ਚੰਡੀਗੜ੍ਹ (ਪ੍ਰੈਸ ਨੋਟ): ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਵੱਡੇ ਪੱਧਰ ਦੀ ਭਰਤੀ ਤਹਿਤ 4500 ਈ.ਟੀ.ਟੀ.ਅਧਿਆਪਕਾਂ ਦੀ ਭਰਤੀ ਦੇ ਨਤੀਜੇ ਦਾ ਐਲਾਨ ਕੀਤਾ ਹੈ।
ਮੰਗਲਵਾਰ ਨੂੰ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਚੁਣੇ ਗਏ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ 9 ਸਾਲਾਂ ਦੌਰਾਨ 65000 ਦੇ ਕਰੀਬ ਅਧਿਆਪਕ ਭਰਤੀ ਕੀਤੇ ਗਏ ਹਨ ਜਦੋਂ ਕਿ ਵੱਖ-ਵੱਖ ਕਾਡਰਾਂ ਦੇ 16000 ਦੇ ਕਰੀਬ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਅਧੀਨ ਸਨ। ਇਨ੍ਹਾਂ ਵਿੱਚੋਂ ਈ.ਟੀ.ਟੀ. ਕਾਡਰ ਦੇ ਭਰਤੀ ਦੇ ਨਤੀਜੇ ਦੇ ਐਲਾਨ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਈ.ਟੀ.ਟੀ. ਦੀਆਂ 2005 ਹੋਰ ਅਸਾਮੀਆਂ ਲਈ ਵੀ ਇਸ਼ਤਿਹਾਰ ਜਾਰੀ ਕੀਤਾ ਜਾ ਚੁੱਕਾ ਹੈ। ਚੁਣੇ ਗਏ ਉਮੀਦਵਾਰਾਂ ਤੋਂ 24 ਤੋਂ 26 ਅਗਸਤ ਤੱਕ ਆਨਲਾਈਨ ਜ਼ਿਲ੍ਹਿਆਂ ਦੀ ਚੋਣ ਲਈ ਆਪਸ਼ਨ ਮੰਗੀ ਗਈ ਹੈ। ਉਮੀਦਵਾਰਾਂ ਨੂੰ ਮੈਰਿਟ ਅਨੁਸਾਰ ਜ਼ਿਲ੍ਹਿਆਂ ਦੀ ਅਲਾਟਮੈਂਟ ਕੀਤੀ ਜਾਵੇਗੀ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਵਿਭਾਗ ਦੀ ਪਾਰਦਰਸ਼ਤਾ ਅਤੇ ਮੈਰਿਟ ਨੂੰ ਪਹਿਲ ਦੇਣ ਦੀ ਨੀਤੀ ਅਨੁਸਾਰ ਬੁਲਾ ਕੇ ਖਾਲੀ ਸਟੇਸ਼ਨ ਦਿਖਾਏ ਜਾਣਗੇ ਅਤੇ ਮੈਰਿਟ ਅਨੁਸਾਰ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 6000 ਮਾਸਟਰ ਕਾਡਰ ਦੇ ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਚੁਣੇ ਹੋਏ ਉਮੀਦਵਾਰਾਂ ਦੀ ਸੂਚੀ ਵਿਭਾਗ ਦੀ ਵੈਬਸਾਈਟ www.educationrecruitmentboard.com ਉਪਰ ਪਾ ਦਿੱਤੀ ਹੈ।