ਕੂਈਨਜ਼ ਪਾਰਕ ਕੈਨੇਡਾ: ਇਸ ਹਫਤੇ ਬ੍ਰੈਮਲੀ ਗੋਰ ਮਾਲਟਨ ਤੋਂ ਐਨ.ਡੀ.ਪੀ. ਦੇ ਐਮ.ਪੀ.ਪੀ. ਜਗਮੀਤ ਸਿੰਘ ਨੇ ਆਪਣਾ 2013 ਵਾਲਾ ਬਿਲ ਦੋਬਾਰਾ ਲਿਆਂਦਾ ਜਿਹੜਾ ਜੇਕਰ ਪਾਸ ਹੋ ਗਿਆ ਤਾਂ ਦਸਤਾਰਧਾਰੀ ਸਿੱਖਾਂ ਨੂੰ ਉਨਟਾਰੀਓ ਵਿੱਚ ਮੋਟਰਸਾਇਕਲ ਚਲਾਉਂਦੇ ਸਮੇਂ ਹੈਲਮਟ ਪਹਿਨਣ ਤੋਂ ਛੋਟ ਮਿਲ ਜਾਵੇਗੀ।

ਪਿਛਲੇ ਦਸ ਸਾਲਾਂ ਤੋਂ ਸਾਡਾ ਸਿੱਖ ਭਾਈਚਾਰਾ ਦਸਤਾਰਧਾਰੀ ਸਿੱਖਾਂ ਲਈ ਉਨਟਾਰੀਓ ਵਿੱਚ ਮੋਟਰਸਾਇਕਲ ਚਲਾਉਂਦੇ ਸਮੇਂ ਹੈਲਮਟ ਪਹਿਨਣ ਤੋਂ ਛੋਟ ਦੀ ਮੰਗ ਕਰ ਰਿਹਾ ਹੈ ਪਰ ਉਨਟਾਰੀਓ ਦੀ ਲਿਬਰਲ ਸਰਕਾਰ ਇਸ ਚਿਰੋਕਣੀ ਮੰਗ ਨੂੰ ਅੱਖੋਂ ਪਰੋਖੇ ਕਰ ਰਹੀ ਹੈ।
ਦਸੰਬਰ 2013 ਵਿੱਚ ਐਨ.ਡੀ.ਪੀ. ਦੇ ਕਾਕਸ ਦੀ ਸੰਪੂਰਨ ਸਹਿਮਤੀ ਨਾਲ ਐਮ ਪੀ ਪੀ ਜਗਮੀਤ ਸਿੰਘ ਇੱਕ ਬਿੱਲ 145 ਲੈ ਕੇ ਆਏ ਜਿਸ ਵਿੱਚ ਉਨਟਾਰੀਓ ਵਿੱਚ ਵਸਦੇ ਪਗੜੀਧਾਰੀ ਸਿੱਖਾਂ ਲਈ ਉਨਟਾਰੀਓ ਵਿੱਚ ਮੋਟਰਸਾਇਕਲ ਚਲਾਉਂਦੇ ਸਮੇਂ ਕੈਨੇਡਾ ਦੇ ਮੈਨੀਟੋਬਾ ਅਤੇ ਬ੍ਰਿਿਟਸ਼ ਕੋਲੰਬੀਆ ਸੂਬੇ ਅਤੇ ਇੰਗਲੈਂਡ ਦੀ ਤਰਜ਼ ’ਤੇ ਹੈਲਮਟ ਪਹਿਨਣ ਤੋਂ ਛੋਟ ਦਿਵਾਉਣਾ ਸੀ।
ਸਿੰਘ ਨੇ ਅਸੈਬੰਲੀ ਵਿੱਚ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਉਨਟਾਰੀਓ ਦੀ ਪੀ.ਸੀ. ਪਾਰਟੀ ਅਤੇ ਐਨ.ਡੀ.ਪੀ. ਦੀ ਮਦਦ ਨਾਲ ਬਿੱਲ 196 (ਮੁੱਢਲੇ ਰੂਪ ਵਿੱਚ ਬਿੱਲ 145) ਪੇਸ਼ ਕਰ ਰਿਹਾ ਹਾਂ। ਉਨ੍ਹਾਂ ਕਿਹਾ “ਇਹ ਬੜੇ ਮਾਣ ਵਾਲੀ ਗੱਲ ਹੈ ਕਿ ਟੋਰੀਜ਼ ਨੇ ਬਿੱਲ 145 ਨੂੰ ਦੁਹਰਾਇਆ ਹੈ ਅਤੇ ਉਨਟਾਰੀਓ ਵਿੱਚ ਨੰਬਰ 2 ਅਤੇ ਨੰਬਰ 3 ਸਿਆਸੀ ਪਾਰਟੀਆਂ ਇਸ ਮੁੱਦੇ ਉੱਤੇ ਇੱਕਮੱਤ ਹਨ ਅਤੇ ਸਵਾਲ ਉੱਠਦਾ ਹੈ ਕਿ ਉਨਟਾਰੀਓ ਦੀ ਲਿਬਰਲ ਪਾਰਟੀ ਇਸ ਵੇਲੇ ਕਿਥੇ ਖੜੀ ਹੈ।”
ਮਈ 4, 2016 ਨੂੰ ਉਨਟਾਰੀਓ ਦੀ ਪੀ ਸੀ ਪਾਰਟੀ ਦੇ ਸ੍ਰੀ ਟੌਡ ਸਮਿੱਥ ਨੇ ਵੀ ਐਮ.ਪੀ.ਪੀ. ਜਗਮੀਤ ਸਿੰਘ ਦੇ 2013 ਬਿੱਲ 145 ਵਰਗਾ ਹੀ ਇੱਕ ਬਿੱਲ ਪੇਸ਼ ਕੀਤਾ ਜਿਸ ਵਿੱਚ ਉਨਟਾਰੀਓ ਸਰਕਾਰ ਤੋਂ ਪਗੜੀਧਾਰੀ ਸਿੱਖਾਂ ਲਈ ਉਨਟਾਰੀਓ ਵਿੱਚ ਮੋਟਰਸਾਇਕਲ ਚਲਾਉਂਦੇ ਸਮੇਂ ਹੈਲਮਟ ਪਹਿਨਣ ਤੋਂ ਛੋਟ ਲਈ ਸਥਾਨਕ ਹਾਈਵੇ ਟ੍ਰੈਫਿਕ ਐਕਟ ਵਿਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ।
ਜਗਮੀਤ ਸਿੰਘ ਨੇ ਕਿਹਾ ਕਿ, “ਸਿੱਖ ਧਰਮ ਨੂੰ ਮੰਨਣ ਵਾਲੇ ਦਸਤਾਰਧਾਰੀ ਸਿੱਖਾਂ ਨੂੰ ਹੱਕ ਮਿਲਣਾ ਚਾਹੀਦਾ ਹੈ ਕਿ ਉਹ ਆਪਣੀ ਧਾਰਮਿਕ ਆਜ਼ਾਦੀ ਮਾਣ ਸਕਣ ਅਤੇ ਮੈਂ ਪਗੜੀਧਾਰੀ ਸਿੱਖਾਂ ਦੀ ਧਾਰਮਿਕ ਆਜਾਦੀ ਅਤੇ ਪ੍ਰਗਟਾਵੇ ਵਰਗੇ ਹੱਕਾਂ ਦੀ ਸਵਿਧਾਨਿਕ ਹੱਕਾਂ ਦੀ ਸੁਰਿੱਖਿਆ ਲਈ ਵਚਨਵੱਧ ਹਾਂ।”