ਅੰਮ੍ਰਿਤਸਰ (13 ਨਵੰਬਰ, 2015): ਪਿਛਲੇ ਦਿਨੀ ਅਕਾਲ ਤਖਤ ਸਾਹਿਬ ‘ਤੇ ਬੰਦੀ ਛੋੜ ਦਿਵਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਨੰਗੀਆਂ ਤਲਵਾਰਾਂ ਲਹਿਰਾ ਕੇ ਹੁੜਦੰਗ ਮਚਾਇਆ ਗਿਆ ਸੀ ਅਤੇ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ।
ਦਲ ਖ਼ਾਲਸਾ ਦੇ ਪ੍ਰਧਾਨ ਐਚ.ਐਸ. ਧਾਮੀ ਅਤੇ ਕੰਵਰਪਾਲ ਸਿੰਘ ਨੇ ਦੋਸ਼ ਲਾਇਆ ਕਿ ਬੰਦੀ ਛੋੜ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਝ ਬੰਦੇ ਲਿਆਂਦੇ ਗਏ ਸਨ, ਜਿਨ੍ਹਾਂ ਨੇ ਤਲਵਾਰਾਂ ਲਹਿਰਾਈਆਂ ਤੇ ਰੌਲਾ ਰੱਪਾ ਪਾਇਆ। ਉਨ੍ਹਾਂ ਦੋਸ਼ ਲਾਇਆ ਕਿ ਜਥੇਦਾਰ ਦਾ ਵਿਰੋਧ ਕਰਨ ਲਈ ਆਈਆਂ ਸਿੱਖ ਜਥੇਬੰਦੀਆਂ ਖ਼ਿਲਾਫ਼ ਇਨ੍ਹਾਂ ਬੰਦਿਆਂ ਨੂੰ ਬਾਦਲ ਦਲ ਨੇ ਲਿਆਂਦਾ ਗਿਆ ਸੀ।

ਉਨ੍ਹਾਂ ਆਖਿਆ ਕਿ ਦਲ ਖ਼ਾਲਸਾ ਤੇ ਹੋਰ ਜਥੇਬੰਦੀਆਂ ਵੱਲੋਂ ਸਿਰਫ ਕਾਲੀਆਂ ਝੰਡੀਆਂ ਤੇ ਨਾਅਰਿਆਂ ਨਾਲ ਹੀ ਜਥੇਦਾਰ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਬਾਰੇ ਸਪੱਸ਼ਟ ਕਰੇ ਕਿ ਉਹ ਕੌਣ ਸਨ ਤੇ ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ।
ਉਕਤ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਸਵਾਲ ਉਠਾਇਆ ਕਿ ਇਹ ਨੌਜਵਾਨ ਕਿਸ ਦੇ ਕਹਿਣ ’ਤੇ ਅਤੇ ਕੌਣ ਲੈ ਕੇ ਆਇਆ ਸੀ। ਉਨ੍ਹਾਂ ਕਿਹਾ ਕਿ ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਗਤ ਸਾਹਮਣੇ ਸਾਰਾ ਕੁਝ ਸਪਸ਼ਟ ਕਰਨ।
ਦੱਸਣਯੋਗ ਹੈ ਕਿ ਬੰਦੀ ਛੋੜ ਦਿਵਸ ਮੌਕੇ ਕੁਝ ਪਤਿਤ ਨੌਜਵਾਨਾਂ ਨੇ ਹੁੜਦੰਗ ਮਚਾਇਆ ਸੀ। ਇਸੇ ਦੌਰਾਨ ਇੱਕ ਵਿਅਕਤੀ ਨੇ ਤੋਸ਼ਾਖਾਨਾ ਤੋੜਨ ਦਾ ਵੀ ਯਤਨ ਕੀਤਾ ਸੀ। ਜਦਕਿ ਦੂਜੇ ਪਾਸੇ ਉਸੇ ਵੇਲੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਦਾ ਵਿਰੋਧ ਕਰਦਿਆਂ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਸਨ ਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ।
ਇਸ ਤੋਂ ਬਾਅਦ ਦਰਬਾਰ ਸਾਹਿਬ ਸਮੂਹ ਸਥਿਤ ਸਰਾਵਾਂ ਵਿੱਚੋਂ ਕੁਝ ਨੌਜਵਾਨਾਂ ਨੂੰ ਨਸ਼ੇ ਦੀ ਹਾਲਤ ਵਿੱਚ ਵੀ ਕਾਬੂ ਕੀਤਾ ਗਿਆ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਵੱਲੋਂ ਪੁਲੀਸ ਹਵਾਲੇ ਕਰ ਦਿੱਤਾ ਗਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਇਨ੍ਹਾਂ ਦਾ ਸਬੰਧ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਨਾਲ ਦੱਸਿਆ ਗਿਆ ਹੈ।
ਇਸ ਮਾਮਲੇ ਬਾਰੇ ਗੱਲ ਕਰਦਿਆਂ ਅੰਤ੍ਰਿੰਗ ਕਮੇਟੀ ਮੈਂਬਰ ਸ੍ਰ. ਪੰਜੋਲੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਿੱਖ ਪੰਥ ਨੂੰ ਸਪਸ਼ਟ ਕਰਨ ਕਿ ਇਹ ਵਿਅਕਤੀ ਜੋ ਕਿ ਅਪਰਾਧੀ ਬਿਰਤੀ ਵਾਲੇ ਸਨ, ਕੌਣ ਸਨ, ਕੌਣ ਲੈ ਕੇ ਆਇਆ ਸੀ ਅਤੇ ਕਿਸ ਦੇ ਕਹਿਣ ’ਤੇ ਆਏ ਸਨ। ਇਸੇ ਤਰ੍ਹਾਂ ਇਨ੍ਹਾਂ ਨੂੰ ਸਰਾਵਾਂ ਵਿੱਚ ਕਮਰੇ ਕਿਸ ਦੇ ਕਹਿਣ ’ਤੇ ਦਿੱਤੇ ਗਏ। ਉਨ੍ਹਾਂ ਆਖਿਆ ਕਿ ਇਨ੍ਹਾਂ ਨੇ ਸ਼ਰਾਬ ਪੀ ਕੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ।