ਜੰਮੂ / ਸ੍ਰੀਨਗਰ (6 ਸਤੰਬਰ 2014): ਜੰਮੂ – ਕਸ਼ਮੀਰ ‘ਚ ਕਰੀਬ 6 ਦਹਾਕਿਆਂ ‘ਚ ਇਸ ਸਾਲ ਆਏ ਸਭ ਤੋਂ ਭਿਆਨਕ ਹੜ੍ਹ ਤੇ ਜ਼ਮੀਨ ਖਿਸਕਣ ‘ਚ ਹੁਣ ਤੱਕ 100 ਲੋਕਾਂ ਦੀ ਮੌਤ ਹੋ ਗਈ ਹੈ। ਉਧਮਪੁਰ ‘ਚ ਅੱਜ ਜ਼ਮੀਨ ਖਿਸਕਣ ਨਾਲ ਜੰਮੂ – ਕਟੜਾ ਰੇਲ ਲਾਈਨ ਬੰਦ ਹੋ ਗਈ ਹੈ। ਪੂਰੇ ਜੰਮੂ – ਕਸ਼ਮੀਰ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਜਤਿੰਦਰ ਸਿੰਘ ਦੇ ਨਾਲ ਅੱਜ ਪ੍ਰਦੇਸ਼ ‘ਚ ਹੜ੍ਹ ਤੇ ਜ਼ਮੀਨ ਖਿਸਕਣ ਵਾਲੇ ਪ੍ਰਭਾਵਿਤ ਇਲਾਕਿਆਂ ਦੌਰਾ ਕਰਨਗੇ। ਪ੍ਰਦੇਸ਼ ‘ਚ ਹਾਲਾਤ ਵਿਗੜਨ ਦੇ ਨਾਲ ਹੀ ਫ਼ੌਜ ਰਾਹਤ ਤੇ ਬਚਾਅ ਮੁਹਿੰਮ ‘ਚ ਲੱਗ ਗਈ ਹੈ।
ਹੜ੍ਹ ਦਾ ਪਾਣੀ ਪ੍ਰਦੇਸ਼ ਦੇ 300 ਪਿੰਡਾਂ ‘ਚ ਦਾਖਲ ਹੋ ਗਿਆ ਹੈ। ਹੜ੍ਹਾਂ ਕਾਰਨ ਰਾਜ ਦੀਆਂ ਸੜਕਾਂ, ਦਰਜਨਾਂ ਪੁਲਾਂ, ਇਮਾਰਤਾਂ ਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ, ਫ਼ੌਜ ਨੇ ਹੜ੍ਹ ਪ੍ਰਭਾਵਿਤ ਜੰਮੂ ਕਸ਼ਮੀਰ ‘ਚ ਖ਼ੋਜੀ, ਰਾਹਤ ਤੇ ਬਚਾਅ ਮੁਹਿੰਮ ਲਈ 7, 000 ਤੋਂ ਜ਼ਿਆਦਾ ਜਵਾਨਾਂ ਨੂੰ ਤੈਨਾਤ ਕੀਤਾ ਹੈ ਤੇ ਹੁਣ ਤੱਕ 6, 000 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਗਿਆ ਹੈ।