ਫਰੀਦਕੋਟ: 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੀ ਐਸ.ਆਈ.ਟੀ ਨੇ ਚਾਰ ਡੇਰਾ ਸਿਰਸਾ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਐਸ.ਆਈ.ਟੀ ਵਲੋਂ ਗ੍ਰਿਫਤਾਰ ਕੀਤੇ ਗਏ ਡੇਰਾ ਸਿਰਸਾ ਸਮਰਥਕਾਂ ਵਿਚ ਇਕ ਡੇਰੇ ਦੀ ਸੂਬਾ ਕਮੇਟੀ ਦਾ ਮੈਂਬਰ ਮਹਿੰਦਰਪਾਲ ਬਿੱਟੂ ਹੈ, ਜਿਸ ਨੂੰ ਪੁਲਿਸ ਨੇ ਹਿਮਾਚਲ ਦੇ ਪਾਲਮਪੁਰ ਤੋਂ ਗ੍ਰਿਫਤਾਰ ਕੀਤਾ ਹੈ। ਬਿੱਟੂ ਕੋਟਕਪੁਰਾ ਦਾ ਰਹਿਣ ਵਾਲਾ ਹੈ ਜਿੱਥੇ ਉਹ ਬੇਕਰੀ ਦੀ ਦੁਕਾਨ ਚਲਾਉਂਦਾ ਸੀ, ਪਰ ਅਗਸਤ 2017 ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਇੱਥੋਂ ਫਰਾਰ ਸੀ। ਇਸ ਨੂੰ ਵੀ ਪੰਚਕੂਲਾ ਹਿੰਸਾ ਲਈ ਨਾਮਜ਼ਦ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀ ਵੀ ਕੋਟਕਪੂਰਾ ਨਾਲ ਸਬੰਧਿਤ ਹਨ ਜਿਹਨਾਂ ਵਿਚ ਸੰਨੀ ਕੰਡਾ, ਇਕ ਡੇਅਰੀ ਚਲਾਉਂਦਾ ਹੈ, ਉਸਦਾ ਭਰਾ ਸੁਖਪ੍ਰੀਤ ਅਤੇ ਇਹਨਾਂ ਦਾ ਇਕ ਰਿਸ਼ਤੇਦਾਰ ਜੱਗੀ ਮਾਨਸਾ ਸ਼ਾਮਿਲ ਹਨ।