਾਲੇ ਪੰਜਾਂ ਸਾਲਾਂ ਵਿਚ ਵੱਖ-ਵੱਖ ਵਰਗਾਂ ਲਈ ਕੀਤੇ ਜਾਣ ਵਾਲੇ ਕਾਰਜਾਂ ਸੰਬੰਧੀ ਵੀ ਚੋਣ ਮਨੋਰਥ ਪੱਤਰ ਤਿਆਰ ਕੀਤੇ ਜਾਣਗੇ। ਕਿਸਾਨ ਚੋਣ ਮਨੋਰਥ ਪੱਤਰ ਤੋਂ ਬਾਅਦ ਐਸ.ਸੀ/ਐਸ.ਟੀ ਅਤੇ ਵਪਾਰੀ-ਉਦਯੋਗਪਤੀ ਚੋਣ ਮਨੋਰਥ ਪੱਤਰ ਬਣਾਇਆ ਜਾਵੇਗਾ। ਇਹ ਕਾਰਜ ਇਨ੍ਹਾਂ ਵਰਗਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਅਤੇ ਪੰਜਾਬ ਦੇ ਕੋਨੇ-ਕੋਨੇ ਵਿਚ ਵਸਦੇ ਆਮ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ 3 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਨੇ ਅਮ੍ਰਿਤਸਰ ਵਿਖੇ 51 ਬਿੰਦੂਆਂ ਦਾ ਨੌਜਵਾਨ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ। ਅੰਤ ਵਿਚ ਸਾਰੇ ਵਰਗਾਂ ਲਈ ਸਾਂਝਾ ‘ਆਪ ਮੈਨੀਫੈਸਟੋ-ਮਿਸ਼ਨ 2017’ ਜਾਰੀ ਕੀਤਾ ਜਾਵੇਗਾ ਜਿਸ ਵਿਚ 2017 ਦੀਆਂ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਦੀ ਰਣਨੀਤੀ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਨਸ਼ਾ ਤਸਕਰੀ ਵਿਚ ਗ੍ਰਿਫਤਾਰ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੂੰ ਸਰਕਾਰ ਵਲੋਂ ਦਿੱਤੀ ਕਲੀਨ ਚਿੱਟ ਬਾਰੇ ਸੰਧੂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਜਾਣਬੁਝ ਕੇ ਇਸ ਕੇਸ ਦੀ ਪੈਰਵਾਈ ਠੀਕ ਢੰਗ ਨਾਲ ਨਹੀਂ ਕੀਤੀ ਅਤੇ ਉਨ੍ਹਾਂ ਅਜਿਹਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਲਈ ਕੀਤਾ ਹੈ ਕਿਉਂਕਿ ਭੋਲਾ ਨੇ ਸਿੱਧੇ ਤੌਰ ‘ਤੇ ਮਜੀਠੀਆ ਦੀ ਨਸ਼ਾ ਤਸਕਰੀ ਦੇ ਕੇਸਾਂ ਵਿਚ ਸ਼ਮੂਲੀਅਤ ਬਾਰੇ ਬਿਆਨ ਦਿੱਤਾ ਸੀ।
ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਨਸ਼ੇ ਨਾਲ ਸੰਬੰਧਤ ਸਾਰੇ ਕੇਸ ਫਿਰ ਤੋਂ ਖੋਲੇ ਜਾਣਗੇ ਅਤੇ ਭੋਲਾ ਨੂੰ ਕੇਸ ਵਿਚੋਂ ਬਰੀ ਕੀਤੇ ਜਾਣ ਦੀ ਮੁੜ ਤਫਤੀਸ਼ ਕੀਤੀ ਜਾਵੇਗੀ।
ਸੰਧੂ ਨੇ ਕਿਹਾ ਕਿ ਕਿਸਾਨ ਚੋਣ ਮਨੋਰਥ ਪੱਤਰ ਵਿਚ ਪੰਜਾਬ ਅੰਦਰ ਹੋ ਰਹੀਆਂ ਕਿਸਾਨਾਂ ਅਤੇ ਖੇਤ ਮਜਦੂਰਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਇਕ ਐਕਸ਼ਨ ਪਲਾਨ ਵੀ ਤਿਆਰ ਕੀਤਾ ਜਾਵੇਗਾ ਅਤੇ ਸਰਕਾਰ ਬਣਨ ਤੋਂ ਬਾਅਦ ਇਕ ਸਾਲ ਦੇ ਵਿਚ ਹੀ ਕਿਸਾਨਾਂ ਅਤੇ ਖੇਤ ਮਜਦੂਰਾਂ ਦੀਆਂ ਖੁਦਕੁਸ਼ੀਆਂ ਸੰਪੂਰਨ ਤੌਰ ‘ਤੇ ਬੰਦ ਕਰਨ ਲਈ ਵੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਵ ਪੰਜਾਬ ਵਿਚ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਕੇ ਕਿਸਾਨਾਂ ਦੇ ਚਿਹਰਿਆਂ ‘ਤੇ ਖੁਸ਼ੀ ਵਾਪਿਸ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਮਨੋਰਥ ਪੱਤਰ ਵਿਰੋਧੀ ਰਾਜਨੀਤਿਕ ਪਾਰਟੀਆਂ ਦੁਆਰਾ ਆਮ ਆਦਮੀ ਪਾਰਟੀ ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਵੀ ਵਿਰਾਮ ਦੇਵੇਗਾ।
ਇਸ ਪ੍ਰਕਿਰਿਆ ਦੌਰਾਨ ਟੀਮ ਨੇ 2400 ਦੇ ਲਗਭਗ ਲਿਖਤੀ ਸੁਝਾਅ 5 ਹਜ਼ਾਰ ਈ-ਮੇਲ ਅਤੇ ਐਸ.ਐਮ.ਐਸ. ਪ੍ਰਾਪਤ ਕੀਤੇ। ਇਸ ਤੋਂ ਬਿਨਾ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੇ ਕਰੀਬ 200 ਮੇਲਾਂ ਕਰਕੇ ਪੰਜਾਬ ਵਿਚ ਕਿਸਾਨੀ ਨੂੰ ਮੁੜ ਸੁਰਜੀਤ ਕਰਨ ਸੰਬੰਧੀ ਆਪਣੇ ਸੁਝਾਅ ਦਿੱਤੇ। ਇਸ ਤੋਂ ਬਿਨਾਂ ਖੇਤੀ ਵਿਗਿਆਨੀਆਂ ਅਤੇ ਅਗਾਂਹਵਧੂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ।
ਕਿਸਾਨ ਚੋਣ ਮਨੋਰਥ ਪੱਤਰ ਪੰਜਾਬ ਦੇ ਕੰਢੀ ਖੇਤਰ, ਮੰਡ ਖੇਤਰ ਅਤੇ ਸਰਹੱਦੀ ਖੇਤਰ ਦੇ ਕਿਸਾਨਾਂ ਲਈ ਇਕ ਵੱਖਰੀ ਰਣਨੀਤੀ ਪੇਸ਼ ਕਰੇਗਾ। ਇਸ ਤੋਂ ਬਿਨਾਂ ਫਲ ਉਤਪਾਦਕਾਂ, ਸਬਜ਼ੀ ਉਤਪਾਦਕਾਂ, ਗੰਨਾ ਉਤਪਾਦਕਾਂ, ਮੱਕੀ ਉਤਪਾਦਕਾਂ ਅਤੇ ਫੁੱਲ ਉਤਪਾਦਕਾਂ ਨਾਲ ਵੀ ਗੱਲਬਾਤ ਕੀਤੀ ਗਈ। ਸੰਧੂ ਨੇ ਕਿਹਾ ਕਿ ਖੇਤ ਮਜ਼ਦੂਰ ਪੰਜਾਬ ਦੀ ਕਿਸਾਨੀ ਦਾ ਇਕ ਅਟੁੱਟ ਅੰਗ ਹਨ ਅਤੇ ਉਨ੍ਹਾਂ ਲਈ ਭਲਾਈ ਸਕੀਮਾਂ ਤਿਆਰ ਕੀਤੇ ਬਿਨਾਂ ਕਿਸਾਨੀ ਦਾ ਭਲਾ ਨਹੀਂ ਕੀਤਾ ਜਾ ਸਕਦਾ।