ਚੰਡੀਗੜ੍ਹ (5 ਦਸੰਬਰ, 2014): ਸਿੱਖ ਕੌਮ ਦੀਆਂ ਮਹਾਨ, ਸ਼ਾਨਾਂਮੱਤੀਆਂ ਪ੍ਰੰਪਰਾਵਾਂ ‘ਤੇ ਚੱਲਦਿਆਂ ਜ਼ੁਲਮ ਖਿਲਾਫ ਰਣ-ਮੈਦਾਨ ਵਿੱਚ ਸਿਰ ‘ਤੇ ਖੱਫਣ ਬੰਨ ਕੇ ਜੂਝਣ ਵਾਲੇ ਅਤੇ ਸੰਘਰਸ਼ ਉਪਰੰਤ ਭਾਰਤ ਦੀਆਂ ਜੇਲਾਂ ਵਿੱਚ ਅਦਾਲਤ ਵੱਲੋਂ ਦਿੱਤੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਭਾਰਤ ਸਰਕਾਰ ਵੱਲੋਂ ਰਿਹਾਅ ਨਾ ਕੀਤੇ ਜਾਣ ਵਾਲੇ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਭਰਪੂਰ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ ਹੈ।

ਭਾਈ ਖਾਲਸਾ ਦੇ ਸਾਥੀ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਗੁਰੀ ਨੇ ਦੱਸਿਆ ਕਿ ਭਾਈ ਖਾਲਸਾ ਦੇ ਸੰਘਰਸ਼ ਨੂੰ ਦੇਸ਼ਾਂ-ਵਿਦੇਸ਼ਾਂ ਤੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।ਜਿੱਥੇ ਅਸਟਰੇਲੀਆ ਦੇ ਇੱਕ ਗੁਰੂ ਘਰ ਵਿੱਚ ਭਾਈ ਖਾਲਸਾ ਦੀ ਹਿਮਾਇਤ ਵਿੱਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਹੈ ਉੱਥੇ ਕੈਨੇਡਾ ਦੇ ਉਨਟਾਰੀਉ ਵਿਖੇ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਭਾਈ ਖਾਲਸਾ ਦੇ ਸਮਰਥਨ ਵਿੱਚ ਸ਼ਨੀਵਾਰ ਸ਼ਾਮ6 ਵਜੇ ਇੱਕ ਵਿਸ਼ਾਲ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸਨੂੰ ਕਿ ਭਾਈ ਗੁਰਬਖਸ਼ ਸਿੰਘ ਜੀ ਵੀ ਆਨ ਲਾਈਨ ਸੰਬੋਧਨ ਕਰਨਗੇ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕੈਨੇਡਾ ਦੀ ਸੰਗਤ ਭਾਈ ਖਾਲਸਾ ਦੀਆਂ ਮੰਗਾਂ ਸੰਬੰਧੀ ਉਥੋਂ ਦੀ ਸਰਕਾਰ ਨੂੰ ਮੰਗ ਪੱਤਰ ਵੀ ਸੌਂਪੇਗੀ।ਇਸ ਤੋਂ ਇਲਾਵਾ ਜਰਮਨੀ,ਫਰਾਂਸ,ਯੂਕੇ,ਅਮਰੀਕਾ,ਨਿਊਜੀਲੈਂਡ,ਦੁਬਈ ਆਦਿ ਦੇਸ਼ਾਂ ਤੋਂ ਵੀ ਭਾਈ ਖਾਲਸਾ ਦੇ ਸੰਘਰਸ਼ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਭਾਈ ਗੁਰੀ ਨੇ ਦੱਸਿਆ ਕਿ ਭਾਈ ਗੁਰਬਖਸ਼ ਸਿੰਘ ਦੀ ਤਬੀਅਤ ਦਿਨੋਂ-ਦਿਨ ਵਿਗੜ ਰਹੀ ਹੈ।22 ਦਿਨ ਤੋਂ ਚੱਲੀ ਆ ਰਹੀ ਭੁੱਖ ਹੜਤਾਲ ਕਾਰਨ ਭਾਈ ਖਾਲਸਾ ਬਹੁਤ ਹੀ ਕਮਜ਼ੋਰ ਹੋ ਗਏ ਹਨ।ਪਿਛਲੇ 22 ਦਿਨਾਂ ਵਿੱਚ ਉਹਨਾਂ ਦਾ ਵਜ਼ਨ 13 ਕਿੱਲੋ ਦੇ ਕਰੀਬ ਘੱਟ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਦੇ ਦਿਲ ਦੀ ਧੜਕਣ ਕਾਫੀ ਕਮਜ਼ੋਰ ਹੋ ਗਈ ਹੈ।
ਜੇਕਰ ਸਰਕਾਰ ਨੇ ਆਉਣ ਵਾਲੇ ਕੁੱਝ ਦਿਨਾਂ ਵਿੱਚ ਭਾਈ ਖਾਲਸਾ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹਨਾਂ ਦੀ ਤਬੀਅਤ ਹੋਰ ਜਿਆਦਾ ਵਿਗੜ ਜਾਵੇਗੀ ਡਾਕਟਰਾਂ ਦਾ ਤਾਂ ਇੱਥੋਂ ਤੱਕ ਵੀ ਕਹਿਣਾ ਹੈ ਕਿ ਉਹ ਕੋਮਾ ਵਿੱਚ ਵੀ ਜਾ ਸਕਦੇ ਹਨ।
ਅੱਜ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲੇ ਅਤੇ ਬਾਬਾ ਸ਼ਮਸ਼ੇਰ ਸਿੰਘ ਅਲੀਮਾਜਰਾ ਵਾਲੇ ਭਾਈ ਖਾਲਸਾ ਨੂੰ ਮਿਲਣ ਪਹੁੰਚੇ।ਇਸ ਸਮੇਂ ਉਹਨਾਂ ਨੇ ਕਿਹਾ ਕਿ ਭਾਈ ਖਾਲਸਾ ਮਨੁੱਖੀ ਅਧਿਕਾਰਾਂ ਲਈ ਲੜ ਰਹੇ ਹਨ ਸਾਰੇ ਇਨਸਾਨੀਅਤ ਪਸੰਦ ਲੋਕਾਂ ਨੂੰ ਭਾਈ ਖਾਲਸਾ ਦਾ ਸਾਥ ਦੇਣਾ ਚਾਹੀਦਾ ਹੈ।ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਵੱਲੋਂ ਭਾਈ ਖਾਲਸਾ ਦੇ ਸਮਰਥਨ ਵਿੱਚ ਮਾਰਚ ਕੱਢਣ ਦੀ ਗੱਲ ਵੀ ਆਖੀ।
ਇਸ ਤੋਂ ਇਲਾਵਾ ਅੱਜ ਭਾਈ ਖਾਲਸਾ ਨੂੰ ਮਿਲਣ ਵਾਲਿਆਂ ਵਿੱਚ ਭਾਈ ਲਖਵਿੰਦਰ ਸਿੰਘ ਲੱਖਾ ਦੇ ਪਿਤਾ ਜੀ ਸ. ਦਰਸ਼ਨ ਸਿੰਘ ਜੀ ਗਾਇਕ ਅੰਗਰੇਜ ਮਾਨ ਜਿੰਨਾਂ ਨੇ ਭਾਈ ਖਾਲਸਾ ਤੇ ਗੀਤ ਜੇਲਾਂ ਵਿੱਚ ਬੰਦੀ ਗਾਇਆ,ਗਾਇਕ ਬੀ ਐਸ ਸਿੱਧੂ,ਗਾਇਕਾ ਕਰੇਜੀ ਕੌਰ,ਬਲਜਿੰਦਰ ਸਿਘ ਸੇਖੋਂ,ਆਲ ਇੰਡੀਆ ਸੈਣੀ ਸੇਵਾ ਕਮੇਟੀ ਦੇ ਮੈਂਬਰ,ਭਾਈ ਹਾਕਮ ਸਿੰਘ ਸ਼ਾਮਲ ਸਨ