Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ: 64 ਸਾਲਾ ਗੋਰੇ ਨੇ ਹੋਟਲ ਦੀ 32ਵੀਂ ਮੰਜ਼ਿਲ ਤੋਂ ਗੋਲੀਆਂ ਚਲਾ ਕੇ 58 ਬੰਦੇ ਮਾਰੇ

ਅਮਰੀਕਾ: 64 ਸਾਲਾ ਗੋਰੇ ਨੇ ਹੋਟਲ ਦੀ 32ਵੀਂ ਮੰਜ਼ਿਲ ਤੋਂ ਗੋਲੀਆਂ ਚਲਾ ਕੇ 58 ਬੰਦੇ ਮਾਰੇ

ਲਾਸ ਵੈਗਸ: ਅਮਰੀਕੀ ਸ਼ਹਿਰ ਲਾਸ ਵੈਗਸ ਵਿੱਚ ਐਤਵਾਰ ਦੀ ਰਾਤ ਇਕ ਭਿਆਨਕ ਹਮਲੇ ਦੌਰਾਨ ਇਕ ਬੰਦੂਕਧਾਰੀ ਨੇ ਸੰਗੀਤ ਸਮਾਗਮ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਘੱਟੋ-ਘੱਟ 58 ਲੋਕਾਂ ਨੂੰ ਮਾਰ ਦਿੱਤਾ ਅਤੇ ਸੈਂਕੜੇ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਅਮਰੀਕੀ ਪੁਲਿਸ ਨੇ ਕਿਹਾ ਕਿ ਹਮਲਾਵਰ ਗੰਨਮੈਨ ਦੀ ਪਛਾਣ ਨੇਵਾਦਾ ਸੂਬੇ ਦੇ ਵਾਸੀ ਸਟੀਫਨ ਪੈਡੌਕ (64) ਵਜੋਂ ਹੋਈ ਹੈ, ਜਿਸ ਨੇ ਸੰਗੀਤਕ ਸਮਾਗਮ ਵਾਲੀ ਥਾਂ ਨੇੜਲੇ ਹੋਟਲ-ਜੂਆਖ਼ਾਨੇ ਮਾਂਡਲੇ ਬੇਅ ਦੀ 32ਵੀਂ ਮੰਜ਼ਲ ਤੋਂ ਗੋਲੀਆਂ ਚਲਾਈਆਂ। ਜਦੋਂ ਸਵੈਟ ਟੀਮ ਫਾਇਰਿੰਗ ਵਾਲੀ ਥਾਂ ’ਤੇ ਪੁੱਜੀ ਤਾਂ ਹਮਲਾਵਰ ਮ੍ਰਿਤਕ ਪਾਇਆ ਗਿਆ। ਨੇਵਾਦਾ ਦੇ ਇਸ ਜੂਏਬਾਜ਼ੀ ਦੇ ਆਲਮੀ ਪੱਧਰ ਦੇ ਮਸ਼ਹੂਰ ਟਿਕਾਣੇ ਲਾਸ ਵੈਗਸ ਦੇ ਸ਼ੈਰਿਫ਼ ਜੋਸਫ ਲੌਂਬਾਰਡੋ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਸਾਡਾ ਖ਼ਿਆਲ ਹੈ ਕਿ ਹਮਲਾਵਰ ਨੇ ਸਾਡੇ ਪੁੱਜਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਮਾਰ ਲਿਆ ਸੀ।” ਉਸ ਵੱਲੋਂ ਕਿਰਾਏ ਉਤੇ ਲਏ ਹੋਏ ਹੋਟਲ ਕਮਰੇ ਵਿੱਚੋਂ ਘੱਟੋ-ਘੱਟ ਅੱਠ ਰਾਇਫਲਾਂ ਬਰਾਮਦ ਹੋਈਆਂ ਹਨ। ਉਸ ਦੀ ਮਹਿਲਾ ਸਾਥਣ ਦੀ ਤਲਾਸ਼ ਕੀਤੀ ਜਾ ਰਹੀ ਹੈ।

Las vegas firing 04

ਇਹ ਘਟਨਾ ਮੁਕਾਮੀ ਸਮੇਂ ਮੁਤਾਬਕ ਰਾਤ 10 ਵਜੇ ਤੋਂ ਥੋੜ੍ਹਾ ਬਾਅਦ ਵਾਪਰੀ। ਮੌਕੇ ਦੀਆਂ ਮੋਬਾਈਲ ਫੋਨਾਂ ਉਤੇ ਬਣਾਈਆਂ ਗਈਆਂ ਵੀਡੀਓਜ਼ ਵਿੱਚ ਗੋਲੀਆਂ ਚੱਲਣ ’ਤੇ ਚੀਕਾਂ ਮਾਰਦੇ ਲੋਕ ਇੱਧਰ-ਉੱਧਰ ਭੱਜਦੇ ਦਿਖਾਈ ਦੇ ਰਹੇ ਹਨ। ਲੌਂਬਾਰਡੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੇ ਅੰਦਾਜ਼ਿਆਂ ਮੁਤਾਬਕ ਘਟਨਾ ਵਿੱਚ ‘ਘੱਟੋ-ਘੱਟ 50 ਜਣੇ’ ਮਾਰੇ ਗਏ ਹਨ। ਬਾਅਦ ਵਿੱਚ ਪੁਲਿਸ ਨੇ ਇਕ ਬਿਆਨ ਵਿੱਚ ਹਸਪਤਾਲਾਂ ਵਿੱਚ ਲਿਆਂਦੇ ਗਏ ਜ਼ਖ਼ਮੀਆਂ ਦੀ ਗਿਣਤੀ 406 ਦੱਸੀ ਹੈ।

ਪੁਲਿਸ ਨੇ ਦੱਸਿਆ ਕਿ ਲਾਸ ਵੈਗਸ ਤੋਂ ਕਰੀਬ 130 ਕਿਲੋਮੀਟਰ ਦੂਰ ਇਕ ਕਸਬੇ ਵਿੱਚ ਰਹਿਣ ਵਾਲੇ ਪੈਡੌਕ ਨੇ ਮਸ਼ਹੂਰ ਲਾਸ ਵੈਗਸ ਸਟ੍ਰਿਪ ਵਿੱਚ ਸਥਿਤ ਇਸ ਵਿਸ਼ਾਲ ਹੋਟਲ ਦੀ ਉੱਚੀ ਮੰਜ਼ਲ ਤੋਂ ਗੋਲੀਆਂ ਚਲਾਈਆਂ। ਹੋਟਲ ਨਜ਼ਦੀਕ ਹੋ ਰਹੇ ਸੰਗੀਤਕ ਸਮਾਗਮ ਵਿੱਚ ਹਜ਼ਾਰਾਂ ਲੋਕ ਸ਼ਾਮਲ ਸਨ, ਜੋ ਰੂਟ 91 ਵਜੋਂ ਜਾਣੇ ਜਾਂਦੇ ਮੁਲਕ ਦੇ ਤਿੰਨ-ਰੋਜ਼ਾ ਸੰਗੀਤਕ ਮੇਲੇ ਦਾ ਹਿੱਸਾ ਸੀ। ਹਮਲੇ ਸਮੇਂ ਦੇਸ਼ ਦਾ ਸਭ ਤੋਂ ਮਕਬੂਲ ਗਾਇਕ ਜੈਸਨ ਐਲਡੀਨ ਪ੍ਰੋਗਰਾਮ ਪੇਸ਼ ਕਰ ਰਿਹਾ ਸੀ, ਜਿਸ ਦਾ ਪ੍ਰੋਗਰਾਮ ਮੁੱਕਣ ਹੀ ਵਾਲਾ ਸੀ। ਗੋਲੀਆਂ ਦੀ ਪਹਿਲੀ ਬੁਛਾੜ ਦੀ ਆਵਾਜ਼ ’ਤੇ ਤਾਂ ਐਲਡੀਨ ਨੇ ਗਾਉਣਾ ਜਾਰੀ ਰੱਖਿਆ, ਪਰ ਜਦੋਂ ਉਸ ਨੂੰ ਅਹਿਸਾਸ ਹੋ ਗਿਆ ਕਿ ਇਹ ਭਿਆਨਕ ਫਾਇਰਿੰਗ ਸੀ, ਤਾਂ ਉਹ ਵੀ ਸਟੇਜ ਛੱਡ ਕੇ ਬਚਾਅ ਲਈ ਭੱਜਣ ਵਾਸਤੇ ਮਜਬੂਰ ਹੋ ਗਿਆ। ਬਾਅਦ ਵਿੱਚ ਐਲਡੀਨ ਨੇ ਇੰਸਟਾਗ੍ਰਾਮ ਰਾਹੀਂ ਆਪਣੇ ਚਹੇਤਿਆਂ ਨੂੰ ਦੱਸਿਆ ਕਿ ਉਹ ਤੇ ਉਸ ਦੀ ਟੀਮ ਦੇ ਮੈਂਬਰ ਸੁਰੱਖਿਅਤ ਹਨ। ਉਸ ਨੇ ਘਟਨਾ ਦੇ ਸ਼ਿਕਾਰ ਲੋਕਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ।

ਹਮਲੇ ਤੋਂ ਬਾਅਦ ਜਾਨ ਬਚਾ ਕੇ ਭੱਜੇ ਜਾਂਦੇ ਲੋਕ
ਹਮਲੇ ਤੋਂ ਬਾਅਦ ਜਾਨ ਬਚਾ ਕੇ ਭੱਜੇ ਜਾਂਦੇ ਲੋਕ

ਵ੍ਹਾਈਟ ਹਾਊਸ ਤੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ‘ਭਿਆਨਕ ਤ੍ਰਾਸਦੀ’ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ। ਵ੍ਹਾਈਟ ਹਾਊਸ ਦੀ ਤਰਜਮਾਨ ਸੇਰਾ ਸੈਂਡਰਜ਼ ਨੇ ਕਿਹਾ ਕਿ ਵ੍ਹਾਈਟ ਹਾਊਸ ਵੱਲੋਂ ਹਾਲਾਤ ਉਤੇ ਡੂੰਘੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਹਾਲਾਤ ਨਾਲ ਸਿੱਝਣ ਵਾਲੇ ਸੂਬਾਈ ਤੇ ਮੁਕਾਮੀ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਸਲਾਮੀ ਸਟੇਟ (ਆਈਐਸ) ਦੇ ਪ੍ਰਚਾਰ ਵਿੰਗ ਅਮਾਕ ਨੇ ਦਾਅਵਾ ਕੀਤਾ ਹੈ ਕਿ ਇਹ ਕਤਲੇਆਮ ਇਸ ਦੇ ਇਕ ‘ਸਿਪਾਹੀ’ ਨੇ ਕੀਤਾ ਹੈ, ਜਿਸ ਨੇ ‘ਕਈ ਮਹੀਨੇ ਪਹਿਲਾਂ ਇਸਲਾਮ ਕਬੂਲ’ ਕਰ ਲਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ, “ਲਾਸ ਵੈਗਸ ਹਮਲੇ ਨੂੰ ਅੰਜਾਮ ਦੇਣ ਵਾਲਾ ਇਸਲਾਮੀ ਸਟੇਟ ਦਾ ਇਕ ਸਿਪਾਹੀ ਹੈ, ਜਿਸ ਨੇ ਹਦਾਇਤਾਂ ਮੁਤਾਬਕ ਅਜਿਹਾ ਕੀਤਾ ਹੈ।”

ਲਾਸ ਵੈਗਸ ਵਿੱਚ ਭਿਆਨਕ ਫਾਇਰਿੰਗ ਰਾਹੀਂ 50 ਤੋਂ ਵੱਧ ਜਾਨਾਂ ਲੈਣ ਵਾਲਾ ਹਮਲਾਵਰ ਸਟੀਫਨ ਕਰੇਗ ਪੈਡੌਕ (64) ਇਕ ਸੇਵਾ-ਮੁਕਤ ਅਕਾਊਂਟੈਂਟ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੱਜ (3 ਜਨਵਰੀ ਨੂੰ) ਤੜਕਸਾਰ ਅਮਰੀਕਾ ਦੀ ਹਵਾਈ ਫੌਜ ਨੇ ਇਰਾਕ ਦੇ ਹਵਾਈ ਅੱਡੇ ਉੱਤੇ ਹਵਾਈ ਹਮਲਾ ਕੀਤਾ ਜਿਸ ਵਿੱਚ ਇਰਾਨ ਦਾ ਉੱਚ ਫੌਜੀ ਆਗੂ ਜਨਰਲ ਕਾਸਿਮ ਸੁਲੇਮਾਨੀ ਮਾਰਿਆ ਗਿਆ।
ਇਰਾਨ ਦੀ ਰਾਜਧਾਨੀ 'ਚ ਸੰਸਦ ਦੇ ਅੰਦਰ ਅਤੇ ਇਰਾਨ ਦੇ ਸਾਬਕਾ ਧਾਰਮਕ ਆਗੂ ਅਯਾਤੁਲਾ ਖੁਮੈਨੀ ਦੀ ਮਜ਼ਾਰ 'ਤੇ ਹੋਈ ਗੋਲਬਾਰੀ 'ਚ 12 ਲੋਕਾਂ ਦੀ ਮੌਤ ਹੋ ਗਈ ਹੈ।
ਰੂਸੀ ਸ਼ਹਿਰ ਸੈਂਟ ਪੀਟਰਸਬਰਗ 'ਚ ਇਕ ਮੈਟਰੋ 'ਚ ਹੋਏ ਧਮਾਕੇ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਰੂਸੀ ਪ੍ਰਧਾਨ ਮੰਤਰੀ ਦਿਮਿਤਰੀ ਮੇਦਵੇਦੇਵ ਨੇ ਇਸ ਨੂੰ 'ਦਹਿਸ਼ਤੀ' ਹਮਲਾ ਦੱਸਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: