ਨਵੀਂ ਦਿੱਲੀ: ਸੈਂਟਰਲ ਦਿੱਲੀ ਦੀ ਸਭ ਤੋਂ ਵੱਡੀ ਸਿੰਘ ਸਭਾ ਨਾਰਾਇਣਾ ਵਿਹਾਰ ਗੁਰਦੁਆਰੇ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਾਰੇ ਅਹੁਦਿਆਂ ਦੀਆਂ ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਹੈ। ਪਹਿਲਾਂ ਤੋਂ ਇਸ ਗੁਰਦੁਆਰੇ ਦੇ ਪ੍ਰਬੰਧ ‘ਤੇ ਕਾਬਜ਼ ਸਰਨਾ ਦਲ ਦੇ ਪਰਮਜੀਤ ਸਿੰਘ ਖੁਰਾਣਾ ਦੀ ਪੂਰੀ ਟੀਮ ਹਾਰ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਨਵੀਂ ਟੀਮ ਦੇ ਰੂਪ ਵਿਚ ਸੰਗਤਾਂ ਨੇ ਗੁਲਜੀਤ ਸਿੰਘ ਅਨੰਦ ਨੂੰ ਪ੍ਰਧਾਨ ਅਤੇ ਚਰਣਜੀਤ ਸਿੰਘ ਭਾਟੀਆ ਨੂੰ ਜਨਰਲ ਸਕੱਤਰ ਦੀ ਸੇਵਾ ਬਖ਼ਸ਼ੀ ਹੈ।

ਦਿੱਲੀ ਕਮੇਟੀ ਵਲੋਂ ਜਾਰੀ ਬਿਆਨ ਵਿਚ ਸਥਾਨਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਨੇ ਜਿੱਤ ਦਾ ਸਿਹਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਪੰਥ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਨੂੰ ਬੰਨਿਆ ਹੈ। ਜਿੱਤਣ ਵਾਲੇ ਸਾਰੇ ਅਹੁਦੇਦਾਰਾਂ ਨੇ ਅੱਜ ਪੰਜਾਬ ਦੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਦੀ ਦਿੱਲੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਜੀ.ਕੇ. ਨੇ ਇਸ ਜਿੱਤ ਨੂੰ ਅਕਾਲੀ ਦਲ ਦੀ ਨੀਤੀਆਂ ਦੀ ਜਿੱਤ ਦੱਸਦੇ ਹੋਏ ਸਰਨਾ ਦਲ ਦੀ ਸਾਜਿਸ਼ਾਂ ਕਰਕੇ ਕਮੇਟੀ ਨੂੰ ਬਦਨਾਮ ਕਰਨ ਦੀਆਂ ਘੜੀਆਂ ਜਾਂਦੀਆਂ ਰਣਨੀਤੀ ਦੀ ਹਾਰ ਦੱਸਿਆ। ਇਸ ਮੌਕੇ ਜੇਤੂ ਮੈਂਬਰਾਂ ਦੇ ਨਾਲ ਹੀ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਮੌਜੂਦ ਸਨ।