ਦੁਬਈ: ਮੀਡੀਆ ਰਿਪੋਰਟਾਂ ਮੁਤਾਬਕ ਇਕ ਭਾਰਤੀ ਨਾਗਰਿਕ ਨੂੰ ਮੰਗਲਵਾਰ ਨੂੰ ਇਕ ਕੰਪਨੀ ਨੇ ਬਰਖਾਸਤ ਕਰ ਦਿੱਤਾ ਅਤੇ ਸੰਯੁਕਤ ਅਰਬ ਅਮੀਰਾਤ ਛੱਡ ਕੇ ਜਾਣ ਲਈ ਕਿਹਾ ਹੈ। ਉਸਨੇ ਸੋਸ਼ਲ ਮੀਡੀਆ ‘ਤੇ ਮਸ਼ਹੂਰ ਪੱਤਰਕਾਰ ਅਤੇ ਲੇਖਕ ਰਾਣਾ ਅੱਯੂਬ ਅਤੇ ਇਸਲਾਮ ਦੇ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ।
ਖੋਜੀ ਪੱਤਰਕਾਰ ਰਾਣਾ ਅੱਯੂਬ ‘ਗੁਜਰਾਤ ਫਾਈਲਾਂ’ ਤੋਂ ਮਸ਼ਹੂਰ ਹੋਈ ਸੀ। ‘ਗੁਜਰਾਤ ਫਾਈਲਾਂ’ ‘ਚ ਉਸਨੇ 2002 ‘ਚ ਗੁਜਰਾਤ ‘ਚ ਹੋਏ ਮੁਸਲਮਾਨਾਂ ਦੇ ਕਤਲੇਆਮ ਬਾਰੇ ਸੱਚ ਦੁਨੀਆ ਸਾਹਮਣੇ ਲਿਆਂਦਾ ਸੀ।

ਸਥਾਨਕ ਅਖ਼ਬਾਰ ਖਲੀਜ਼ ਟਾਈਮਸ ਦੀ ਰਿਪੋਰਟ ‘ਚ ਦੱਸਿਆ ਗਿਆ ਕਿ ਕੰਪਨੀ ਨੇ ਮਨੁੱਖੀ ਵਸੀਲਿਆਂ ਦੇ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਨੈਸ਼ਨਲ ਪੇਂਟ ਦੀ ਸਹਿਯੋਗੀ ਕੰਪਨੀ ਅਲਫਾ ਪੇਂਟਸ ‘ਚ ਕੰਮ ਕਰਨ ਵਾਲੇ 31 ਸਾਲਾ ਕਰਮਚਾਰੀ ਬਿੰਸੀ ਲਾਲ ਨੇ ਸੋਮਵਾਰ ਨੂੰ 7 ਵਜੇ ਸੰਯੁਕਤ ਅਰਬ ਅਮੀਰਾਤ ਛੱਡ ਦਿੱਤਾ।
ਇਸਤੋਂ ਅਲਾਵਾ ਮੀਡੀਆ ਨਾਲ ਗੱਲ ਕਰਦੇ ਹੋਏ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਮਿਲੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਜਾਂਚ ਸ਼ੁਰੂ ਹੋਣ ਤੋਂ ਬਾਅਦ ਕਰਮਚਾਰੀ ਨੇ ਖੁਦ ਬੇਨਤੀ ਕੀਤੀ ਕਿ ਕਿਸੇ ਗੰਭੀਰ ਕਾਰਵਾਈ ਤੋਂ ਪਹਿਲਾਂ ਹੀ ਉਸਨੂੰ ਜਾਣ ਦਿੱਤਾ ਜਾਵੇ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਰਾਣਾ ਅੱਯੂਬ ਨੂੰ ਵਿਵਾਦਾਂ ‘ਚ ਖਿੱਚਿਆ ਗਿਆ ਹੈ। ਇਸਤੋਂ ਪਹਿਲਾਂ 2015 ‘ਚ ਸੰਯੁਕਤ ਅਰਬ ਅਮੀਰਾਤ ‘ਚ ਹੋਣੇ ਇਕ ਸਮਾਗਮ ‘ਚ ਭਾਰਤੀ ਮਿਸ਼ਨ ਦੇ ਇਕ ਅਧਿਕਾਰੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਅਬਦੁਲ ਕਲਾਮ ਆਜ਼ਾਦ ਦੀ ਯਾਦ ‘ਚ ਹੋਏ ਸਮਾਗਮ ‘ਚ ਬੋਲਣ ਨਹੀਂ ਦਿੱਤਾ ਸੀ। ਹਾਲਾਂਕਿ ਰਾਣਾ ਅੱਯੂਬ ਨੂੰ ਇਸ ਸਮਾਗਮ ‘ਚ ਅਧਿਕਾਰਤ ਤੌਰ ‘ਤੇ ਸੱਦਿਆ ਗਿਆ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Indian Man ousted from UAE After He Used Abusive Language against Journalist Rana Ayyub …