ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਪਰਗਟ ਸਿੰਘ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ’ਤੇ ਤਿੱਖੇ ਹਮਲੇ ਕੀਤੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਚਿੱਠੀ ਰਾਹੀਂ ਪਰਗਟ ਸਿੰਘ ਨੇ ਪਾਰਟੀ ਪ੍ਰਧਾਨ ’ਤੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਸਿੱਖੀ ਸਿਧਾਂਤਾਂ ਅਤੇ ਪਾਰਟੀ ਨੂੰ ਦਾਅ ’ਤੇ ਲਾ ਕੇ ਸਿਰਫ਼ ਪਰਿਵਾਰ ਦੀ ‘ਸੇਵਾ’ ਕਰ ਰਹੇ ਹਨ। ਅਕਾਲੀ ਵਿਧਾਇਕ ਨੇ ਸਰਕਾਰ ਅਤੇ ਪਾਰਟੀ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਚਿੰਨ੍ਹ ਲਾਉਂਦਿਆਂ ਕਿਹਾ ਕਿ ਪੰਜਾਬ ਇਸ ਸਮੇਂ ਨਸ਼ਿਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਭੂ-ਮਾਫੀਆ ਅਤੇ ਰੇਤ ਮਾਫੀਆ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਪਰ ਸਰਕਾਰ ਚਲਾਉਣ ਵਾਲਿਆਂ ਨੂੰ ਲੋਕਾਂ ਦੇ ਮਸਲਿਆਂ ਦੀ ਕੋਈ ਚਿੰਤਾ ਨਹੀਂ ਹੈ।