ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੇ ਮੁਕੱਦਮੇ ਦਾ ਸੰਬੰਧ ਅਦਾਲਤੀ ਕਾਰਵਾਈ ਨਾਲ ਹੈ ਪਰ ਸੁਖਬੀਰ ਬਾਦਲ ਅਤੇ ਕਾਂਗਰਸੀ ਇਸ ਸਮੇਂ ਖੁਸ਼ੀਆਂ ਮਨਾਉਂਦੇ ਨਜ਼ਰ ਆ ਰਹੇ ਹਨ। ਸ. ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਚੇਤੇ ਰੱਖਣਾ ਪਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਮੁੱਖ ਮੰਤਰੀ ਦੇ ਨਾਲ-ਨਾਲ ‘ਮਹਾਰਾਜਾ’ ਵੀ ਹਨ। “ਮਹਾਰਾਜੇ” ਦੇ ਸਿਆਸੀ ਫੈਸਲੇ ਇਸੇ ਤਰ੍ਹਾਂ ਇਨ੍ਹਾਂ ਨੂੰ ਵੀ ਨਮੋਸ਼ੀ ਵਿਚ ਸੁੱਟ ਸਕਦੇ ਹਨ ਕਿਉਂਕਿ ਅਜੋਕੇ ਸਮੇਂ ਸੁਖਬੀਰ ਬਾਦਲ ਅਤੇ ਅਜਿਹੇ ਹੋਰ ਸਿਆਸੀ ਆਗੂਆਂ ਦਾ ਦਾਮਨ ਵੀ ਪਾਕ ਨਹੀਂ ਹੈ। ਅਜਿਹਾ ਸਮਾਂ ਉਨ੍ਹਾਂ ਤੇ ਵੀ ਆ ਸਕਦਾ ਹੈ ਕਿਉਂਕਿ ਅਦਾਲਤਾਂ ਵਿਚ ਉਨ੍ਹਾਂ ਉਤੇ ਵੀ ਰਿਸ਼ਵਤਖੋਰੀ, ਘਪਲੇਬਾਜ਼ੀ ਦੇ ਮੁਕੱਦਮੇ ਬਕਾਇਆ ਹਨ।

ਜਾਰੀ ਪ੍ਰੈਸ ਬਿਆਨ ‘ਚ ਸ. ਮਾਨ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਰਕਾਰ ਬਣਨ ‘ਤੇ ਅਸੀਂ ਰਿਸ਼ਵਤਖੋਰਾਂ, ਘਪਲੇਬਾਜ਼ਾਂ ਨੂੰ ਕਾਨੂੰਨ ਅਨੁਸਾਰ ਬਣਦੀਆ ਸਜ਼ਾਵਾਂ ਦਿਵਾਉਣ ਤੋਂ ਪਿੱਛੇ ਨਹੀਂ ਹਟਾਂਗੇ। ਸ. ਮਾਨ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸੁਖਬੀਰ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ ਇਸ ਲਈ ਜੇਲ੍ਹਾਂ ‘ਚ ਸੁੱਟਿਆ ਕਿ ਅਸੀਂ ਇਨ੍ਹਾਂ ਦੇ ਕੱਟੜਵਾਦੀ ਹਿੰਦੂ ਆਕਾਵਾਂ ਦੀ ਸੋਚ ਅਨੁਸਾਰ ਨਹੀਂ ਚੱਲੇ ਅਤੇ ਅਸੀਂ ਹਿੰਦੂਤਵੀ ਵਿਚਾਰਧਾਰਾ ਨੂੰ ਪ੍ਰਵਾਨ ਨਹੀਂ ਕੀਤਾ।
ਸਬੰਧਤ ਖ਼ਬਰ:
ਨਸ਼ਾ ਤਸਕਰੀ ਕੇਸ-ਫਾਜ਼ਿਲਕਾ ਅਦਾਲਤ ਵਲੋਂ ਸੰਮਨ ਮਾਮਲਾ: ਹਾਈਕੋਰਟ ਨੇ ਸੁਖਪਾਲ ਖਹਿਰਾ ਦੀ ਅਰਜ਼ੀ ਕੀਤੀ ਰੱਦ …
ਸ. ਮਾਨ ਨੇ ਕਿਹਾ ਕਿ ਜਦੋਂ ਅਸੀਂ ਸੁਖਬੀਰ ਬਾਦਲ ਅਤੇ ਹੋਰ ਰਿਸ਼ਵਤਖੋਰਾਂ, ਘਪਲੇਬਾਜ਼ਾਂ ਨੂੰ ਜੇਲ੍ਹ ਦਿਖਾਵਾਂਗੇ ਤਾਂ ਅਸੀਂ ਸ਼ਰਾਫਤ ਦਾ ਪੱਲਾ ਨਾ ਛੱਡਦੇ ਹੋਏ ਉਸਨੂੰ ਮੈਕਡੌਨਲ, ਕੇ.ਐਫ.ਸੀ, ਕਿੰਗ ਬਰਗਰ, ਕੋਲਡ ਡਰਿੰਕ ਆਦਿ ਜਿਥੋਂ ਵੀ ਉਹ ਚਾਹੁਣਗੇ, ਜ਼ਰੂਰ ਉਪਲੱਭਧ ਕਰਵਾਂਗੇ।