ਦਿੱਲੀ: ਜੰਮੂ ਕਸ਼ਮੀਰ ਦੇ 79 ਸਾਲਾ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਦੀ ਅੱਜ ਸਵੇਰੇ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਖੇ ਮੌਤ ਹੋ ਗਈ ਜਿੱਥੇ ਕਿ ਉਨ੍ਹਾਂ ਦਾ ਪਿਛਲੇ ਦਿਨਾਂ ਤੋਂ ਇਲਾਜ ਚਲ ਰਿਹਾ ਸੀ।

ਸਈਦ ਨੂੰ 24 ਦਸੰਬਰ ਵਾਲੇ ਦਿਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਨਮੂਨੀਆ ਦੀ ਸ਼ਿਕਾਇਤ ਸੀ ਜਿਸ ਕਾਰਨ ਉਨ੍ਹਾਂ ਦੇ ਕਈ ਅੰਗ ਕੰਮ ਕਰਨਾ ਛੱਡ ਗਏ ਜੋ ਉਨ੍ਹਾਂ ਦੀ ਮੌਤ ਦਾ ਕਾਰਨ ਬਣਿਆ।
ਮੁਫਤੀ ਮੁਹੰਮਦ ਸਈਦ ਦੀ ਮੌਤ ਤੇ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਵੱਖੋ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ।
ਜੰਮੂ ਕਸ਼ਮੀਰ ਦੇ ਪਰਿਵਾਹਨ ਮੰਤਰੀ ਅਬਦੁਲ ਗਨੀ ਕੋਹਲੀ ਨੇ ਏ.ਐਨ.ਆਈ ਨੂੰ ਜਾਣਕਾਰੀ ਦਿੱਤੀ ਕਿ ਮੁਫਤ ਮੁਹੰਮਦ ਸਈਦ ਨੂੰ ਅੱਜ ਹੀ ਬਿਜਬਿਹਾਰਾ ਵਿੱਚ ਸਪੁਰਦ ਏ ਖਾਕ ਕੀਤਾ ਜਾਵੇਗਾ।
ਜੰਮੂ ਕਸ਼ਮੀਰ ਸਰਕਾਰ ਵੱਲੋਂ ਸਈਦ ਦੀ ਮੌਤ ਕਾਰਨ 7 ਦਿਨ ਦੇ ਸੂਬਾ ਪੱਧਰੀ ਸ਼ੋਕ ਦਾ ਵੀ ਐਲਾਨ ਕਰ ਦਿੱਤਾ ਹੈ।