ਮਾਹਰ , ਸਿਆਸਤਦਾਨ , ਚਿੰਤਕ , ਸਮਾਜ ਸੇਵੀ ਤੇ ਜਨ ਸਧਾਰਨ ਇਸ ਸਚਾਈ ਨੂੰ ਪ੍ਰਵਾਨ ਕਰਦੇ ਹਨ ਕਿ ਖੇਤੀ ਲਾਹੇਵੰਦਾ ਧੰਦਾ ਨਹੀਂ ਰਿਹਾ। ਖੇਤੀ ਅਰਥ-ਵਿਵਸਥਾ ’ਤੇ ਨਿਰਭਰ ਕਿਸਾਨ-ਮਜ਼ਦੂਰ ਕਰਜ਼ੇ ਦੇ ਬੋਝ ਹੇਠ ਦਬੇ ਹੋਣ ਕਾਰਨ ਖ਼ੁਦਕਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਪੰਜਾਬ ਦੇ ਕੁਦਰਤੀ ਸੋਮਿਆਂ ਦੀ ਬੇਤਹਾਸ਼ਾ ਬਰਬਾਦੀ ਕੀਤੀ ਜਾ ਰਹੀ ਹੈ। ਧਰਤੀ ਹੇਠਲਾ ਪਾਣੀ ਖ਼ਤਰਨਾਕ ਹੱਦ ਤਕ ਡੂੰਘਾ ਚਲਿਆ ਗਿਆ ਹੈ, ਮਿੱਟੀ ਜ਼ਹਿਰੀਲੀ ਹੋ ਰਹੀ ਹੈ, ਵਧ ਰਹੀਆਂ ਬਿਮਾਰੀਆਂ ਆਬੋ-ਹਵਾ ਦੇ ਮਲੀਨ ਹੋਣ ਦੀ ਪੁਸ਼ਟੀ ਕਰਦੀਆਂ ਹਨ। ਸੂਬੇ ਦੇ ਕੁਦਰਤੀ ਸੋਮਿਆਂ ਦੀ ਸੰਭਾਲ ਕਰਦੇ ਹੋਏ ਕਿਸਾਨਾਂ ਦੀ ਆਮਦਨ ਵਧਾਉਣਾ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਵੱਡੀ ਚੁਣੌਤੀ ਹੈ। ਇਹ ਸਰਬਪੱਖੀ ਗੰਭੀਰ ਸੰਕਟ ਵਿਕਾਸ ਦੇ ਵਿਸ਼ਵਵਿਆਪੀ ਕਾਰਪੋਰੇਟ ਮਾਡਲ ਤੇ ਦੇਸ਼ ਦੀਆਂ ਨੀਤੀਆਂ ਨਾਲ ਵੀ ਕਾਫ਼ੀ ਹੱਦ ਤਕ ਸਬੰਧਿਤ ਹੈ।