ਅੰਮਿ੍ਤਸਰ (8 ਅਕਤੂਬਰ, 2015): ਸੌਦਾ ਸਾਧ ਦੀ ਮਾਫ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਵੱਲੋਂ ਕੀਤੇ ਫੇਸਲੇ ਦਾ ਵਿਰੋਧ ਭਾਰਤ ਅਤੇ ਭਾਰਤ ਤੋਂ ਬਾਹਰ ਭਾਵ ਸਮੁੱਚੇ ਸਿੱਖ ਜਗਤ ਵਿੱਚ ਵੱਡੇ ਪੱਥਰ ‘ਤ ਹੋ ਰਿਹਾ ਹੈ।
ਇਸ ਕੌਮਘਾਤੀ ਫੈਸਲੇ ਦਾ ਸ਼੍ਰੌਮਣੀ ਕਮੇਟੀ ਦੇ ਅੰਦਰੋਂ ਕੁਝ ਵਿਸ਼ੇਸ਼ ਅਹਦਿਆਂ ‘ਤੇ ਬਿਰਾਜਮਾਨ ਸਖਸ਼ੀਅਤਾਂ ਵੱਲੋਂ ਵੀ ਕੀਤਾ ਗਿਆ ਹੈ, ਜਿਸ ਕਰਕੇ ਬਾਦਲ ਦਲ ਦੀ ਨਰਾਜ਼ਗੀ ਕਾਰਣ ਸ਼੍ਰੋਮਣੀ ਕਮੇਟੀ ‘ਚ ਅਹੁਦੇਦਾਰਾਂ ਖਿਲਾਫ਼ ਵੀ ਸੰਭਵ ਕਾਰਵਾਈਆਂ ਆਰੰਭ ਹੋ ਗਈਆਂ ਹਨ, ਜਿਸ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਅਤੇ ਪ੍ਰਭਾਵਸ਼ਾਲੀ ਅੰਤਿ੍ਗ ਮੈਂਬਰ ਕਰਨੈਲ ਸਿੰਘ ਪੰਜੋਲੀ ਨੂੰ ਕੁਝ ਵਿਸ਼ੇਸ਼ ਪ੍ਰਬੰਧਕੀ ਕਮੇਟੀਆਂ ‘ਚੋਂ ਬਾਹਰ ਕਰ ਦਿੱਤਾ ਗਿਆ ਹੈ ।
ਜਾਣਕਾਰੀ ਅਨੁਸਾਰ ਸ: ਭੌਰ ਅਤੇ ਸ: ਪੰਜੌਲੀ ਨੂੰ 23-24 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਵਿਸ਼ਵ ਪੰਜਾਬੀ ਸੰਮੇਲਨ ਦੀ ਸਵਾਗਤੀ ਕਮੇਟੀ ਅਤੇ ਹੋਰਨਾਂ ਜ਼ਿੰਮੇਵਾਰੀਆਂ ਤੋਂ ਫਾਰਗ ਕੀਤਾ ਗਿਆ ਹੈ । ਇਹ ਕਮੇਟੀਆਂ ਨਿਰੋਲ ਰੂਪ ‘ਚ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਖੇਤਰ ‘ਚ ਹਨ, ਜਿਨ੍ਹਾਂ ਦੇ ਫਿਲਹਾਲ ਜ਼ੁਬਾਨੀ ਹੁਕਮਾਂ ‘ਤੇ ਉਕਤ ਦੋਵਾਂ ਅਹੁਦੇਦਾਰਾਂ ਦੇ ਨਾਂਅ ਕੱਟ ਦਿੱਤੇ ਗਏ ਹਨ । ਸੂਤਰਾਂ ਅਨੁਸਾਰ ਇਸ ਕਾਰਵਾਈ ਦਾ ਅਮਲ ਮੁਆਫ਼ੀ ਫੈਸਲੇ ਦੇ ਵਿਰੋਧ ਕਾਰਨ ਸਿਆਸੀ ਪ੍ਰਭਾਵ ਅਧੀਨ ਕੀਤਾ ਗਿਆ ਹੈ ।
ਇਸ ਸਬੰਧੀ ਉਕਤ ਆਗੂਆਂ ਨਾਲ ਸੰਪਰਕ ਕੀਤੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਅਹੁਦੇਦਾਰੀਆਂ ਤੇ ਸਬ ਕਮੇਟੀਆਂ ਦੀਆਂ ਮੈਂਬਰੀਆਂ ਦੇ ਲਾਲਚ ਨਾਲੋਂ ਪੰਥਕ ਹਿੱਤ ਵਧੇਰੇ ਮਹੱਤਵਪੂਰਨ ਹਨ ਅਤੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਨ ਤੋਂ ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ । ਸ: ਭੌਰ ਨੇ ਕਿਹਾ ਕਿ ਉਹ ਨਾ ਤਾਂ ਅਕਾਲੀ ਦਲ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਖਿਲਾਫ਼ ਕੁਝ ਬੋਲੇ ਹਨ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਉਨ੍ਹਾਂ ਲਈ ਸਭ ਤੋਂ ਉਪਰ ਹੈ, ਜਿਸ ਨਾਲ ਸਮਝੌਤਾ ਬਰਦਾਸ਼ਤ ਤੋਂ ਬਾਹਰ ਹੈ ।
ਇਸੇ ਤਰ੍ਹਾਂ ਹੀ ਸ: ਪੰਜੋਲੀ ਨੇ ਕਿਹਾ ਕਿ ਉਹ ਆਪਣਾ ਇਹ ਪੰਥਕ ਫ਼ਰਜ਼ ਆਖਰੀ ਦਮ ਤੱਕ ਨਿਭਾਉਣਗੇ । ਉਨ੍ਹਾਂ ਕਿਹਾ ਕਿ ਪੰਥਕ ਸਿਧਾਤਾਂ, ਸੰਸਥਾਵਾਂ ਅਤੇ ਅਮੀਰ ਪ੍ਰੰਪਰਾਵਾਂ ਦੀ ਕੀਮਤ ‘ਤੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਕਰਨ ਵਾਲੇ ਰਾਜਸੀ ਆਗੂਆਂ ਦੀਆਂ ਆਪਹੁਦਰੀਆਂ ਕਾਰਨ ਸਿੱਖ ਜਗਤ ‘ਚ ਜ਼ਬਰਦਸਤ ਰੋਸ ਹੈ ।
ਜ਼ਿਕਰਯੋਗ ਹੈ ਕਿ ਉਕਤ ਦੋਵੇਂ ਆਗੂ ਸ਼੍ਰੋਮਣੀ ਕਮੇਟੀ ਦੇ ਹਰੇਕ ਮਹੱਤਵਪੂਰਨ ਫੈਸਲੇ ਦਾ ਹਿੱਸਾ ਰਹੇ ਹਨ ਪਰ ਉਨ੍ਹਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਮੁੜ ਬਿਕਰਮੀਕਰਨ ਦਾ ਵੀ ਵਿਰੋਧ ਕੀਤਾ ਗਿਆ ਸੀ ।