ਅੰਮ੍ਰਿਤਸਰ ਸਾਹਿਬ: ਅੱਜ ਅੰਮ੍ਰਿਤਸਰ ਸਾਹਿਬ ਦੀ ਜਿਲ੍ਹਾ ਅਦਾਲਤ ਵਿੱਚ ਭਾਈ ਧਿਆਨ ਸਿੰਘ ਮੰਡ ਨੂੰ ਪੇਸ਼ ਕੀਤਾ ਗਿਆ।ਅਦਾਲਤ ਵੱਲੋਂ ਭਾਈ ਮੰਡ ਨੂੰ ਦੁਬਾਰਾ ਫੇਰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।ਪੁਲਿਸ ਵੱਲੋਂ ਅਦਾਲਤ ਤੋਂ ਇਹ ਕਹਿੰਦਿਆਂ ਰਿਮਾਂਡ ਦੀ ਮੰਗ ਕੀਤੀ ਗਈ ਸੀ ਕਿ ਸੰਬੰਧਿਤ ਕੇਸਾਂ ਵਿੱਚ ਭਾਈ ਮੰਡ ਨਾਲ ਸ਼ਾਮਿਲ ਹੋਰ ਲੋਕਾਂ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ।

ਅੱਜ ਜਿਲ੍ਹਾ ਪੁਲਿਸ ਵੱਲੋਂ ਭਾਈ ਧਿਆਨ ਸਿੰਘ ਮੰਡ ਦੀ ਪੇਸ਼ੀ ਦੇ ਚਲਦਿਆਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਭਾਈ ਧਿਆਨ ਸਿੰਘ ਮੰਡ ਜਦੋਂ ਪੇਸ਼ੀ ਭੁਗਤ ਕੇ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਮੂਹੋਂ ਪੰਜਾਬ ਬੰਦ ਦੀ ਆਵਾਜ ਸੁਣੀ ਗਈ।ਉਸ ਤੋਂ ਬਾਅਦ ਭਾਈ ਧਿਆਨ ਸਿੰਘ ਮੰਡ ਦੇ ਹਵਾਲੇ ਨਾਲ ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਭਾਈ ਮੰਡ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਵਿੱਚ ਨਾਕਾਮਯਾਬ ਰਹਿਣ ਵਾਲੀ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਿਰ ਕਰਨ ਲਈ 23 ਨਵੰਬਰ ਨੂੰ ਮੁਕੰਮਲ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਗਿਆ।
ਜਿਕਰਯੋਗ ਹੈ ਕਿ 23 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਠਿੰਡਾ ਵਿਖੇ ਸਦਭਾਵਨਾ ਰੈਲੀ ਵੀ ਕੀਤੀ ਜਾ ਰਹੀ ਹੈ।
ਭਾਈ ਧਿਆਨ ਸਿੰਘ ਮੰਡ ਨੂੰ 10 ਨਵੰਬਰ ਵਾਲੇ ਦਿਨ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਸੀ।ਪਰ ਪੰਜਾਬ ਸਰਕਾਰ ਵੱਲੋਂ ਉਸ ਤੋਂ ਅਗਲੇ ਦਿਨ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਕਈ ਕੇਸਾਂ ਵਿੱਚ ਨਾਮਜਦ ਕੀਤਾ ਗਿਆ ਹੈ।
ਭਾਈ ਧਿਆਨ ਸਿੰਘ ਮੰਡ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਕਿੰਨਾ ਕੁ ਅਸਰ ਪੰਜਾਬ ਵਿੱਚ ਅਤੇ ਬਠਿੰਡਾ ਦੀ ਸਦਭਾਵਨਾ ਰੈਲੀ ਤੇ ਹੋਵੇਗਾ ਇਹ 23 ਨਵੰਬਰ ਨੂੰ ਹੀ ਪਤਾ ਲੱਗ ਸਕੇਗਾ।