ਕੋਟਕਪੂਰਾ (ਗੁਰਵਿੰਦਰ ਸਿੰਘ): ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸੋਮਵਾਰ ਸਵੇਰੇ ਕਰੀਬ ਸਾਢੇ 5 ਵਜੇ ਕੁਝ ਅਣਪਛਾਤੇ ਕਾਰ ਸਵਾਰਾਂ ਨੇ ਇਕ ਕਰਿਆਨਾ ਦੁਕਾਨਦਾਰ ਨੂੰ ਗੋਲੀ ਮਾਰ ਦਿੱਤੀ, ਗੰਭੀਰ ਰੂਪ ’ਚ ਜ਼ਖ਼ਮੀ 35 ਸਾਲਾ ਦੁਕਾਨਦਾਰ ਗੁਰਦੇਵ ਸਿੰਘ ਪੁੱਤਰ ਰਾਮ ਸਿੰਘ ਜੋ ਕਿ ਸੌਦਾ ਸਾਧ ਦਾ ਪ੍ਰੇਮੀ ਅਰਥਾਤ ਡੇਰਾ ਸਿਰਸਾ ਦਾ ਸ਼ਰਧਾਲੂ ਹੈ, ਨੂੰ ਇਲਾਜ ਵਾਸਤੇ ਲੁਧਿਆਣੇ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਸੀ ਪਰ ਪੁਲਿਸ ਸੂਤਰਾਂ ਅਨੁਸਾਰ ਸਿਰ ਦਾ ਅਪ੍ਰੇਸ਼ਨ ਕਰਨ ਤੋਂ ਬਾਅਦ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਮੌਕੇ ’ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਨੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ 5 ਕੁ ਵਜੇ ਆਪਣੀ ਦੁਕਾਨ ਖੋਲੀ ਤੇ ਕਰੀਬ ਸਾਢੇ 5 ਵਜੇ ਉਸ ਕੋਲ ਦੋ ਕਾਰ ਸਵਾਰ ਨੌਜਵਾਨ ਆਏ ਤੇ ਕੋਲਡ ਡਰਿੰਕ ਦੀ ਮੰਗ ਕੀਤੀ। ਜਦੋਂ ਦੁਕਾਨਦਾਰ ਫਰਿੱਜ ’ਚੋਂ ਕੋਲਡ ਡਰਿੰਕ ਕੱਢਣ ਲੱਗਾ ਤਾਂ ਇਸ ਦੌਰਾਨ ਇਕ ਨੌਜਵਾਨ ਨੇ ਰਿਵਾਲਵਰ ਨਾਲ ਉਸਦੇ ਸਿਰ ’ਚ ਗੋਲੀ ਮਾਰ ਦਿੱਤੀ ਅਤੇ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਜਿਸ ਰਸਤੇ ਤੋਂ ਆਏ ਸਨ, ਵਾਪਸ ਉਸੇ ਰਸਤੇ ਇਕ ਚਿੱਟੇ ਰੰਗ ਦੀ ਸਵਿਫਟ ਕਾਰ ’ਚ ਬੈਠ ਕੇ ਫ਼ਰਾਰ ਹੋ ਗਏ।
ਗੋਲੀ ਦੀ ਅਵਾਜ਼ ਸੁਣ ਕੇ ਗੁਆਂਢੀ ਮੌਕੇ ’ਤੇ ਪੁੱਜੇ ਪਰ ਉਦੋਂ ਤੱਕ ਹਮਲਾਵਰ ਭੱਜਣ ਵਿਚ ਕਾਮਯਾਬ ਹੋ ਚੁੱਕੇ ਸਨ। ਪ੍ਰਤੱਖ ਦਰਸ਼ੀਆਂ ਅਨੁਸਾਰ ਹਮਲਾਵਰ ਚਿੱਟੇ ਰੰਗ ਦੀ ਸਵਿਫਟ ਕਾਰ ’ਚ ਆਏ ਤੇ ਉਨ੍ਹਾਂ ਦੀ ਗਣਤਿੀ ਦੋ ਤੋਂ ਵੱਧ ਵੀ ਹੋ ਸਕਦੀ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਰਣਬੀਰ ਸਿੰਘ ਖੱਟੜਾ ਡੀ.ਆਈ.ਜੀ. ਫਿਰੋਜ਼ਪੁਰ ਤੇ ਸੁਖਮਿੰਦਰ ਸਿੰਘ ਮਾਨ ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਦੀ ਅਗਵਾਈ ਹੇਠ ਪੁੱਜੀ ਪੁਲਿਸ ਪਾਰਟੀ ਨੇ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ। ਪੁਲਸ ਿਵੱਲੋਂ ਪੂਰੇ ਪਿੰਡ ਦੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਅਤੇ ਹਰ ਆਉਣ ਜਾਣ ਵਾਲੇ ਦੀ ਬਰੀਕੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਡੇਰਾ ਸਿਰਸਾ ਦੀ ਸਟੇਟ ਕਮੇਟੀ ਦੇ ਮੈਂਬਰਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਿਆਂ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਕਾਬੂ ਕਰਨ ਦੀ ਮੰਗ ਕੀਤੀ। ਜ਼ਿਲ੍ਹਾ ਪੁਲਿਸ ਮੁਖੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਬਾਜਾਖਾਨਾ ਥਾਣੇ ਵਿਖੇ ਪੀੜ੍ਹਤ ਦੀ ਪਤਨੀ ਸਰਬਜੀਤ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਹਮਲਾਵਰਾਂ ਖਿਲਾਫ ਆਈ.ਪੀ.ਸੀ. ਦੀ ਧਾਰਾ 307/34 ਅਤੇ ਅਸਲਾ ਐਕਟ ਦੀ ਧਾਰਾ 25/27/54/59 ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੂਰੇ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਦੀ ਬਰੀਕੀ ਨਾਲ ਪੜ੍ਹਤਾਲ ਕੀਤੀ ਜਾ ਰਹੀ ਹੈ ਤੇ ਘਟਨਾ ਸਥਾਨ ’ਤੇ ਖੋਜੀ ਕੁੱਤੇ, ਉਂਗਲਾਂ ਦੇ ਨਿਸ਼ਾਨਾਂ ਦੇ ਮਾਹਰਾਂ ਸਮੇਤ ਹੋਰ ਕਈ ਟੀਮਾਂ ਬੁਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੂੰ ਕਾਬੂ ਕਰਨ ਦੀ ਹਰ ਸੰਭਵ ਕੋਸ਼ਿਸ਼ ਜਾਰੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ 1 ਜੂਨ ਨੂੰ ਇਸੇ ਪਿੰਡ ਦੇ ਗੁਰਦੁਆਰਾ ਸਾਹਿਬ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਚੋਰੀ ਹੋ ਗਿਆ ਸੀ। ਉਸ ਘਟਨਾ ਤੋਂ ਬਾਅਦ ਲੰਮਾ ਸਮਾਂ ਇਲਾਕੇ ਅੰਦਰ ਮਾਹੌਲ ਤਣਾਅਪੂਰਨ ਬਣਿਆ ਰਿਹਾ। ਘਟਨਾ ਦੇ ਕਰੀਬ 4 ਮਹੀਨਿਆਂ ਬਾਅਦ ਅਰਥਾਤ 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਸ਼ਰਾਰਤੀ ਅਨਸਰਾਂ ਨੇ ਗੁਰਦੁਆਰਾ ਸਾਹਿਬ ਦੀ ਕੰਧ ’ਤੇ ਦੋ ਹੱਥ ਲਿਖਤ ਵੱਡੇ-ਵੱਡੇ ਪੋਸਟਰ ਚਿਪਕਾ ਕੇ ਚਿਤਾਵਨੀ ਦਿੱਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਨ੍ਹਾਂ ਦੇ ਕਬਜ਼ੇ ‘ਚ ਹੈ ਤੇ ਸਿਰਸੇ ਵਾਲੇ ਬਾਬੇ ਦੀ ਫਿਲਮ ਨਾ ਚੱਲਣ ਦੇਣ ਦੇ ਰੋਸ ਵਜੋਂ ਉਨ੍ਹਾਂ ਨੇ ਸਿੱਖਾਂ ਦਾ ਵੱਡਾ ਗੁਰੂ ਆਪਣੇ ਕਬਜ਼ੇ ‘ਚ ਕੀਤਾ ਹੋਇਆ ਹੈ। ਸ਼ਰਾਰਤੀ ਅਨਸਰਾਂ ਨੇ ਪੋਸਟਰ ਉੱਪਰ ‘ਧਨ-ਧਨ ਸਤਿਗੁਰੂ’ ਤੋਂ ਸ਼ੁਰੂ ਕਰਕੇ ਇਸੇ ਸ਼ਬਦਾਵਲੀ ਰਾਹੀਂ ਸਾਰੀ ਗੱਲ ਸਮਾਪਤ ਕੀਤੀ ਪਰ ਪੋਸਟਰ ਵਿਚ ਸਤਿਕਾਰਤ ਸਿੱਖ ਪ੍ਰਚਾਰਕਾਂ ਖਿਲਾਫ ਬੜੀ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ।
ਸਿੱਖ ਜੱਥੇਬੰਦੀਆਂ ਨੇ ਆਪਣੇ ਤੌਰ ’ਤੇ ਪੜ੍ਹਤਾਲ ਕਰਕੇ ਕੁਝ ਸ਼ੱਕੀ ਲੜਕਿਆਂ ਦੇ ਨਾਮ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਕਾਿਰੀਆਂ ਨੂੰ ਲਖ਼ਤਿੀ ਰੂਪ ’ਚ ਦਿੱਤੇ ਪਰ ਸਿੱਖ ਜੱਥੇਬੰਦੀਆਂ ਦੇ ਵੱਖ-ਵੱਖ ਨੁਮਾਇੰਦਿਆਂ ਨੇ ਬਕਾਇਦਾ ਪ੍ਰੈਸ ਕਾਨਫ਼ਰੰਸ ਕਰਕੇ ਦੋਸ਼ ਲਾਇਆ ਸੀ ਕਿ ਪੁਲਿਸ ਦੋਸ਼ੀਆਂ ਨੂੰ ਫੜਨ ਦੀ ਬਜਾਇ ਉਲਟਾ ਸਿੱਖ ਨੌਜਵਾਨਾਂ ਨੂੰ ਤੰਗ-ਪ੍ਰੇਸ਼ਾਨ ਕਰਦੀ ਰਹੀ ਤੇ ਕਈਆਂ ਖਿਲਾਫ ਝੂਠੇ ਪੁਲਿਸ ਮਾਮਲੇ ਦਰਜ ਕਰਨ ਦਾ ਦਬਾਅ ਪਾ ਕੇ ਪਾਵਨ ਸਰੂਪ ਦੀ ਗੁੰਮਸ਼ੁਦਗੀ ਆਪਣੇ ਸਿਰ ਲੈਣ ਲਈ ਮਜਬੂਰ ਵੀ ਕੀਤਾ ਗਿਆ। ਸਿੱਖ ਜੱਥੇਬੰਦੀਆਂ ਨੇ ਇਹ ਵੀ ਰੋਸ ਜ਼ਾਹਰ ਕੀਤਾ ਸੀ ਕਿ ਸ਼ੱਕੀ ਵਿਅਕਤੀਆਂ ਨੂੰ ਸੀ.ਬੀ.ਆਈ., ਜ਼ੋਰਾ ਸਿੰਘ ਕਮਿਸ਼ਨ ਜਾਂ ਐਸ.ਆਈ.ਟੀ. (ਵਿਸ਼ੇਸ਼ ਜਾਂਚ ਟੀਮ) ਆਦਿਕ ਦੇ ਕਿਸੇ ਵੀ ਅਧਿਕਾਰੀ ਨੇ ਜਾਂਚ ’ਚ ਸ਼ਾਮਲ ਕਰਨ ਦੀ ਜ਼ਰੂਰਤ ਹੀ ਨਾ ਸਮਝੀ।
ਭਾਵੇਂ ਉਸ ਤੋਂ ਬਾਅਦ 12 ਅਕਤੂਬਰ ਨੂੰ ਤੜਕਸਾਰ ਪਾਵਨ ਸਰੂਪ ਦੀ ਬੇਅਦਬੀ ਕਰਕੇ ਪੰਨੇ ਸੜਕਾਂ ’ਤੇ ਖਿਲਾਰ ਦਿੱਤੇ ਗਏ ਅਤੇ 14 ਅਕਤੂਬਰ ਨੂੰ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਵਜੋਂ ਸ਼ਾਂਤਮਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ’ਤੇ ਪੁਲਸੀਆ ਕਹਿਰ ਢਾਹਿਆ ਗਿਆ ਤੇ ਦੋ ਨੌਜਵਾਨਾਂ ਨੂੰ ਸ਼ਹੀਦ ਕਰਨ ਦੇ ਨਾਲ ਨਾਲ 100 ਦੇ ਕਰੀਬ ਸਿੱਖਾਂ ਨੂੰ ਜ਼ਖ਼ਮੀ ਵੀ ਕੀਤਾ ਗਿਆ।