ਤਰਨ ਤਾਰਨ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕੇਜਰੀਵਾਲ ਉੱਪਰ ਹਮਲਾ ਬੋਲਦਿਆਂ ਕਿਹਾ ਕਿ ਉਸ ਦੀ ਸਮੁੱਚੀ ਟੀਮ ਦਾ ਨਿਸ਼ਾਨਾ ਹਰ ਧੋਖਾਧੜੀ ਵਰਤਕੇ ਪੰਜਾਬ ਦੀ ਸੱਤਾ ਹਥਿਆਉਣਾ ਹੈ। ਖਾਲੜਾ ਮਿਸ਼ਨ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ, ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਭਾਈ ਸਤਵੰਤ ਸਿੰਘ ਮਾਣਕ, ਸਤਵਿੰਦਰ ਸਿੰਘ ਪਲਾਸੌਰ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਡਾ: ਕਾਬਲ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਕੇਜਰੀਵਾਲ ਦੀ ਧਰਮ ਨਿਰਪੱਖਤਾ ਇੰਦਰਾ ਗਾਂਧੀ ਵਾਲੀ ਹੈ ਅਤੇ ਮੱਕਾਰੀ ਬਾਦਲਕਿਆਂ ਵਾਲੀ। ਇਸੇ ਕਰਕੇ ਉਸ ਨੇ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੀ ਅੱਜ ਤੱਕ ਕੋਈ ਨਿੰਦਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦਾ ਦਲ ਝੂਠੇ ਮੁਕਾਬਲਿਆਂ ਵਾਲਿਆਂ ਅਤੇ ਨਸ਼ਾ ਤਸਕਰਾਂ ਦਾ ਦਲ ਬਣ ਚੁੱਕਾ ਹੈ ਉਸੇ ਤਰ੍ਹਾਂ ਕੇਜਰੀਵਾਲ ਨੇ ਵੀ ਜਗਦੀਸ਼ ਮਿੱਤਲ ਵਰਗੇ ਝੂਠੇ ਮੁਕਾਬਲੇ ਬਨਾਉਣ ਵਾਲਿਆਂ ਨੂੰ ਉੱਚੇ ਅਹੁਦੇ ਬਖਸ਼ੇ ਹਨ।

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਹਰ ਮੋੜ ‘ਤੇ ਸ਼ਰਾਬ ਦੇ ਠੇਕੇ ਅਤੇ ਹੁੱਕਾ-ਬਾਰ ਖੋਲਕੇ ਪੰਜਾਬ ਅੰਦਰ ਨਸ਼ਿਆਂ ਤੋਂ ਮੁਕਤੀ ਦਵਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਲੁੱਟਮਾਰ ਅਤੇ ਚਰਿੱਤਰਹੀਣਤਾ ਦੇ ਕੇਸਾਂ ਵਿੱਚ ਉੁਲਝੀ ਕੇਜਰੀਵਾਲ ਦੀ ਟੀਮ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੀਆਂ ਗੱਲਾਂ ਕਰ ਰਹੀ ਹੈ।
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ (KMO) ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਪੰਜਾਬ, ਦੇਸ਼ ਅਤੇ ਸੰਸਾਰ ਦੀ ਸਮੁੱਚੀ ਲੁਕਾਈ ਨੂੰ ਰਾਹ ਦਰਸਾਇਆ ਹੈ ਪਰ ਕੇਜਰੀਵਾਲ ਆਰ.ਐਸ.ਐਸ. ਦੀ ਢਾਲ ਹੈ ਜੋ ਸਿੱਖਾਂ ਦਾ ਸ਼ੁੱਧੀਕਰਨ ਕਰਨ ਲਈ ਸਵਾਮੀ ਦਾਇਆਨੰਦ ਦੇ ਨਕਸ਼ੇ ਕਦਮਾਂ ‘ਤੇ ਚੱਲ ਰਿਹਾ ਹੈ ਅਤੇ ਉਹ ਪੰਜਾਬ ਨੂੰ ਮੁਕਤੀ ਦਵਾਉਣ ਦੀਆਂ ਗੱਲਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਿਸਾਨਾਂ ਦਾ ਮੈਨੀਫੈਸਟੋ ਜਾਰੀ ਕਰਦੇ ਸਮੇਂ, ਆੜਤੀ ਸਿਸਟਮ ਜੋ ਕਿਸਾਨਾਂ ਦੀਆਂ ਖੁਦਕਸ਼ੀਆਂ ਦਾ ਵੱਡਾ ਕਾਰਨ ਹੈ, ਨੂੰ ਖਤਮ ਕਰਨ ਦਾ ਐਲਾਨ ਨਾ ਕਰਕੇ ਕਿਸਾਨੀ ਨਾਲ ਧੋਖਾ ਕੀਤਾ ਹੈ। ਕੇਜਰੀਵਾਲ ਨੇ ਕਾਲੇ ਧਨ ਵਾਲਿਆਂ ਦਾ ਪੱਖ ਪੂਰਿਆ ਹੈ। ਕੇ.ਐਮ.ਓ ਨੇ ਕਿਹਾ ਕਿ ਕੇਜਰੀਵਾਲ ਨੇ ਸੁਖਬੀਰ ਬਾਦਲ, ਮਜੀਠੀਆ, ਤੋਤਾ ਸਿੰਘ, ਕੈਰੋਂ ਨੂੰ ਜੇਲ੍ਹ ਭੇਜਣ ਦੀਆਂ ਗੱਲਾਂ ਸਿਰਫ ਪੰਜਾਬ ਦੇ ਲੋਕਾਂ ਦੀ ਵਾਹ-ਵਾਹ ਖੱਟਣ ਲਈ ਕੀਤੀਆਂ ਹਨ। ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਜਿਸ ਦੀ ਅਗਵਾਈ ਵਿੱਚ ਪੰਜਾਬ ਬਰਬਾਦ ਹੋਇਆ ਹੈ ਬਾਰੇ ਕੋਈ ਸ਼ਬਦ ਨਹੀਂ ਬੋਲਿਆ ਗਿਅ।
ਉਨ੍ਹਾਂ ਕਿਹਾ ਕਿ ਬਾਦਲ-ਭਾਜਪਾ ਵਜ਼ਾਰਤ ਕਫਨਾਂ ਨੂੰ ਜੇਬਾਂ ਲਵਾਈ ਫਿਰਦੀ ਹੈ। ਲੋੜ ਹੈ ਇਨ੍ਹਾਂ ਸਾਰਿਆਂ ਦੀਆਂ ਜਾਇਦਾਦਾਂ ਦੀ ਪੜਤਾਲ ਹੋਵੇ। ਉਨ੍ਹਾਂ ਕਿਹਾ ਕਿ ਦਵਾਈ-ਪੜ੍ਹਾਈ ਸਰਕਾਰੀ ਕੀਤੇ ਤੋਂ ਬਿਨਾਂ ਪੰਜਾਬ ਦਾ ਕਿਸਾਨ ਅਤੇ ਗਰੀਬ ਨਹੀਂ ਬਚ ਸਕਦਾ। ਆਖਰ ਵਿੱਚ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਸਿੱਖੀ ਨਾਲ 1984 ਵਿੱਚ ਪੰਜ ਸਦੀਆਂ ਪੁਰਾਣਾ ਵੈਰ ਕੱਢਿਆ ਹੈ ਉਹ ਇਸ ਜਬਰ ਜੁਲਮ ਉੱਪਰ ਪਰਦਾ ਪਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਵੱਲੋਂ ਮਹਾਤਮਾਂ ਗਾਂਧੀ, ਸੁਭਾਸ਼ ਚੰਦਰ ਬੋਸ਼ ਦੀ ਮੌਤ ਦਾ ਸੱਚ ਲੱਭਣ ਦੀਆਂ ਗੱਲਾਂ ਅੱਜ ਵੀ ਹੋ ਰਹੀਆਂ ਹਨ ਅਤੇ ਘੰਟਿਆਂ ਵਿੱਚ ਸਦੀਆਂ ਪੁਰਾਣੀ ਬਾਬਰੀ ਮਸਜਦ ਢਹਿ ਢੇਰੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਨਵੰਬਰ ਨੂੰ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕਰਕੇ ਜੰਗਲ ਰਾਜ ਦੇ ਖਾਤਮੇ ਦੀ ਮੁਹਿੰਮ ਤੇਜ਼ ਕੀਤੀ ਜਾਵੇਗੀ ਅਤੇ ਇਸੇ ਲੜੀ ਵਿੱਚ 13 ਪਾਰਲੀਮਾਨੀ ਹਲਕਿਆਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।