ਸ਼ੱਰੀਅਤ ਦੀ ਬੁਨਿਆਦ ਉਤੇ ਬਣੀ ਮੁਸਲਮ ਹਕੂਮਤ ਦੇ ਖਿਲਾਫ ਸਿੱਖ ਲਹਿਰ ਦੀ ਜਦੋਜਹਿਦ ਓਨੀਂ ਹੀ ਸਿਆਸੀ ਸੀ ਜਿਤਨੀ ਇਹ ਧਾਰਮਿਕ ਸੀ। ਮਜ਼ਹਬ ਦੀ ਬੁਨਿਆਦ ਮੁਸਲਮਾਨ ਰਿਆਸਤ ਵਿਚ ਸਿਆਸਤ ਅਤੇ ਧਰਮ ਨੂੰ ਆਪਸ ਵਿਚ ਨਿਖੇੜਿਆ ਨਹੀਂ ਜਾ ਸਕਦਾ। ‘ਨਾਗਰਿਕ ਕਾਨੂੰਨ ਪੂਰੀ ਤਰ੍ਹਾਂ ਧਾਰਮਿਕ ਕਾਨੂੰਨ ਦੇ ਅਧੀਨ ਹੈ। ਬਲਕਿ ਇਹ (ਨਾਗਰਿਕ ਕਾਨੂੰਨ) ਆਪਣੀ ਹੋਂਦ, ਧਾਰਮਿਕ ਕਾਨੂੰਨ ਵਿਚ ਸਮੇਟ ਦਿੰਦਾ ਹੈ। ਨਾਗਰਿਕ ਅਧਿਕਾਰੀ ਹੈਨ ਹੀ ਸੱਚੇ ਯਕੀਨ (ਇਸਲਾਮ) ਨੂੰ ਫੈਲਾਉਣ ਤੇ ਲਾਗੂ ਕਰਨ ਲਈ । ਇਕ ਬ੍ਰਾਹਮਣ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਸਿਰਫ ਇਹ ਕਹਿਣ ਬਦਲੇ ਕਿ ਜਿਵੇਂ ਇਸਲਾਮ ਸੱਚਾ ਹੈ ਤਿਵੇਂ ਹਿੰਦੂ ਮੱਤ ਵੀ ਸੱਚਾ ਹੈ। ਸ਼ੱਰੀਅਤ ਅਨੁਸਾਰ ਧਰਮ ਤਿਆਗਣ ਦੀ ਸਜ਼ਾ ਮੌਤ ਸੀ। ਸ਼ੱਰੀਅਤ ਦੇ ਇਸ ਕਾਨੂੰਨ ਉਤੇ, ਅਤੇ ਗ਼ੈਰ ਮੁਸਲਾਮਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਏ ਜਾਣ ਜਾਂ ਦਬਾਉਣ ਦੀ ਹਦਾਇਤ ਉਤੇ ਸਿਆਸੀ ਤਾਕਤ ਤੋਂ ਵਗੈਰ ਅਮਲ ਨਹੀਂ ਸੀ ਕੀਤਾ ਜਾ ਸਕਦਾ। ਇਸਤੋਂ ਇਲਾਵਾ ਭਾਰਤ ਵਿਚ ਮੁਸਲਮਾਨਾਂ ਸਦੀ ਹਕੂਮਤ ਬਹੁਤ ਵੱਡੀ ਗਿਣਤੀ ਵਾਲੇ ਗ਼ੈਰ-ਮੁਸਲਮਾਨਾਂ ਉਤੇ ਜ਼ਬਰੀ ਠੋਸੀ ਹੋਈ ਹਕੂਮਤ ਸੀ। ਇਸ ਹਕੂਮਤ ਨੂੰ ਵਧੇਰੇ ਕਰਕੇ ਮੁਸਲਮਾਨ ਜਨਤਾ ਦੀ ਹਮਾਇਤ ਵੀ ਮਿਲ ਸਕਦੀ ਸੀ ਅਤੇ ਮੁਸਲਮਾਨ ਜਨਤਾ ਦੀ ਹਮਾਇਤ ਲੈਣ ਵਾਸਤੇ ਲੈਣ ਵਾਸਤੇ ਇਹ ਜ਼ਰੂਰੀ ਸੀ ਕਿ ਮੁਸਲਮਾਨ ਹਕੂਮਤ ਆਪਣੇ ਆਪ ਨੂੰ ਸ਼ੱਰੀਅਤ ਦੀ ਦਾਅਵੇਦਾਰ ਅਖਵਾਏ। ਇਸ ਤਰ੍ਹਾਂ ਗ਼ੈਰ-ਮੁਸਲਮਾਨਾਂ ਉਤੇ ਸ਼ੱਰੀਅਤ ਨੂੰ ਠੋਸਣ ਦਾ ਅਮਲ, ਅਤੇ ਮੁਸਲਮਾਨ ਹਕੂਮਤ ਦੀ ਸਿਆਸੀ ਸੱਤਾ, ਇਕ ਦੂਜੇ ਨਾਲ ਅਟੁੱਟ ਤੌਰ ’ਤੇ ਸਬੰਧਤ ਸਨ। ਨਤੀਜੇ ਦੇ ਤੌਰ ‘ਤੇ ਜਿਹੜੀ ਵੀ ਲਹਿਰ ਮਨੁੱਖ ਦੀ ਪੂਰਨ ਆਜ਼ਾਦੀ ਲਈ ਖੜ੍ਹੀ ਹੁੰਦੀ, ਉਸ ਸ਼ਰੱਈ ਕਾਨੂੰਨ ਵਾਸਤੇ ਇਕ ਚੈਲੰਜ ਬਣਨਾ ਲਾਜ਼ਮੀ ਸੀ, ਜੋ ਸ਼ੱਰੀਅਤ ਤੋਂ ਤਾਕਤ ਹਾਸਲ ਕਰਦੀ ਜਾਂ ਜਿਸ ਦਾ ਆਧਾਰ ਸ਼ਰੱਈ ਕਾਨੂੰਨ ਸੀ ਜਾਂ ਜੋ ਇਸ ਕਾਨੂੰਨ ਨੂੰ ਠੋਸਦੀ।
ਇਸ ਤੋਂ ਇਲਾਵਾ ਜਿਸ ਵੀ ਨੀਤੀ ਜਾਂ ਅਮਲੀ ਕਾਰਵਾਈ ਦਾ ਸਿੱਟਾ ਹਕੂਮਤ ਨਾਲ ਟੱਕਰ ਨਾਲ ਟੱਕਰ ਲੱਗਣ ਦਾ ਹੋਵੇਉਹ ਆਪਣੇ ਨਿਸ਼ਾਨੇ ’ਤੇ ਅਸਲੇ ਵਜੋਂ ਸਿਆਸੀ ਹੈ। ਜੇ ਮਹਾਤਮਾ ਗਾਂਧੀ ਡੰਡੀ ਵਿਖੇ ਲੂਣ ਬਣਾਉਣ ਦੇ ਪ੍ਰੋਗਰਾਮ ਨੂੰ ਅੰਗਰੇਜ਼ੀ ਹਕੂਮਤ ਵਿਰੁੱਧ ਸਿਵਲ ਨਾਫੁਰਮਾਨੀ ਦੀ ਲਹਿਰ ਦਾ ਮੋਹਰਾ ਬਣਾ ਸਕਦੇ ਸਨ, ਤਾਂ ਮੱਧ ਯੁੱਧ ਵਿਚ ਤਅੱਸਬੀ ਮੁਸਲਿਮ ਹਕੂਮਤ ਦੇ ਸ਼ੱਰੀਅਤ ਦੇ ਕਾਨੂੰਨ ਨੂੰ ਠੁਕਰਾਉਣ ਅਤੇ ਮੁਸਲਾਮਾਨਾਂ ਨੂੰ ਸਿੱਖ ਬਣਾਉਣ ਦਾ ਕੰਮ ਤਾਂ ਗਾਂਧੀ ਜੀ ਦੇ ਪ੍ਰੋਗਰਾਮ ਦੇ ਮੁਕਾਬਲੇ ਬਹੁਤ ਜ਼ਿਆਦਾ ਸੰਜੀਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜਹਾਂਗੀਰ ਨੇ ਸਿੱਖ ਲਹਿਰ ਦੇ ਸਹੀ ਸਿਆਸੀ ਅਰਥ ਸਮਝ ਲਏ ਸਨ, ਕਿਉਂਕਿ ਉਸ ਨੇ ਆਪਣੀ ਸਵੈਜੀਵਨੀ ਵਿਚ ਗੁਰੂ ਅਰਜਨ ਸਾਹਿਬ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ ਕਿ ਗੁਰੂ ਅਰਜਨ “ਆਪਣੇ ਆਪ ਨੂੰ ਦੁਨਿਆਵੀ ਆਗੂ ਅਖਵਾਉਂਦਾ ਸੀ।
ਇਸ ਸਪੱਸ਼ਟ ਪੁਜ਼ੀਸ਼ਨ ਦੇ ਬਾਵਜੂਦ ਇਹ ਗਲਤ ਵਿਚਾਰ ਅਜੇ ਵੀ ਪ੍ਰਚੱਲਿਤ ਹੈ ਕਿ ਸਿੱਖ ਲਹਿਰ ਨਿਰੋਲ ਧਾਰਮਿਕ ਲਹਿਰ ਸੀ ਅਤੇ ਕੇਵਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਇਸ ਨੇ ਸਿਆਸੀ ਰੁੱਖ ਧਾਰਨ ਕੀਤਾ। ਇਸ ਗਲਤਫਹਿਮੀ ਦਾ ਇਕ ਕਾਰਨ ਇਹ ਹੈ ਕਿ ਸਿੱਖ ਗੁਰੂ ਸਾਹਿਬਾਨ ਮਨੁੱਖ ਦੀਆਂ ਸਾਰੀਆਂ ਸਰਗਰਮੀਆਂ ਨੂੰ ਧਾਰਮਿਕ ਮੁਹਾਵਰੇ ਵਿਚ ਸੋਚਦੇ ਤੇ ਪ੍ਰਗਟ ਕਰਦੇ ਸਨ। ਗੁਰੂ ਸਾਹਿਬ ਨੇ ਬਚਿੱਤਰ ਨਾਟਕ ਵਿਚ ਫੁਰਮਾਇਆ ਹੈ:
ਯਾਹੀ ਕਾਜ ਧਰਾ ਹਮ ਜਨਮੰ। ਸਮਝ ਲੇਹ ਸਾਧੂ ਸਭ ਮਨਮੰ। ਧਰਮ ਚਲਾਵਨ ਸੰਤ ਉਬਾਰਨ। ਦੁਸਟ ਸਭਨ ਕੋ ਮੂਲ ਉਪਾਰਨ।
ਇਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਦੇ ਮੁਤਾਬਕ ਵੇਖਿਆ ਜਾਵੇ ਤਾਂ ‘ਦੁਸ਼ਟਾਂ’ ਦਾ ਅਰਥ ਸੀ ਤਅੱਸਬੀ ਮੁਸਲਾਮਾਨ ਹਾਕਮਾਂ ਦਾ ਨਾਸ, ਜੋ ਕਿ ਆਪਣੀ ਜਨਤਾ ’ਤੇ ਅੱਤਿਆਚਾਰ ਕਰਦੇ ਸਨ। ਇਹ ਸਪੱਸ਼ਟ ਤੌਰ ’ਤੇ ਇਕ ਸਿਆਸੀ ਮਿਸ਼ਨ ਸੀ, ਪਰ ਇਸ ਨੂੰ ‘ਧਰਮ ਚਲਾਵਨ’ ਨਾਲ ਜੋੜਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਪਹਿਲੇ ਗੁਰੂਆਂ ਦੇ ਚਲਾਏ ਰਾਹ ਉਤੇ ਚਲ ਰਹੇ ਸਨ। ਗੁਰੂਆਂ ਦਾ ਆਪਣਾ ਧਾਰਮਿਕ ਦ੍ਰਿਸ਼ਟੀਕੋਣ ਤਾਂ ਹੈ ਹੀ ਸੀ। ਪਰ ਜੇ ਕੇਵਲ ਅਮਲੀ ਵਰਤੋਂ ਤੇ ਨਜ਼ਰੀਏ ਤੋਂ ਵੀ ਵੇਖੀਏ ਤਾਂ ਵੀ ਸਿੱਖ ਲਹਿਰ ਨੇ ਆਪਣੇ ਸਾਹਮਣੇ ਜੋ ਜਨਤਕ ਸਿਆਸੀ ਮਨੋਰਥ ਰਖੇ ਹੋਏ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਭਾਰਤੀ ਜਨਤਾ ਨੂੰ ਮੁਤਹਰਕ ਕਰਨ ਲਈ ਕੋਈ ਹੋਰ ਦੂਜਾ ਰਾਹ ਨਹੀਂ ਸੀ। ਮਰਾਠੇ ਹਮੇਸ਼ਾ ਆਪਣੀ ਧੁੰਦਲੀ ਵੱਖਰੀ ਕੌਮੀਅਤ ਬਾਰੇ ਸੁਚੇਤ ਸਨ ਪਰ ਉਨ੍ਹਾਂ ਨੂੰ ਵੀ ਆਪਣੇ ਕੌਮੀ ਜ਼ਜਬੇ ਨੂੰ ਮਜ਼ਬੂਤ ਕਰਨ ਵਾਸਤੇ ਧਾਰਮਿਕ ਪ੍ਰੇਰਣਾ ਲੈਣੀ ਪਈ। ਸਿੱਖ ਗੁਰੂਆਂ ਦੇ ਵੇਲੇ ਲੋਕ ਆਪਣੀ ਸਿਆਸੀ ਹੋਣੀ ਤੋਂ ਸੁਚੇਤ ਨਹੀਂ ਸਨ। ਉਹ ਆਪਸ ਵਿਰੋਧੀ ਜਾਤਾਂ ਵਿਚ ਵੰਡੇ ਹੋਏਸਨ ਅਤੇ ਜਾਤਪਾਤੀ ਵਿਚਾਰਧਾਰਾ ਨੇ ਉਨ੍ਹਾਂ ਦੀਆਂ ਸਿਆਸੀ ਉਮੰਗਾਂ ਨੂੰ ਜੰਮਣ ਨਹੀਂ ਸੀ ਦਿੱਤਾ। ਗੁਰੂਆਂ ਨੇ ਅਜਿਹੇ ਲੋਕਾਂ ਨੂੰ ਜਥੇਬੰਦ ਕਰਨਾ ਸੀ। ਇਹ ਗੱਲ ਬਹੁਤ ਅਣਹੋਣੀ ਜਾਪਦੀ ਹੈ ਕਿ ਮੱਧ ਜੁਗ ਦੇ ਭਾਰਤੀ ਹਾਲਾਤ ਦੇ ਪ੍ਰਸੰਗ ਵਿਚ, ਜਾਤ-ਪਾਤ ਦੇ ਵੱਖਰੇ-ਵੱਖਰੇ ਗਰੁੱਪਾਂ ਨੂੰ ਇਕ ਥਾਂ ਤੇ ਸਾਂਝੇ ਮਨੋਰਥ ਲਈ ਇਕੱਠਾ ਕਰਨਾ, ਅਤੇ ਉਨ੍ਹਾਂ ਨੂੰ ਆਪਣੀ ਰਾਜਸੀ ਹੋਣੀ ਆਪ ਬਣਾਉਣ ਲਈ, ਧਰਮ ਤੋਂ ਸਿਵਾਏ ਕਿਸੇ ਹੋਰ ਵਿਚਾਰਧਾਰਾ ਦੇ ਜ਼ਰੀਏ ਜਗਾਉਣ ਦਾ ਕੰਮ ਹੋ ਸਕਦਾ।
ਸਿੱਖ ਲਹਿਰ ਬਾਰੇ ਇਸ ਗਲਤ-ਫਹਿਮੀ ਦਾ ਇਕ ਕਾਰਨ ਇਹ ਵੀ ਹੈ ਕਿ ਪਹਿਲੇ ਚੌਹਾਂ ਗੁਰੂਆਂ ਨੇ ਹਾਕਮਾਂ ਦੇ ਖਿਲਾਫ ਉਘੜਵੇਂ ਸਿਆਸੀ ਕਦਮ ਨਹੀਂ ਸੀ ਚੁੱਕੇ। “ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਇਕ ਸੌ ਸਾਲ ਪਹਿਲੋਂ ਗੁਰੂ ਨਾਨਕ ਨੇ ਸਿੱਖਾਂ ਦਾ ਧਾਰਮਿਕ ਭਾਈਚਾਰਾ ਬਣਾਇਆ। ਇਸ ਸਮੇਂ ਅਤੇ ਹਰਿਗੋਬਿੰਦ ਵਲੋਂ ਸਿੱਖਾਂ ਦੀ ਫੌਜੀ ਮਸ਼ੀਨ ਬਣਾਉਣ ਦੇ ਕੰਮ ਵਿਚਕਾਰ ਇਕ ਵਿਚਲਾ ਪੜਾਅ ਹੈ। ਈਸਾ ਜੁਗ ਦੀ ਸੋਲਵੀਂ ਸਦੀ ਦੇ ਪਿਛਲੇ ਚੌਥੇ ਹਿੱਸੇ ਵਿਚ ਸਿੱਖ ਸਮਾਜ ਨੇ ਇਕ ਸਿਆਸੀ ਰੂਪ ਅਖਤਿਆਰ ਕਰ ਲਿਆ ਸੀ, ਭਾਵੇਂ ਇਹ ਅਜੇ ਜੰਗਜੂ ਨਹੀਂ ਸੀ। ਇਸ ਵਿਚਲੇ ਪੜਾਅ ਨੇ ਲਾਜ਼ਮੀ ਤੌਰ ’ਤੇ ਹੋਣਾ ਹੀ ਸੀ, ਕਿਉਂਕਿ ਸਿੱਖ ਗੁਰੂ ਤਿਆਰੀ ਤੋਂ ਪਹਿਲੋਂ ਖੋਖਲੇ ਐਲਾਨ ਕਰਕੇ ਲਹਿਰ ਨੂੰ ਜੋਖੋਂ ਵਿਚ ਨਹੀਂ ਸੀ ਪਾਉਣਾ ਚਾਹੁੰਦੇ। ਉਨ੍ਹਾਂ ਦਾ ਨਿਸ਼ਾਨਾ ਇਕ ਜਨਤਕ ਲਹਿਰ ਖੜ੍ਹੀ ਕਰਨਾ ਸੀ। ਉਹ ਕੋਈ ਵੀ ਐਸਾ ਫੋਕਾ ਤੇ ਕੱਚਾ ਕਦਮ ਚੁੱਕਣ ਤੋਂ ਗੁਰੇਜ਼ ਕਰਦੇ ਸਨ, ਜਿਸ ਕਾਰਨ ਲਹਿਰ ਆਪਣੇ ਬਚਪਨ ਵਿਚ ਵੀ ਬੇਲੋੜੀਆਂ ਮੁਸ਼ਕਲਾਂ ਵਿਚ ਫਸ ਜਾਏ।
ਜੋ ਗੱਲ ਅਹਿਮ ਹੈ ਉਹ ਇਹ ਕਿ ਉਨ੍ਹਾਂ ਨੇ ਲਹਿਰ ਦੇ ਨਿਸ਼ਾਨਿਆਂ ਨੂੰ ਲਗਾਤਾਰ ਨਜ਼ਰ ਵਿਚ ਰੱਖਿਆ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਲਗਾਤਾਰ ਜਤਨ ਕਰਦੇਰਹੇ। ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਹ ਆਪਣੇ ਨਿਸ਼ਾਨੇ ਤੋਂ ਨਹੀਂ ਥਿੜਕੇ ਅਤੇ ਨਾ ਹੀ ਉਨ੍ਹਾਂ ਨੇ ਕੋਈ ਸਮਝੌਤਾ ਕੀਤਾ। ਗੁਰੂ ਨਾਨਕ ਸਾਹਿਬ ਕਾਬਲ ਵਿਚ ਆਪਣੇ ਮਿਸ਼ਨ ਦਾ ਪ੍ਰਚਾਰ ਕਰਨ ਗਏ, ਹਾਲਾਂਕਿ ਉਨ੍ਹਾਂ ਨੂੰ ਸੁਚੇਤ ਕੀਤਾ ਗਿਆ ਸੀ ਕਿ ਕਿਸੇ ਗ਼ੈਰ-ਮੁਸਲਮਾਨ ਦਾ ਕਿਸੇ ਮੁਸਲਮਾਨ ਦੇਸ਼ ਵਿਚ ਜਾ ਕੇ ਆਪਣੇ ਉਦੇਸ਼ ਦਾ ਪ੍ਰਚਾਰ ਕਰਨਾ ਬਹੁਤ ਖਤਰੇ ਵਾਲਾ ਕੰਮ ਸੀ। ਹੋਰ ਅਹਿਮ ਗੱਲ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਤੋਂ ਪਹਿਲੇ ਤੇ ਬਾਅਦ ਦੇ ਗੁਰੂਆਂ ਵਿਚੋਂ ਕਿਸੇ ਨੇ ਵੀ ਮੁਸਲਮਾਨਾਂ ਨੂੰ, ਜਿਹੜੇ ਉਨ੍ਹਾਂ ਦੇ ਧਰਮ ਵਿਚ ਸ਼ਾਮਿਲ ਹੋਣਾ ਚਾਹੁੰਦਾ ਸਨ, ਆਪਣੇ ਧਰਮ ਵਿਚ ਸ਼ਾਮਿਲ ਹੋਣ ਤੋਂ ਨਹੀਂ ਰੋਕਿਆ। ਇਸ ਕਦਮ ਨਾਲ ਸ਼ੱਰੀਅਤ ਮੁਤਾਬਕ ਨੀਯਤ ਕੀਤੀ ਹੋਈ ਮੁਸਲਮਾਨ ਹਕੂਮਤ ਨੂੰ ਖੁੱਲ੍ਹ ਤੌਰ ’ਤੇ ਠੁਕਰਾਇਆ ਗਿਆ। ਮੁਢਲੇ ਗੁਰੂਆਂ ਦੇ ਵੇਲੇ ਇਸ ਸਿਆਸੀ ਟਕਰਾਅ ਦੇ ਉਜਾਗਰ ਰੂਪ ਨਾ ਧਾਰਨ ਦੇ ਕਈ ਕਾਰਨ ਸਨ।
ਸਿੱਖ ਲਹਿਰ ਅਜੇ ਇਤਨੀ ਗੁੰਮਨਾਮ ਸੀ ਕਿ ਇਸ ਨੇ ਬਾਬਰ ਅਤੇ ਹਮਾਯੂੰ ਦਾ ਆਪਣੇ ਵੱਲ ਧਿਆਨ ਨਾ ਖਿੱਚਿਆ। ਨਾਲੇ ਉਨ੍ਹਾਂ ਦੋਹਾਂ ਨੂੰ ਤਾਂ ਆਪਣੇਰਾਜ ਦੇ ਪੈਰ ਜਮਾਉਣ ਦੀ ਪਈ ਹੋਈ ਸੀ। ਇਕ ਬਿਆਨ ਮੁਤਾਬਕ ਗੁਰੂ ਰਾਮਦਾਸ ਜੀ ਦੇਕੇਵਲ ਚੌਰਾਸੀ ਸਿੱਖ ਸਨ। ਸਪੱਸ਼ਟ ਹੈ ਕਿ ਗਿਣਤੀ ਬਹੁਤ ਹੀ ਘੱਟ ਦੱਸੀ ਗਈ ਹੈ, ਪਰ ਇਸ ਤੋਂ ਗੁਰੂ ਰਾਮਦਾਸ ਜੀ ਦੇ ਸਮੇਂ ਦੇ ਅੰਤ ਤਕ ਲਹਿਰ ਦੀ ਧੀਮੀ ਤਰੱਕੀ ਦਾ ਪਤਾ ਲੱਗਦਾ ਹੈ। ਗੁਰੂ ਅਰਜਨ ਸਾਹਿਬ ਜੀ ਦੇ ਵਕਤ ਹੀ ਸਿੱਖਾਂ ਦੀ ਗਿਣਤੀ ਤੇਜ਼ੀ ਨਾਲ ਵਧੀ । ਮੋਹਸਿਨ ਫਾਨੀ ਕਹਿੰਦਾ ਹੈ “ਗੁਰੂ ਅਰਜਨ ਮੱਲ ਦੇ ਵਕਤ ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ। ਮੁਸਲਮਾਨਾਂ ਦੇ ਸਿੱਖ ਬਣ ਜਾਣ ਬਾਰੇ ਅਕਬਰ ਨੂੰ ਜਾਂ ਤਾਂ ਲੱਗਾ ਜਾਂ ਉਹ ਬਹੁਤ ਖੁੱਲਦਿਲਾ ਸੀ, ਕਿਉਂਕਿ ਉਹ ਖੁਦ ਵੀ ਭਾਰਤ ਦੇ ਸਮਾਜੀ ਤੇ ਸਿਆਸੀ ਢਾਂਚੇ ਵਿਚ ਉਦਾਰ ਰੁਚੀਆਂ ਨੂੰ ਵਾਧਾ ਦੇ ਰਿਹਾ ਸੀ। ਪਰ ਜਹਾਂਗੀਰ ਦੇ ਵਿਚਾਰ ਆਪਣੇ ਪਿਤਾ ਨਾਲੋਂ ਵੱਖਰੇ ਸਨ।
ਜਹਾਂਗੀਰ ਨੇ ਅਬੁਲ ਫਜ਼ਲ ਬਾਰੇ ਲਿਿਖਆ ਸੀ: “ਉਸ (ਅਬੁਲ ਫਜ਼ਲ) ਨੇ ਕਿਸੇ ਤਰ੍ਹਾਂ ਉਸ (ਅਕਬਰ) ਦੇ ਮਨ ਉਤੇ ਰਸੂਖ ਹਾਸਲ ਕਰ ਲਿਆ ਸੀ। ਮੇਰੇ ਪਿਤਾ ਦੇ ਰਾਜ ਦੇ ਪਿਛਲੇ ਸਮੇਂ ਵਿਚ ਉਸ ਨੇ (ਅਬੁਲ ਫਜ਼ਲ) ਇਸ ਰਸੂਖ ਰਾਹੀਂ ਉਸ (ਅਕਬਰ) ਵਿਚ ਇਹ ਵਿਚਾਰ ਭਰ ਦਿੱਤਾ ਕਿ ਪੈਗ਼ੰਬਰ ਸਾਹਿਬ (ਜਿਨ੍ਹਾਂ ਲਈ ਮੇਰੇ ਵਰਗੇ ਹਜ਼ਾਰ ਬੰਦਿਆਂ ਦੀ ਸ਼ਰਧਾ ਇਕ ਨਿਗੂਣੀ ਚੀਜ਼ ਹੈ) ਇਕ ਅਰਬੀ ਵਿਸ਼ੇਸ਼ ਪ੍ਰਚਾਰਕ ਤੋਂ ਵੱਧ ਦਰਜਾ ਨਹੀਂ ਸੀ ਰੱਖਦੇ ਅਤੇ ਕੁਰਾਨ ਵਿਚ ਜੋ ਪਵਿੱਤਰ ਅਲਹਾਮਕ ਬਾਣੀ ਦਰਜ ਹੈ ਉਹ (ਰੱਬੀ ਰਹਿਮਤ ਦੇ ਹਮੇਸ਼ਾ ਰਹਿਣ ਵਾਲੇ ਮਾਲਕ) ਮੁਹੰਮਦ ਦੇ ਆਪਣੇ ਮਨ ਦੀਆਂ ਕਾਢਾਂ ਸਨ। ਇਹੀ ਵਜ੍ਹਾ ਸੀ ਜਿਸ ਕਾਰਨ ਮੈਂ ਇਕ ਆਦਮੀ ਰਾਹੀਂ ਅਬੁਲ ਫਜ਼ਲ ਨੂੰ ਮਰਵਾਇਆ ਅਤੇ ਉਸ ਨੇ ਉਸ ਦਾ ਸਿਰ ਮੈਨੂੰ ਲਿਆ ਕੇ ਦਿੱਤਾ। ਏਸੇ ਸਬੱਬ ਮੇਰੇ ਪਿਤਾ ਮੇਰੇ ਉਤੇ ਸਖਤ ਨਰਾਜ਼ ਹੋ ਗਿਆ।”
ਜਹਾਂਗੀਰ ਨੇ ਪੰਜਵੇਂ ਗੁਰੂ ਸਾਹਿਬ ਦੀ ਜੋਸ਼ਹੀਦੀ ਕਰਵਾਈ ਉਸ ਪਿਛੇ ਸਪੱਸ਼ਟ ਰਾਜਸੀ ਮਨੋਰਥ ਸਨ। ਪਰ ਜਹਾਂਗੀਰ ਦੀ ਉਪਰੋਕਤ ਲਿਖਤ ਤੋਂ ਉਸ ਦਾ ਉਨ੍ਹਾਂ ਵੱਲ ਰਵੱਈਆ ਵੀ ਸਾਫ ਪ੍ਰਗਟ ਹੁੰਦਾ ਹੈ ਜਿਹੜੇ ਸ਼ੱਰਾਅ ਦੇ ਕਾਨੂੰਨ ’ਤੇ ਅਮਲ ਤੋਂ ਲਾਂਭੇ ਜਾਣ। “ਸ਼ੇਖ ਅਹਿਮ ਸਰਹੱਦੀ ਨੇ ਕੱਟੜ ਇਸਲਾਮ ਦੇ ਅਮਲੀ ਸਿਧਾਂਤਾਂ ਤੇ ਵਰਤੋਂ ਨੂੰ ਸ਼ੁੱਧ ਲੀਹਾਂ ਉਤੇ ਲਿਆਉਣ ਦੇ ਹੱਕ ਵਿਚ ਸੀ।” ਇਸ ਲਈ ਜਹਾਂਗੀਰ ਦੇ ਤਖਤ ਉਤੇ ਬੈਠਣ ਨਾਲ ਸਥਿਤੀ ਵਿਚ ਬੁਨਿਆਦੀ ਤਬਦੀਲੀ ਆ ਗਈ। ਜੋ ਟਕਰਾਅ ਅਜੇ ਤਕ ਪਰਦੇ ਵਿਚ ਸੀ, ਉਸ ਦੇ ਉਜਾਗਰ ਹੋਣ ਦਾ ਮੈਦਾਨ ਬਣ ਗਿਆ। ਇਹ ਟਕਰਾਅ ਦੋ ਇਕ ਦੂਜੇ ਦੇ ਵਿਰੋਧੀ ਵਿਚਾਰਧਾਰਾਵਾਂ ਵਿਚਕਾਰ ਲਾਜ਼ਮੀ ਟੱਕਰ ਸੀ, ਜਿਸ ਨੇ ਕਦੇ ਤਾਂ ਫੁੱਟਣਾ ਹੀ ਸੀ। ਸਗੋਂ ਘਟਨਾਵਾਂ ਬਹੁਤ ਤੇਜ਼ੀ ਨਾਲ ਵਾਪਰੀਆਂ। ਅਕਬਰ 19 ਅਕਤੂਬਰ 1605 ਨੂੰ ਮਰਿਆ। ਜੂਨ 1606 ਵਿਚ ਗੁਰੂ ਅਰਜਨ ਸਾਹਿਬ ਜੀ ਨੂੰ ਜਹਾਂਗੀਰ ਦੀ ਹਕੂਮਤ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਜਹਾਂਗੀਰ ਕੇਵਲ ਇਕ ਸ਼ਖਸ ਨੂੰ ਨਹੀਂ ਸੀ ਮਾਰਨਾ ਚਾਹੁੰਦਾ ਸਗੋਂ ਉਹ ਚਾਹੁੰਦਾ ਸੀ ਕਿ ਸਿੱਖ ਲਹਿਰ ਦੀ ਉਸ ਵਿਚਾਰਧਾਰਾ ਨੂੰ ਫੈਲਣੋਂ ਬੰਦ ਕਰਨਾ ਜਿਸ ਨੂੰ ਉਸ ਨੇ “ਝੂਠੀ ਦੁਕਾਨਦਾਰੀ” ਦਾ ਨਾਂ ਦਿੱਤਾ ਅਤੇ ਜੋ ਪਿਛਲੀਆਂ ਤਿੰਨ ਜਾਂ ਚਾਰ ਪੀੜ੍ਹੀਆਂ ਤੋਂ ਵਧਦੀ ਚਲੀ ਆ ਰਹੀ ਸੀ। ਜਹਾਂਗੀਰ ਦਾ ਐਲਾਨੀਆ ਵਾਰ (ਹਮਲਾ) ਇਕ ਸ਼ਖਸ ਉਤੇ ਨਹੀਂ ਸੀ, ਸਗੋਂ ਇਹ ਸਮੱੁਚੀ ਸਿੱਖ ਲਹਿਰ ਉਤੇ ਹਮਲਾ ਸੀ। ਉਸ ਲਹਿਰ ਉਤੇ ਜੋ ਮੁਸਲਮਾਨ ਮਜ਼ਹਬੀ ਹਕੂਮਤ ਲਈ ਸਿੱਧਾ ਸਿਆਸੀ ਚੈਲੰਜ ਬਣੀ ਰਹੀ ਸੀ।
ਗੁਰੂ ਅਰਜਨ ਦੇਵ ਜੀ, ਸਮੇਤ ਸਾਰੇ ਗੁਰੂਆਂ, ਦੇ ਇਸ ਗੱਲ ਤੋਂ ਅਣਜਾਣ ਨਹੀਂ ਸਨ ਕਿ ਜਿਸ ਵਿਚਾਰਧਾਰਕ ਰਾਹ ’ਤੇ ਉਹ ਚਲ ਰਹੇ ਸਨ, ਉਸ ਦੇ ਕੀ ਨਤੀਜੇ ਨਿਕਲਣਗੇ। ਮੁਸਲਿਮ ਰਿਆਸਤ ਦਾ ਸਭ ਤੋਂ ਅਣਜਾਣ ਮਹਿਕੂਮ ਵੀ ਇਨ੍ਹਾਂ ਨਤੀਜਿਆਂ ਤੋਂ ਵਾਕਿਫ ਸੀ, ਇਸਲਾਮ ਛੱਡ ਕੇ ਹੋਰ ਧਰਮ ਕਬੂਲ ਕਰਨ ਵਾਲੇ ਲਈ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਦਾ ਬਹੁਤ ਢੰਡੋਰਾ ਸੀ। ਪਰ ਗੁਰੂ ਨਾਂ ਆਪਣੀ ਵਿਚਾਰਧਾਰਾ ਛੱਡਣ ਨੂੰ ਤਿਆਰ ਸਨ ਅਤੇ ਨਾ ਹੀ ਉਹ ਰਾਹ ਛੱਡਣ ਨੂੰ ਤਿਆਰ ਸਨ ਜੋ ਇਸ ਵਿਚਾਰਧਾਰਾ ਨੇ ਨਿਯਤ ਕੀਤਾ, ਨਤੀਜੇ ਭਾਵੇਂ ਕਿੰਨੇ ਹੀ ਗੰਭੀਰ ਕਿਉਂ ਨਾ ਹੋਣ।
ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਕੁਝ ਪੰਗਤੀਆਂ ਬਦਲ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਇਸ ਵਿਚੋਂ ਕੋਈ ਵੀ ਲਗ ਜਾਂ ਮਾਤਰ ਬਦਲਣ ਤੋਂ ਠੋਕ ਵਜਾ ਕੇ ਨਾਂਹ ਕਰ ਦਿੱਤੀ। ਜਹਾਂਗੀਰ ਗੁਰੂ ਅਰਜਨ ਸਾਹਿਬ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਇਹ ਗੱਲ ਉਸ ਨੇ ਖੁਦ ਆਪਣੀ ਲਿਖਤ ਵਿਚ ਲਿਖੀ ਹੈ। ਪਰ ਗੁਰੂ ਸਾਹਿਬ ਨੇ ਇਸਲਾਮ ਕਬੂਲ ਕਰਨੋਂ ਨਾਹ ਕਰ ਦਿੱਤੀ। ਜਹਾਂਗੀਰ ਨੇ ਜਦ ਉਨ੍ਹਾਂ ਨੂੰ ਸਜ਼ਾ ਦਿੱਤੀ ਤਾਂ ਉਹ ਜ਼ਰਾ ਵੀ ਆਪਣੇਫੈਸਲੇ ਤੋਂ ਨਹੀਂ ਥਿੜਕੇ। ਉਹ ਆਪਣੇ ਆਪਨੂੰ ਉਹ ਜ਼ੁਰਮਾਨਾ ਭਰ ਕੇ ਬਚਾ ਸਕਦੇ ਸਨ, ਜਿਹੜਾ ਜੁਰਮਾਨਾ ਮੀਆਂ ਮੀਰ ਦੇ ਕਹਿਣ ਉਤੇ ਮੌਤ ਦੀ ਸਜ਼ਾ ਦੇ ਬਦਲੇ ਲਾਇਆ ਗਿਆ। ਗੁਰੂ ਜੀ ਨੇ ਇਹ ਕਹਿ ਕੇ ਜੁਰਮਾਨਾ ਤਾਰਨ ਤੋਂ ਇਨਕਾਰ ਕਰ ਦਿੱਤਾ ਕਿ “ਜੋ ਮੇਰੇ ਪਾਸ ਧਨ ਹੈ,ਉਹ ਗਰੀਬਾਂ, ਨਿਆਸਰਿਆਂ ਤੇਅਥਿਤਾਂ ਲਈ ਹੈ। ਜੇ ਮੰਗ ਕੇ ਧੰਨ ਲਹਿਣਾ ਚਾਹੇਤਾਂ ਤੂੰ ਜੋ ਮੇਰੇ ਪਾਸ ਹੈ ਲੈ ਸਕਦਾ ਹੈਂ। ਪਰ ਜੇ ਤੂੰ ਜੁਰਮਾਨੇ ਵਜੋਂ ਲੈਣਾ ਚਾਹੇਂ ਤਾਂ ਮੈਂ ਇਕ ਕੋਡੀ ਵੀ ਨਹੀਂ ਦੇਵਾਂਗਾ। ਅਤੇ ਜਿਹੜੀ ਗੱਲ ਤੂੰ ਗ੍ਰੰਥ ਸਾਹਿਬ ਵਿਚੋਂ ਕੁਝ ਪੰਗਤੀਆਂ ਕੱਢ ਦੇਣ ਬਾਰੇ ਕਹੀ ਹੈ, ਮੈਂ ਇਕ ਲਗਮਾਤਰ ਵੀ ਨਾ ਕੱਢ ਸਕਦਾ ਹਾਂ ਅਤੇ ਨਾ ਬਦਲ ਸਕਦਾ ਹਾਂ। ਮੈਂ ਅਕਾਲ ਪੁਰਖ, ਦੁਨੀਆਂ ਦੇ ਮਾਲਕ ਦਾ ਉਪਾਸ਼ਕ ਹਾਂ। ਉਸ ਤੋਂ ਬਿਨਾਂ ਮੈਂ ਕਿਸੇ ਬਾਦਸ਼ਾਹ ਨੂੰ ਨਹੀਂ ਮੰਨਦਾ।” ਇਸ ਵਿਿਖਆਨ ਦਾ ਆਖਰੀ ਹਿੱਸਾ ਮੁਗ਼ਲਾਂ ਦੀ ਹਕੂਮਤ ਨੂੰ ਸਿੱਧਾ ਚੈਲੰਜ ਸੀ।
ਲਾਹੌਰ ਦਾ ਪ੍ਰਸਿੱਧ ਸੂਫੀ ਸੰਤ ਮੀਆਂ ਮੀਰ ਜਦੋਂ ਗੁਰੂ ਅਰਜਨ ਸਾਹਿਬ ਜੀ ਦਾ ਸਰੀਰ ਛਾਲਿਆਂ ਤੇ ਪਾਕ ਨਾਲ ਭਰਿਆ ਪਿਆਸੀ। ਉਸ ਨੇ ਗੁਰੂ ਜੀ ਨੂੰ ਬਾਦਸ਼ਾਹ ਕੋਲ ਸਿਫਾਰਸ਼ ਕਰਨ ਦੀ ਪੇਸ਼ਕਸ਼ ਕੀਤੀ, ਅਤੇ ਗੁਰੂ ਜੀ ਨੇ ਜੁਆਬ ਦਿੱਤਾ, “ਮੈਂ ਇਹ ਸਾਰੇ ਤਸੀਹੇ ਇਕ ਮਿਸਾਲ ਕਾਇਮ ਕਰਨ ਵਾਸਤੇ ਸਹਿ ਰਿਹਾ ਹਾਂ…. ਮੁਸੀਬਤ ਦੀਆਂ ਘੜੀਆਂ ਹੀ ਵਿਸ਼ਵਾਸ ਦੀ ਸੱਚੀ ਪ੍ਰੀਖਿਆ ਹੁੰਦੀਆਂ ਹਨ। ਕਿਸੇ ਮਿਸਾਲ ਦੀ ਅਗਵਾਈ ਤੋਂ ਬਿਨਾਂ, ਮੁਸੀਬਤ ਵਿਚ ਪੈ ਕੇ ਆਮ ਆਦਮੀ ਦਾ ਮਨ ਡੋਲ ਜਾਂਦਾ ਹੈ। ਦੂਸਰੇ ਜਿਸ ਆਦਮੀ ਨੂੰ ਪ੍ਰਮਾਤਮਾ ਨੇ ਸਤਿਆ ਬਖਸ਼ੀ ਹੈ, ਜੇਉਹ ਆਪਣੇ ਧਰਮ ਉਤੇ ਖੁਲਮਖੁਲ੍ਹਾ ਕਾਇਮ ਰਹਿ ਕੇਧਰਮ ਦੀ ਰੱਖਿਆ ਨਾ ਕਰੇ ਤਾਂ ਜਿਸ ਆਦਮੀ ਵਿਚ ਸਤਿਆ ਨਹੀਂ ਉਹ (ਜਦੋਂ ਉਸ ਨੂੰ ਤਸੀਹੇ ਦਿੱਤੇ ਜਾਣ) ਆਪਣਾ ਧਰਮ ਤਿਆਗ ਦੇਵੇਗਾ। ਇਸ ਦਾ ਪਾਪ ਉਸ ਆਦਮੀ ਦੇ ਸਿਰ ਪਵੇਗਾ ਜਿਸ ਵਿਚ ਸਤਿਆ ਸੀ ਪਰ ਉਹ ਅਡੋਲ ਨਹੀਂ ਰਿਹਾ ਅਤੇ ਰੱਬ ਉਸ ਨੂੰ ਧਰਮ ਦਾ ਵੈਰੀ ਸਮਝੇਗਾ।”
ਗੁਰੂ ਜੀ ਦਾ ਉਪਰੋਕਤ ਬਿਆਨ ਤੇ ਜਹਾਂਗੀਰ ਨੂੰ ਕਿਹਾ ਹੋਇਆ ਉਨ੍ਹਾਂ ਦਾ ਜੁਆਬ ਗੁਰੂ ਜੀ ਦੇ ਉਨ੍ਹਾਂ ਆਦਰਸ਼ਾਂ ਨੂੰ ਸਪੱਸ਼ਟ ਕਰ ਦੇਂਦੇ ਹਨ ਜਿਨ੍ਹਾਂ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਨੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ। ਮੀਆਂ ਮੀਰ ਨੂੰ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਸੀਸ ਕਿ ਉਹ ਇਹ ਮਿਸਾਲ ਕਾਇਮ ਕਰਨ ਵਾਸਤੇ ਤਸੀਹੇ ਜਰ ਰਹੇ ਸਨ ਕਿ ਧਰਮ ਦੀ ਰੱਖਿਆ “ਧਰਮ ਦੇ ਰਾਹ ਉਤੇ ਖੁੱਲ੍ਹਮ-ਖੁੱਲ੍ਹਾ ਚੱਲ ਕੇ ਕੀਤੀ ਜਾਏ।” ਜੋ ਇਹ ਨਹੀਂ ਕਰਦਾ ਉਸ ਨੂੰ ਰੱਬ ਧਰਮ ਦਾ ਦੁਸ਼ਮਣ ਸਮਝੇਗਾ। ਗੁਰੂ ਜੀ ਦੇ ਧਰਮ ਦੇ ਰਾਹ ਉਤੇ ਐਲਾਨੀਆ ਚਲਣਾ ਦੇ ਅਰਥ ਹਨ ਸ਼ੱਰੀਅਤ ਦੇ ਕਾਨੂੰਨ ਨੂੰ ਠੁਕਰਾਉਣਾ, ਜਿਸ ਦਾ ਸਿੱਟਾ ਸੀ ਮੁਸਲਿਮ ਹਕੂਮਤ ਨੂੰ ਠੁਕਰਾਉਣਾ।
ਅਸੀਂ ਵੇਖ ਚੁੱਕੇ ਹਾਂ ਕਿ ਕਾਇਮ ਹਕੂਮਤ ਦੇ ਮੁਕਾਬਲੇ “ਸੱਚੇ ਪਾਤਸ਼ਾਹ” ਦੇ ਆਦਰਸ਼ ਦੀ ਕਾਇਮੀ ਜਹਾਂਗੀਰ ਦੇ ਗੱਦੀ ਉਤੇ ਬੈਠਣ ਤੋਂ ਪਹਿਲਾਂ ਹੋ ਚੁੱਕੀ ਸੀ। ਪ੍ਰਸਿੱਧ ਇਤਿਹਾਸਕਾਰ ਟਾਇਨਬੀ ਨੇ ਇਸ ਗੱਲ ਨੂੰ ਨੋਟ ਕੀਤਾ ਕਿ ਗੁਰੂ ਹਰਿਗੋਬਿੰਦ ਸਾਹਿਬ ਤੋਂ ਪਹਿਲੇ ਦੇ ਗੁਰੂਆਂ ਨੇ ਸਿੱਖ ਸਮਾਜ ਨੂੰ “ਮੁਢਲੀ ਅਵਸਥਾ ਦੇ ਧਰਮ ਤੋਂ ਮੁੱਢਲੀ ਅਵਸਥਾ ਦੀ ਰਿਆਸਤ ਵਿਚ ਬਦਲ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਦੇ ਵੇਲੇ ਦੀ ਸਿੱਖ ਜਥੇਬੰਦੀ ਨੂੰ ਗੁਪਤਾ ਰਿਆਸਤ ਦੇ ਅੰਦਰ ਰਿਆਸਤ ਕਹਿੰਦਾ ਹੈ। ਗੁਰੂ ਸਾਹਿਬ ਨੇ ਅੱਗੋਂ ਹੋਰ ਐਸੇ ਕਦਮ ਪੱੁਟੇ ਜਿਨ੍ਹਾਂ ਨਾਲ ਸਿੱਖ ਲਹਿਰ ਦੀ ਹਾਕਮ ਦੇ ਖਿਲਾਫ ਸਿੱਧੀ ਸਿਆਸੀ ਟੱਕਰ ਹੋ ਗਈ। ਗੁਰੂ ਅਰਜਨ ਦੇਵ ਜੀ ਨੇ ਖੁਸਰੋ ਜੋ ਜਹਾਂਗੀਰ ਤੋਂ ਤਖਤ ਖੋਹਣਾ ਚਾਹੁੰਦਾ ਸੀ, ਨੂੰ ਅਸ਼ੀਰਵਾਦ ਦਿੱਤਾ ਅਤੇ ਉਸ ਦੀ ਧਨ ਮਾਲ ਨਾਲ ਵੀ ਸਹਾਇਤਾ ਕੀਤੀ। ਇਹ ਸਿੱਧਾ ਸਿਆਸੀ ਦਖਲ ਸੀ। ਖੁਸਰੋ ਨੂੰ ਸਿਰਫ ਧਨ ਦੀ ਮਦਦ ਹੀ ਨਹੀਂ ਦਿੱਤੀ, ਉਸ ਦੇ ਮੱਥੇ ’ਤੇ ਤਿਲਕ ਵੀ ਲਾਇਆ ਗਿਆ। ਜਹਾਂਗੀਰ ਇਨ੍ਹਾਂ ਕਾਰਵਾਈਆਂ ਦੀ ਅਹਿਮੀਅਤ ਤੋਂ ਬੇਖਬਰ ਨਹੀਂ ਸੀ।ਉਸ ਨੇ ਲਿਿਖਆ “ਉਸ (ਗੁਰੂ ਅਰਜਨ) ਨੇ ਉਸ ਨਾਲ (ਖੁਸਰੋ ਨਾਲ) ਬਹੁਤ ਸਾਰੇ ਮਸਲਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਅਤੇ ਉਸ ਦੇ ਮੱਥੇ ਉਤੇ ਕੇਸਰ ਦਾ ਟਿੱਕਾ ਲਾਇਆ। ਜਿਸ ਨੂੰ ਹਿੰਦੂਆਂ ਦੀ ਸ਼ਬਦਾਵਲੀ ਵਿਚ ਕਸ਼ਕ ਆਖਦੇ ਹਨ ਅਤੇ ਇਸ ਨੂੰ ਸ਼ੁਭ ਲਗਨ ਮੰਨਿਆ ਜਾਂਦਾ ਹੈ। ਇਸ ਘਟਨਾ ਬਾਰੇ ਇਕ ਸਮਕਾਲੀ ਯੂਰਪੀਨ ਵੀ ਇਹੋ ਨਤੀਜਾ ਕੱਢਦਾ ਹੈ। “ਗੁਰੂ ਨੇ ਉਸ ਨੂੰ (ਖੁਸਰੋ ਨੂੰ) ਬਾਦਸ਼ਾਹੀ ਦਾ ਦਾਅਵਾ ਕਰਨ ਉਤੇ ਵਧਾਈ ਦਿੱਤੀ ਅਤੇ ਉਸ ਦੇ ਮੱਥੇ ’ਤੇ ਤਿੰਨ ਨਿਸ਼ਾਨ ਲਾਏ। ਭਾਵੇਂ ਗੁਰੂ ਗ਼ੈਰ ਮੁਸਲਿਮ ਸੀ ਅਤੇ ਰਾਜਕੁਮਾਰ ਮੁਸਲਮਾਨ ਸੀ ਪਰ ਫਿਰ ਵੀ ਉਹ ਸ਼ਹਿਜਾਦੇ ਦੇ ਮੱਥੇ ’ਤੇ ਇਹ ਨਿਸ਼ਾਨ ਲਾ ਕੇ ਖੁਸ਼ ਹੋਇਆ। ਇਹ ਨਿਸ਼ਾਨ ਉਸ (ਖੁਸਰੋ) ਦੇ ਮਕਸਦ ਦੀ ਸਫਲਤਾ ਲਈ ਅਸ਼ੀਰਵਾਦ ਦੇ ਚਿੰਨ੍ਹ ਸਨ।”
ਗੁਰੂ ਅਰਜਨ ਸਾਹਿਬ ਜੀ ਨੇ ਇਸ ਦਾ ਅਨੁਮਾਨ ਲਾ ਲਿਆ ਹੋਵੇਗਾ ਕਿ ਅਕਬਰ ਤੋਂ ਬਾਅਦ ਕੱਟੜ ਇਸਲਾਮ ਨੂੰ ਮੁੜ ਸਥਾਪਤ ਕਰਨ ਦੀ ਲਹਿਰ ਜ਼ੋਰ ਫੜ ਰਹੀ ਸੀ ਅਤੇ ਸਿੱਖ ਲਹਿਰ ’ਤੇ ਇਸ ਦਾ ਜੋ ਅਸਰ ਪੈ ਸਕਦਾ ਸੀ, ਉਸ ਬਾਰੇ ਵੀ ਕੋਈ ਸ਼ੱਕ ਨਹੀਂ ਸੀ ਹੋ ਸਕਦਾ। ਉਹ ਆਪਣੇ ਧਰਮ ਐਲਾਨੀਆ ਰਾਖੀ ਨਾ ਕਰਨ ਨੂੰ ਪਾਪ ਸਮਝਦੇ ਸਨ। ਸਿੱਖ ਲਹਿਰ ਆਪਣੇ ਆਪ ਇਸ ਚੈਲੰਜ ਦਾ ਬੋਝ ਚੁਕਣ ਵਾਸਤੇ ਨਾ ਅਜੇ ਤਿਆਰ ਸੀ ਤੇ ਨਾ ਹੀ ਸਿਆਸੀ ਤੌਰ ’ਤੇ ਚੇਤੰਨ ਸੀ, ਇਸ ਲਈ ਚੁਪਚਾਪ ਬੈਠੇ ਰਹਿਣ ਦੀ ਥਾਂ, ਗੁਰੂ ਅਰਜਨ ਸਾਹਿਬ ਜੀ ਨੇ ਸ਼ਾਹੀ ਦਰਬਾਰ ਵਿਚ ਪਈ ਫੁੱਟ ਤੋਂ ਫਾਇਦਾ ਉਠਾਉਣ ਲਈ ਪਹਿਲ-ਕਦਮੀ ਕਰਨ ਵਾਸਤੇ ਮੌਕਾ ਸੰਭਾਲਿਆ। ਜਹਾਂਗੀਰ ਦੇ ਆਪਣੇ ਅੰਦਾਜ਼ੇ ਅਨੁਸਾਰ ਖੁਸਰੋ ਕੋਲ ਇਕ ਲੱਖ ਬਾਰਾਂ ਹਜ਼ਾਰ ਘੋੜ ਸਵਾਰ ਸਨ। ਇਸ ਤਰ੍ਹਾਂ ਉਸ ਪਾਸ ਜਹਾਂਗੀਰ ਨੂੰ ਚੈਲੰਜ ਕਰਨ ਦਾ ਸੋਹਣਾ ਮੌਕਾ ਸੀ। ਸੋ ਜਹਾਂਗੀਰ ਤਾਂ ਗੁਰੂਆਂ ਦੀ ਸਿੱਖ ਲਹਿਰ ਦੇ ਸਿਆਸੀ ਚਰਿੱਤਰ ਨੂੰ ਸਪੱਸ਼ਟ ਤੌਰ ’ਤੇ ਪਛਾਣ ਗਿਆ ਸੀ। ਪਰ ਕੁਝ ਲੇਖਕ ਧਰਮ ਤੇ ਸਿਆਸਤ ਨੂੰ ਅਸੂਲਨ ਨਿਖੇੜਦੇ ਹਨ। ਉਹ ਜਾਂ ਤਾਂ ਗੁਰੂਆਂ ਦੀ ਖੁੱਲ੍ਹੀਆਂ ਸਿਆਸੀ ਤੇ ਫੌਜੀ ਸਰਗਰਮੀਆਂ ਨੂੰ ਸਹੀ ਦੱਸਣ ਲਈ ਢਿੱਲੀਆਂ ਦਲੀਲਾਂ ਘੜਦੇ ਹਨ ਜਾਂ ਸਿੱਧਾ ਇਨ੍ਹਾਂ ਸਰਗਰਮੀਆਂ ਨੂੰ ਧਾਰਮਿਕ ਰਾਹ ਤੋਂ ਥਿੜਕਣਾ ਕਹਿੰਦੇ ਹਨ।
ਜਗਜੀਤ ਸਿੰਘ ਦੀ ਪੁਸਤਕ ਸਿੱਖ ਇਨਕਲਾਬ ਵਿਚੋਂ