
ਬਠਿੰਡਾ (9 ਅਕਤੂਬਰ, 2015): ਬਾਦਲ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸੌਦਾ ਸਾਧ ਮਾਫੀਨਾਮੇ ਦਾ ਡਟਵਾਂ ਅਤੇ ਜਨਤਕ ਵਿਰੋਧ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਅਤੇ ਅੰਤ੍ਰਿਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨਾਲ ਅੱਜ ਦੁਪਹਿਰ ਵੇਲੇ ਬੰਦ ਕਮਰਾ ਮੀਟਿੰਗ ਕੀਤੀ।
ਪਾਰਟੀ ਪ੍ਰਧਾਨ ਨੇ ਇਨ੍ਹਾਂ ਆਗੂਆਂ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ। ਦੱਸਣਯੋਗ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿੱਤੇ ਜਾਣ ਮਗਰੋਂ ਸ਼੍ਰੋਮਣੀ ਕਮੇਟੀ ਵਿੱਚ ਅੰਦਰਖਾਤੇ ਅਤੇ ਜਨਤਕ ਵਿਰੋਧ ਉੱਠਣ ਲੱਗਾ ਹੈ।
ਇਸੇ ਦਰਮਿਆਨ ਹੀ ਸ਼੍ਰੋਮਣੀ ਸੁਖਬੀਰ ਬਾਦਲ ਨੇ ਸੌਦਾ ਸਾਧ ਨੂੰ ਜੱਥੇਦਾਰਾਂ ਵੱਲੋਂ ਦਿੱਤੇ ਮਾਫੀਨਾਮੇ ‘ਤੇ ਬਾਦਲ ਦਲ ਖਿਲਾਫ ਉੱਠੇ ਪੰਥਕ ਰੋਹ ਅਤੇ ਬਗ਼ਾਵਤੀ ਸੁਰਾਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਐਮਰਜੈਂਸੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ 10 ਅਕਤੂਬਰ ਨੂੰ ਉਪ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਦੁਪਹਿਰ ਵਕਤ ਹੋ ਰਹੀ ਹੈ, ਜਿਸ ਦੇ ਸੁਨੇਹੇ ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਲਗਾਏ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਭੌਰ ਅਤੇ ਕਰਨੈਲ ਸਿੰਘ ਪੰਜੋਲੀ ਨੇ ਇਸ ਮਾਮਲੇ ’ਤੇ ਸੁਖਬੀਰ ਬਾਦਲ ਕੋਲ ਤਿੱਖਾ ਵਿਰੋਧ ਜਤਾਇਆ ਹੈ।ਸੂਤਰਾਂ ਅਨੁਸਾਰ ਅੱਜ ਉਪ ਮੁੱਖ ਮੰਤਰੀ ਨੇ ਦੁਪਹਿਰ ਡੇਢ ਵਜੇ ਮੋਹਾਲੀ ਦੇ ਵਾਈ.ਪੀ.ਐਸ. ਸਕੂਲ ਨੇਡ਼ਲੇ ਪਾਵਰਕੌਮ ਦੇ ਰੈਸਟ ਹਾਊਸ ਵਿੱਚ ਸੁਖਦੇਵ ਸਿੰਘ ਭੌਰ ਅਤੇ ਕਰਨੈਲ ਸਿੰਘ ਪੰਜੋਲੀ ਨਾਲ 20 ਮਿੰਟ ਗੁਪਤ ਮੀਟਿੰਗ ਕੀਤੀ।
ਸੂਤਰਾਂ ਮੁਤਾਬਕ ਸੁਖਬੀਰ ਬਾਦਲ ਨੇ ਇਨ੍ਹਾਂ ਆਗੂਅਾਂ ਨੂੰ ਜਨਤਕ ਬਿਆਨਬਾਜ਼ੀ ਨਾ ਕਰਨ ਵਾਸਤੇ ਆਖਿਆ ਹੈ। ਡੇਰਾ ਮੁਖੀ ਨੂੰ ਮੁਆਫ਼ੀ ਦੇ ਮਾਮਲੇ ’ਤੇ ਇਨ੍ਹਾਂ ਆਗੂਆਂ ਨੇ ਸ੍ਰੀ ਬਾਦਲ ਨੂੰ ਖਰੀਆਂ ਖਰੀਆਂ ਵੀ ਸੁਣਾਈਆਂ। ਸ੍ਰੀ ਬਾਦਲ ਨੇ ਇਨ੍ਹਾਂ ਆਗੂਆਂ ਨੂੰ ਆਖਿਆ ਕਿ ਉਹ ਇਸ ਮਾਮਲੇ ਨੂੰ ਤੂਲ ਨਾ ਦੇਣ ਅਤੇ ਜੋ ਸੁਝਾਅ ਹਨ, ਉਹ ਐਮ.ਪੀ ਪ੍ਰੇਮ ਸਿੰਘ ਚੰਦੂਮਾਜਰਾ ਤਕ ਪੁੱਜਦੇ ਕਰ ਦੇਣ। ਇਨ੍ਹਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਡੇਰਾ ਮੁਖੀ ਨੂੰ ਮੁਆਫ਼ੀ ਦਾ ਫੈਸਲਾ ਗਲਤ ਹੋਇਆ ਹੈ ਅਤੇ ਹੁਣ ਖਾਲਸਾ ਪੰਥ ਉਨ੍ਹਾਂ ਤੋਂ ਜੁਆਬ ਮੰਗਦਾ ਹੈ। ਆਗੂਆਂ ਨੇ ਆਖਿਆ ਕਿ ਉਹ ਸਿਧਾਂਤਾਂ ’ਤੇ ਪਹਿਰਾ ਦੇਣਗੇ। ਪਾਰਟੀ ਪ੍ਰਧਾਨ ਨੇ ਡੇਰਾ ਮੁਖੀ ਨੂੰ ਮੁਆਫੀ ਦੇ ਮਾਮਲੇ ਉਤੇ ਇਨ੍ਹਾਂ ਨੇਤਾਵਾਂ ਤੋਂ ਬਦਲਵੇਂ ਹੱਲ ’ਤੇ ਵੀ ਚਰਚਾ ਕੀਤੀ।
ਉਪ ਮੁੱਖ ਮੰਤਰੀ ਨੇ ਬਾਕੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵੀ ਭਰੋਸੇ ਵਿੱਚ ਲੈਣ ਵਾਸਤੇ ਐਮਰਜੈਂਸੀ ਮੀਟਿੰਗ ਸੱਦੀ ਹੈ। ਭਾਵੇਂ ਕਿਸੇ ਵੀ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਮੀਟਿੰਗ ਦਾ ਏਜੰਡਾ ਨਹੀਂ ਦੱਸਿਆ ਗਿਆ ਹੈ ਪਰ ਸੂਤਰਾਂ ਮੁਤਾਬਕ ਡੇਰਾ ਮੁਖੀ ਨੂੰ ਮੁਆਫ਼ੀ ਦਿੱਤੇ ਜਾਣ ਮਗਰੋਂ ਉੱਠੇ ਵਿਵਾਦ ’ਤੇ ਹੀ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ। ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਦੁਪਹਿਰ ਦਾ ਭੋਜਨ ਦਿੱਤੇ ਜਾਣ ਦੇ ਚਰਚੇ ਹਨ ਪਰ ਇਸ ਦੀ ਕਿਧਰੋਂ ਪੁਸ਼ਟੀ ਨਹੀਂ ਹੋ ਸਕੀ ਹੈ।