ਲੰਡਨ: ਸ਼ਹੀਦ ਊਧਮ ਸਿੰਘ ਬਾਰੇ ਇਹ ਗੱਲ ਆਮ ਪ੍ਰਚਲਤ ਕੀਤੀ ਗਈ ਹੈ ਕਿ ਉਹਨਾਂ ਨੇ ਲੰਡਨ ਦੀ ਅਦਾਲਤ ਵਿੱਚ ਚਲੀ ਕਾਰਵਾਈ ਦੌਰਾਨ ਵਾਰਸ ਸ਼ਾਹ ਦੀ ਰਚਨਾ ਹੀਰ ਦੀ ਸਹੁੰ ਚੁੱਕੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਊਧਮ ਸਿੰਘ ਨੇ ਅਜਿਹਾ ਧਾਰਮਿਕ ਪਛਾਣ ਨੂੰ ਰੱਦ ਕਰਨ ਵਾਸਤੇ ਕੀਤਾ ਸੀ। ਪਰ ਹੁਣ ਸਾਹਮਣੇ ਆਏ ਇਤਿਹਾਸਕ ਦਸਤਾਵੇਜ਼ਾਂ ਤੋ ਪਤਾ ਲੱਗਦਾ ਹੈ ਕਿ ਨਾ ਸਿਰਫ ਹੀਰ ਦੀ ਸੋਹ ਚੁੱਕਣ ਵਾਲਾ ਦਾਅਵਾ ਗਲਤ ਹੈ ਬਲਕਿ ਹਕੀਕਤ ਇਹ ਹੈ ਕਿ ਸਰਦਾਰ ਊਧਮ ਸਿੰਘ ਨੇ ਮੁਕੱਦਮੇ ਦੌਰਾਨ ਸਹੁੰ ਹੀ ਨਹੀਂ ਸੀ ਚੁੱਕੀ।
ਕਨੇਡਾ ਅਧਾਰਤ ਦਸਤਾਵੇਜ਼ੀਕਾਰ (ਡਾਕੂਮੈਂਟਰੀ ਫਿਲਮਮੇਕਰ) ਅਤੇ ਖੋਜੀ ਸੁਖਦੀਪ ਸਿੰਘ ਬਰਨਾਲਾ ਵੱਲੋਂ ਬਣਾਈ ਗਈ ਦਸਤਾਵੇਜ਼ੀ “ਨੌਟ ਗਿਲਟੀ” ਵਿੱਚ ਬ੍ਰਿਟਿਸ਼ ਲਾਇਬ੍ਰੇਰੀ ਤੋਂ ਸ਼ਰਤਾਂ ਅਧੀਨ ਪ੍ਰਾਪਤ ਕੀਤੇ ਗਏ ਦਸਤਾਵੇਜ਼ਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਲਿਆਂਦੀ ਗਈ ਹੈ ਕਿ ਪੂਰੇ ਮੁਕੱਦਮੇ ਦੀ ਕਾਰਵਾਈ ਦੌਰਾਨ ਕੁੱਲ 25 ਵਿਅਕਤੀਆਂ ਨੇ ਗਵਾਹੀ ਦਿੱਤੀ ਸੀ। ਇਹਨਾਂ 25 ਵਿਅਕਤੀਆਂ ਵਿੱਚੋਂ 24 ਵਿਅਕਤੀਆਂ ਨੇ ਆਪਣੀ ਗਵਾਹੀ ਦੇਣ ਵੇਲੇ ਸਹੁੰ ਚੁੱਕੀ ਸੀ ਪਰ ਇੱਕ ਵਿਅਕਤੀ ਨੇ ਸਹੁੰ ਚੁੱਕਣ ਦੀ ਥਾਂ ਸੱਚ ਬੋਲਣ ਦਾ ਅਹਿਦ ਲਿਆ ਸੀ, ਭਾਵ ਕਿ “ਸਵੌਰਨ” ਦੀ ਥਾਂ “ਅਫਰਮ” ਕੀਤਾ ਸੀ। ਉਹ ਇੱਕ ਵਿਅਕਤੀ ਸਰਦਾਰ ਊਧਮ ਸਿੰਘ ਸੀ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੜ੍ਹਾਏ ਜਾ ਰਹੇ ਦਾਅਵੇ ਨੂੰ ਸਿੱਧੀ ਚੁਣੌਤੀ:
ਸੁਖਦੀਪ ਸਿੰਘ ਬਰਨਾਲਾ ਦੀ ਨਵੀਂ ਆਈ ਇਹ ਛੋਟੀ ਦਸਤਾਵੇਜ਼ੀ (ਡਾਕੂਮੈਂਟਰੀ) ‘ਰਾਈਜ਼ਿੰਗ ਪੰਜਾਬ’ ਯੂਟਿਊਬ ਮੰਚ (ਚੈਨਲ) ‘ਤੇ ਜਾਰੀ ਹੋਈ ਹੈ। ਇਹ ਦਸਤਾਵੇਜ਼ੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੜ੍ਹਾਈ ਜਾ ਰਹੀ ਉਸ ਕਹਾਣੀ ਨੂੰ ਸਿੱਧੀ ਟੱਕਰ ਦਿੰਦੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ 1940 ਵਿੱਚ ਲੰਡਨ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਸਰਦਾਰ ਊਧਮ ਸਿੰਘ ਨੇ ਵਾਰਿਸ ਸ਼ਾਹ ਦੀ ‘ਹੀਰ’ ਉੱਤੇ ਹੱਥ ਰੱਖ ਕੇ ਸਹੁੰ ਖਾਧੀ ਸੀ।
ਜਾਅਲੀ ਚਿੱਠੀ ਤੋਂ ਹੋਈ ਝੂਠ ਦੀ ਸ਼ੁਰੂਆਤ:
ਸ. ਸੁਖਦੀਪ ਸਿੰਘ ਬਰਨਾਲਾ ਦਸਤਾਵੇਜ਼ੀ ਵਿੱਚ ਦਸਦੇ ਹਨ ਕਿ ਊਧਮ ਸਿੰਘ ਵੱਲੋਂ ਹੀਰ ਦੀ ਸਹੁੰ ਖਾਣ ਦੀ ਇਹ ਮਨਘੜਤ ਕਹਾਣੀ ਇੱਕ ਜਾਅਲੀ ਚਿੱਠੀ ਤੋਂ ਸ਼ੁਰੂ ਹੋਈ, ਜੋ ਪਹਿਲੀ ਵਾਰ 1973 ਵਿੱਚ ਸਾਹਮਣੇ ਆਈ ਸੀ। ਸਾਬਕਾ ਰਾਜ ਸਭਾ ਮੈਂਬਰ ਮਨੋਹਰ ਸਿੰਘ ਗਿੱਲ ਇਸ ਚਿੱਠੀ ਨੂੰ ਇੰਗਲੈਂਡ ਤੋਂ ਲੈ ਕੇ ਆਏ ਸਨ। ਇਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਊਧਮ ਸਿੰਘ ਨੇ ਲੰਡਨ ਦੀ ਜੇਲ੍ਹ ਵਿੱਚੋਂ ‘ਹੀਰ’ ਮੰਗਵਾਈ ਸੀ। ਪਰ, ਇੰਗਲੈਂਡ ਦੇ ‘ਊਧਮ ਸਿੰਘ ਟਰੱਸਟ’ ਵੱਲੋਂ ਕਰਵਾਈ ਗਈ ਫੋਰੈਂਸਿਕ ਜਾਂਚ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਚਿੱਠੀ ਪੂਰੀ ਤਰ੍ਹਾਂ ਨਕਲੀ (ਜਾਅਲੀ) ਸੀ।

ਜਾਅਲਸਾਜ਼ੀ ਦੇ ਬਾਵਜੂਦ, ਇਹ ਚਿੱਠੀ 1974 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਇਤਿਹਾਸ ਦੀਆਂ ਕਿਤਾਬਾਂ ਦਾ ਹਿੱਸਾ ਬਣ ਗਈ, ਅਤੇ ਹੌਲੀ-ਹੌਲੀ ਇਹ ਝੂਠ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਤੱਕ ਪਹੁੰਚ ਗਿਆ।
ਊਧਮ ਸਿੰਘ ਨੇ ‘ਸਹੁੰ’ ਨਹੀਂ ਖਾਧੀ, ਸਗੋਂ ਸੱਚ ਬੋਲਣ ਦਾ ‘ਵਚਨ’ ਦਿੱਤਾ ਸੀ
ਸ. ਸੁਖਦੀਪ ਸਿੰਘ ਬਰਨਾਲਾ ਦੱਸਦੇ ਹਨ ਕਿ ਇਸ ਦਸਤਾਵੇਜ਼ੀ ਵਾਸਤੇ ਰਾਇਜ਼ਿੰਗ ਪੰਜਾਬ ਵੱਲੋਂ ਮਾਈਕਲ ਓਡਵਾਇਰ ਦੇ ਕਤਲ ਮੁਕੱਦਮੇ ਨਾਲ ਜੁੜੇ ਬਰਤਾਨਵੀ ਦਸਤਾਵੇਜ਼ਾਂ (ਆਰਕਾਈਵਜ਼) ਤੱਕ ਖਾਸ ਪਹੁੰਚ ਬਣਾ ਕੇ ਇਹ ਸੱਚ ਸਾਹਮਣੇ ਲਿਆਂਦਾ ਕਿ ਲੰਡਨ ਦੀ ਓਲਡ ਬੇਲੀ ਅਦਾਲਤ ਵਿੱਚ ਅਸਲ ਵਿੱਚ ਕੀ ਵਾਪਰਿਆ ਸੀ।
ਰਿਕਾਰਡ ਮੁਤਾਬਿਕ ਅਦਾਲਤ ਵਿੱਚ ਪੇਸ਼ ਹੋਏ 25 ਜਣਿਆਂ ਵਿੱਚੋਂ 24 ਨੇ ਸਹੁੰ ਚੁੱਕੀ ਸੀ। ਪਰ 25ਵੇਂ ਵਿਅਕਤੀ—ਸਰਦਾਰ ਊਧਮ ਸਿੰਘ—ਨੇ ਕਿਸੇ ਵੀ ਕਿਤਾਬ ਉੱਤੇ ਹੱਥ ਰੱਖ ਕੇ ਸਹੁੰ ਚੁੱਕਣ ਤੋਂ ਨਾਂਹ ਕਰ ਦਿੱਤੀ ਸੀ। ਇਸ ਦੀ ਬਜਾਏ, ਉਹਨਾਂ ਨੇ ਕਾਨੂੰਨੀ ਤੌਰ ‘ਤੇ ਸੱਚ ਬੋਲਣ ਦਾ ਵਚਨ ਦਿੱਤਾ ਸੀ।
ਜਦੋਂ ਉਹਨਾਂ ਦੇ ਬਚਾਅ ਪੱਖ ਦੇ ਵਕੀਲ ਸੇਂਟ ਜੌਹਨ ਹਚਿਨਸਨ ਨੇ ਪੁੱਛਿਆ ਕਿ ਕੀ ਉਹ ਸਹੁੰ ਦੀ ਥਾਂ ਵਚਨ ਦੇਣਗੇ, ਤਾਂ ਊਧਮ ਸਿੰਘ ਨੇ ਜਵਾਬ ਦਿੱਤਾ, “ਹਾਂ।” ਅਦਾਲਤ ਦੇ ਅਧਿਕਾਰਤ ਰਿਕਾਰਡ ਵਿੱਚ ਸਾਫ ਲਿਖਿਆ ਹੈ: ਊਧਮ ਸਿੰਘ, ਕੈਦੀ, ਨੇ ਵਚਨ ਦਿੱਤਾ (ਊਧਮ ਸਿੰਘ, ਪ੍ਰਿਜ਼ਨਰ, ਅਫਰਮਡ)। ਉਹਨਾਂ ਨੇ ਨਾ ‘ਹੀਰ’ ਦੀ ਸਹੁੰ ਖਾਧੀ ਤੇ ਨਾ ਹੀ ਬਾਈਬਲ ਦੀ।
ਸਿੱਖੀ ਅਤੇ ਸਿੱਖੀ ਸਿਧਾਂਤਾਂ ਨਾਲ ਲਗਾਅ:
ਇਹ ਦਸਤਾਵੇਜ਼ੀ ਫਿਲਮ ਉਹਨਾਂ ਇਤਿਹਾਸਕਾਰਾਂ ਦੀ ਨੀਅਤ ‘ਤੇ ਸਵਾਲ ਖੜ੍ਹੇ ਕਰਦੀ ਹੈ ਜਿਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ ਊਧਮ ਸਿੰਘ ਨੇ ਆਪਣੀ ਧਾਰਮਿਕ ਪਛਾਣ ਨੂੰ ਮਿਟਾ ਕੇ ਸੈਕੂਲਰ (ਧਰਮਹੀਣ) ਪਛਾਣ ਬਣਾਉਣ ਲਈ ਹੀਰ ਦੀ ਸਹੁੰ ਖਾਧੀ ਸੀ। ਇਸ ਤੇ ਉਲਟ ਦਸਤਾਵੇਚੀ ਇਹ ਪ੍ਰਮਾਣ ਪੇਸ਼ ਕਰਦੀ ਹੈ ਕਿ ਊਧਮ ਸਿੰਘ ਦਾ ਸਿੱਖੀ ਅਤੇ ਸਿੱਖੀ ਸਿਧਾਂਤਾਂ ਨਾਲ ਲਗਾਅ ਸੀ।
42 ਦਿਨਾਂ ਦੀ ਭੁੱਖ ਹੜਤਾਲ:
ਇਹ ਦਸਤਾਵੇਜ਼ੀ ਊਧਮ ਦੇ ਸਿੱਖੀ ਨਾਲ ਲਗਾਅ ਦੇ ਹੇਠ ਲਿਖੇ ਸਬੂਤ ਪੇਸ਼ ਘਰਦਿਆਂ ਦੱਸਦੀ ਹੈ ਕਿ ਲੰਡਨ ਦੀ ਜੇਲ੍ਹ ਵਿੱਚ ਬੰਦ ਹੋਣ ਦੌਰਾਨ, ਜਦੋਂ ਜੇਲ੍ਹ ਪ੍ਰਸ਼ਾਸਨ ਨੇ ਊਧਮ ਸਿੰਘ ਨੂੰ ਇਸ਼ਨਾਨ ਕਰਨ ਅਤੇ ਨਿਤਨੇਮ (ਪਾਠ) ਕਰਨ ਦੀ ਇਜਾਜ਼ਤ ਨਾ ਦਿੱਤੀ, ਤਾਂ ਉਹਨਾਂ ਨੇ ਰੋਸ ਵਜੋਂ 42 ਦਿਨਾਂ ਦੀ ਲੰਬੀ ਭੁੱਖ ਹੜਤਾਲ ਰੱਖੀ ਸੀ।
ਨਿੱਤਨੇਮ ਦੇ ਗੁਟਕਾ ਸਾਹਿਬ ਦੀ ਮੰਗ:
14 ਜੂਨ 1940 ਦੀ ਇੱਕ ਸਰਕਾਰੀ ਚਿੱਠੀ ਤੋਂ ਪਤਾ ਲੱਗਦਾ ਹੈ ਕਿ ਜੇਲ੍ਹ ਦੇ ਇੱਕ ਅਧਿਕਾਰੀ ਨੇ ਲੰਡਨ ਦੇ ਖ਼ਾਲਸਾ ਜਥਾ ਗੁਰਦੁਆਰਾ ਸਾਹਿਬ ਦੇ ਸਕੱਤਰ ਨੂੰ ਸਿੱਧਾ ਪੱਤਰ ਲਿਖ ਕੇ ਫਾਂਸੀ ਦੀ ਸਜ਼ਾ ਵਾਲੇ ਇਸ ਕੈਦੀ ਲਈ “ਪ੍ਰੇਅਰ ਬੁੱਕ” (ਗੁਟਕਾ ਸਾਹਿਬ) ਦੀ ਮੰਗ ਕੀਤੀ ਸੀ।

ਪਰਚੇ ਉੱਤੇ “ੴ” (ਇੱਕ ਓਅੰਕਾਰ):
ਇਹ ਦਾਅਵਾ ਕਰਨ ਵਾਲਿਆਂ ਨੂੰ ਕਿ ਊਧਮ ਸਿੰਘ ਨੇ ਆਪਣੀ ਧਾਰਮਿਕ ਪਛਾਣ ਛੱਡ ਦਿੱਤੀ ਸੀ, ਝੂਠਾ ਸਾਬਤ ਕਰਦਿਆਂ ਫ਼ਿਲਮ ਦੱਸਦੀ ਹੈ ਕਿ 5 ਜੂਨ 1940 ਨੂੰ ਊਧਮ ਸਿੰਘ ਨੇ ਜੱਜ ਵੱਲ ਜੋ ਆਪਣੇ ਹੱਥੀਂ ਲਿਖਿਆ ਪਰਚਾ ਉਛਾਲਿਆ ਸੀ, ਉਸ ਦੇ ਬਿਲਕੁਲ ਉੱਪਰ ਸਿੱਖੀ ਦਾ ਮੂਲ ਚਿੰਨ੍ਹ “ੴ” ਲਿਖਿਆ ਹੋਇਆ ਸੀ।