ਤਰਨਤਾਰਨ: 10 ਨਵੰਬਰ ਨੂੰ ਸਿੱਖ ਜਥੇਬੰਦੀਆਂ ਵੱਲੋਂ ਕਰਵਾਏ ਜਾ ਰਹੇ ਸਰਬੱਤ ਖਾਲਸਾ ਸਮਾਗਮ ਲਈ ਪਿੰਡ ਚੱਬਾ ਵਿੱਚ ਬੱਬਰਾਂ ਦੀ ਬਹਿਕ ਦੇ ਨਾ ਨਾਲ ਮਸ਼ਹੂਰ ਸਥਾਨ ਵਿਖੇ ਤਿਆਰੀਆਂ ਅਰੰਭ ਹੋ ਚੁੱਕੀਆਂ ਹਨ। ਜਿਸ ਜਗ੍ਹਾ ਸਰਬੱਤ ਖਾਲਸਾ ਸਮਾਗਮ ਹੋ ਰਿਹਾ ਹੈ ਇਹ ਅੰਮ੍ਰਿਤਸਰ ਸਾਹਿਬ ਤੋਂ ਤਰਨਤਾਰਨ ਰੋਡ ’ਤੇ ਬਾਬਾ ਨੌਧ ਸਿੰਘ ਦੀ ਸਮਾਧ ਵਾਲੇ ਸਥਾਨ ਤੋਂ 3 ਕਿਲੋਮੀਟਰ ਮੰਡਿਆਲਾ ਵਾਲੇ ਪਾਸੇ ਹੈ।

ਅੱਜ ਦੇਰ ਸ਼ਾਮ ਸਿੱਖ ਸਿਆਸਤ ਦੀ ਟੀਮ ਵੱਲੋਂ ਸਮਾਗਮ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ। ਸਰਬੱਤ ਖਾਲਸਾ ਦਾ ਸਮਾਗਮ ਪਿੰਡ ਚੱਬੇ ਦੇ ਸਿੱਖ ਭਾਈ ਬੂਟਾ ਸਿੰਘ ਦੀ ਜਮੀਨ ਤੇ ਹੋ ਰਿਹਾ ਹੈ। ਅੱਜ ਸ. ਬੂਟਾ ਸਿੰਘ ਦੇ ਘਰ ਵਿਚ ਹੀ ਇਸ ਸਮਾਗਮ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ।
ਸਮਾਗਮ ਲਈ ਸਟੇਜ ਲਗਾ ਦਿੱਤੀ ਗਈ ਹੈ ਜਿਸ ਤੇ ਵਾਟਰ ਪਰੂਫ ਟੈਂਟ ਲਗਾਇਆ ਗਿਆ ਹੈ।ਸੰਗਤ ਦੇ ਬੈਠਣ ਲਈ 3 ਕਿੱਲੇ ਦੇ ਕਰੀਬ ਜਮੀਨ ਤਿਆਰ ਕੀਤੀ ਜਾ ਰਹੀ ਹੈ। ਸੰਗਤ ਦੇ ਵਾਹਨਾਂ ਲਈ ਅਤੇ ਲੰਗਰਾਂ ਲਈ ਵੀ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ।

ਪਰ ਇਸ ਸਭ ਦੇ ਬਾਵਜੂਦ ਵੱਡੀ ਗਿਣਤੀ ਸੰਗਤ ਦੇ ਪਹੁੰਚਣ ਨਾਲ ਆਵਾਜਾਈ ਵਿੱਚ ਵਿਘਨ ਪੈ ਸਕਦਾ ਹੈ, ਜੋ ਸੰਗਤਾਂ ਲਈ ਮੁਸ਼ਕਿਲ ਦਾ ਸਵੱਬ ਬਣ ਸਕਦਾ ਹੈ।
ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲ ਦੀ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਸਾਹਿਬ ਦੇ ਇਲਾਕੇ ਵਿੱਚ ਤਾਇਨਾਤੀ ਕੀਤੀ ਗਈ ਹੈ। ਦਰਬਾਰ ਸਾਹਿਬ ਦੇ ਨਜਦੀਕ ਵੀ ਸਰਕਾਰ ਵਲੋਂ ਕੇਂਦਰੀ ਦਸਤੇ ਤੈਨਾਤ ਕੀਤੇ ਗਏ ਹਨ।
ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਖਬਰਾਂ ਮਿਲ ਰਹੀਆਂ ਹਨ ਕਿ ਪੰਜਾਬ ਸਰਕਾਰ ਵੱਲੋਂ ਬੱਸ ਟਰਾਂਸਪੋਰਟਰਾਂ ਨੂੰ ਸਰਬੱਤ ਖਾਲਸਾ ਸਮਾਗਮ ਵਿੱਚ ਸੰਗਤਾਂ ਨੂੰ ਲਿਜਾਉਣ ਤੋਂ ਰੋਕਿਆ ਜਾ ਰਿਹਾ ਹੈ। ਭਾਵੇਂ ਇਸ ਬਾਰੇ ਕਿਸੇ ਪ੍ਰਤੱਖ ਸਰਕਾਰੀ ਫੁਰਮਾਨ ਦੀ ਪੁਸ਼ਟੀ ਤਾਂ ਨਹੀਂ ਹੋ ਰਹੀ ਪਰ ਚਰਚਾ ਹੈ ਕਿ ਸਰਕਾਰ ਵਲੋਂ ਬੱਸਾਂ ਦੇ ਮਾਲਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇ ਉਹ ਸੰਗਤਾਂ ਨੂੰ ਲਿਜਾਉਣਗੇ ਤਾਂ ਉਨ੍ਹਾਂ ਦੇ ਪਰਮਿਟ ਕੈਂਸਲ ਕਰ ਦਿੱਤੇ ਜਾਣਗੇ।
ਦਲ ਖਾਲਸਾ ਪੰਚ ਪ੍ਰਧਾਨੀ ਦੇ ਆਗੂਆਂ ਵੱਲੋਂ ਅੱਜ ਪੰਜਾਬ ਸਰਕਾਰ ਵੱਲੋਂ ਸਮਾਗਮ ਵਿੱਚ ਵਿਘਨ ਪਾਉਣ ਦੇ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਦੀ ਸਖਤ ਸ਼ਬਦਾਂ ਵਿੱਚ ਨਖੇਧੀ ਕੀਤੀ ਗਈ ਤੇ ਕਿਹਾ ਗਿਆ ਕਿ ਕੁਝ ਸਿਧਾਂਤਿਕ ਵਖਰੇਵੇਂ ਹੋਣ ਕਾਰਨ ਉਹ 10 ਨਵੰਬਰ ਨੂੰ ਹੋਣ ਵਾਲੇ ਇਕੱਠ ਵਿੱਚ ਸਿੱਖ ਸੰਗਤਾਂ ਦੇ ਪਵਿੱਤਰ ਅਤੇ ਅਣਭੋਲ ਜਜ਼ਬਿਆਂ ਦੀ ਕਦਰ ਕਰਦੇ ਹੋਏ ਸੰਗਤੀ ਰੂਪ ਵਿੱਚ ਸ਼ਿਰਕਤ ਕਰਨਗੇ ਪਰ ਸਮਾਗਮ ਦੀ ਫੈਂਸਲਾ ਲੈਣ ਵਾਲੀ ਕਿਸੇ ਵੀ ਪ੍ਰਕਿਰਿਆ ਵਿੱਚ ਸ਼ਾਮਿਲ ਨਹੀਂ ਹੋਣਗੇ।