ਨਵੀਂ ਦਿੱਲੀ: ਵੱਖ-ਵੱਖ ਚੋਣ ਸਰਵੇਖਣਾਂ ਨੇ ਭਾਰਤੀ ਉਪਮਹਾਂਦੀਪ ਦੇ ਚਾਰ ਖਿੱਤਿਆਂ ਵਿਚ ਹੋਈਆਂ ਹਾਲੀਆਂ ਚੋਣਾਂ ਦੇ ਸੰਭਾਵੀ ਨਤੀਜੇ ਐਲਾਨੇ ਹਨ। ਭਾਵੇਂ ਕਿ ਚਾਰ ਵੱਖ-ਵੱਖ ਸਰਵੇਖਣ ਕਰਤਾਵਾਂ ਨੇ ਜੇਤੂ ਧਿਰਾਂ ਸੀਟਾਂ ਦੀ ਗਿਣਤੀ ਵੱਖ-ਵੱਖ ਕਿਆਸੀ ਹੈ ਪਰ ਕੁਲ ਨਤੀਜੇ ਤਕਰੀਬਨ ਇਕੋ ਜਿਹੇ ਹਨ।
ਇਨ੍ਹਾਂ ਕਿਆਫਿਆਂ ਅਨੁਸਾਰ ਪੱਛਮੀ ਬੰਗਾਲ ਵਿਚ ਬੀਬੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਨੂੰ ਬਹੁਮਤ ਮਿਲਣ ਦੇ ਅਸਾਰ ਹਨ। ਨਿਊਜ਼ ਐਕਸ ਨੇ ਬੀਬੀ ਮਮਤਾ ਦੀ ਪਾਰਟੀ ਨੂੰ 210 ਸੀਟਾਂ ਦਿੱਤੀਆਂ ਹਨ ਤੇ ਕਿਹਾ ਹੈ ਕਿ ਇਨ੍ਹਾਂ ਵਿਚ 14 ਸੀਟਾਂ ਦਾ ਵਾਧਾ ਜਾਂ ਘਾਟਾ ਹੋ ਸਕਦਾ ਹੈ। ਇੰਡੀਆ ਟੂਡੇ-ਐਕਸਿਸ ਨੇ ਤ੍ਰਿਣਮੂਲ ਕਾਂਗਰਸ ਨੂੰ 233 ਤੋਂ 253 ਸੀਟਾਂ ਦਿੱਤੀਆਂ ਹਨ। ਇੰਡੀਆ ਟੀ. ਵੀ. – ਸੀ. ਵੋਟਰ ਨੇ ਤ੍ਰਿਣਮੂਲ ਕਾਂਗਰਸ ਲਈ ਸਭ ਤੋਂ ਘੱਟ 163-171 ਸੀਟਾਂ ਕਿਆਸੀਆਂ ਹਨ। ਏ. ਬੀ. ਪੀ. ਦੇ ਸਰਵੇਣ ਨੇ ਤ੍ਰਿਣਮੂਲ ਕਾਂਗਰਸ ਨੂੰ 178 ਸੀਟਾਂ ਦਿੱਤੀਆਂ ਹਨ।
ਪਹਿਲਾਂ ਤੋਂ ਲਗਾਏ ਜਾ ਰਹੇ ਅੰਦਾਜ਼ੇ ਵਾਙ ਹੀ ਇਨ੍ਹਾਂ ਸਰਵੇਖਣਾ ਨੇ ਇਹ ਨਤੀਜਾ ਕੱਡਿਆ ਹੈ ਕਿ ਅਸਾਮ ਵਿਚ ਕਾਂਗਰਸ ਦਾ ਬੀਤੇ 15 ਵਰ੍ਹਿਆਂ ਦਾ ਰਾਜ ਖਤਮ ਹੋਣ ਵਾਲਾ ਹੈ ਤੇ ਇਥੇ ਭਾਜਪਾ ਦੀ ਸਰਕਾਰ ਬਣੇਗੀ। ਨਿਊਜ਼ ਐਕਸ ਨੇ ਭਾਜਪਾ ਨੂੰ 90 ਸੀਟਾਂ ਦਿੱਤੀਆਂ ਹਨ ਤੇ ਕਿਹਾ ਹੈ ਕਿ ਇਨ੍ਹਾਂ ਵਿਚ 9 ਸੀਟਾਂ ਦਾ ਵਾਧਾ ਜਾਂ ਘਾਟਾ ਹੋ ਸਕਦਾ ਹੈ। ਇੰਡੀਆ ਟੂਡੇ-ਐਕਸਿਸ ਨੇ ਭਾਜਪਾ ਨੂੰ 79 ਤੋਂ 93 ਸੀਟਾਂ ਦਿੱਤੀਆਂ ਹਨ। ਇੰਡੀਆ ਟੀ. ਵੀ. – ਸੀ. ਵੋਟਰ ਨੇ ਭਾਜਪਾ ਲਈ ਸਭ ਤੋਂ ਘੱਟ 53-61 ਸੀਟਾਂ ਕਿਆਸੀਆਂ ਹਨ। ਏ. ਬੀ. ਪੀ. ਦੇ ਸਰਵੇਣ ਨੇ ਭਾਜਪਾ ਨੂੰ 81 ਸੀਟਾਂ ਦਿੱਤੀਆਂ ਹਨ।
ਤਮਿਲ ਨਾਡੂ ਵਿਚ ਡੀ. ਐਮ. ਕੇ. ਨੂੰ ਬਹੁਮਤ ਦਿੰਦਿਆਂ ਨਿਊਜ਼ ਐਕਸ ਨੇ 140 ਸੀਟਾਂ ਦਿੱਤੀਆਂ ਹਨ ਤੇ ਕਿਹਾ ਹੈ ਕਿ ਇਨ੍ਹਾਂ ਵਿਚ 11 ਸੀਟਾਂ ਦਾ ਵਾਧਾ ਜਾਂ ਘਾਟਾ ਹੋ ਸਕਦਾ ਹੈ। ਇੰਡੀਆ ਟੂਡੇ-ਐਕਸਿਸ ਨੇ ਡੀ. ਐਮ. ਕੇ. ਨੂੰ 124 ਤੋਂ 140 ਸੀਟਾਂ ਦਿੱਤੀਆਂ ਹਨ। ਇੰਡੀਆ ਟੀ. ਵੀ. – ਸੀ. ਵੋਟਰ ਨੇ ਭਾਜਪਾ ਲਈ ਸਭ ਤੋਂ ਘੱਟ 74-82 ਸੀਟਾਂ ਕਿਆਸੀਆਂ ਹਨ।
ਕੇਰਲ ਵਿਚ ਐਲ. ਡੀ. ਐਫ ਨੂੰ ਬਹੁਮਤ ਦਿੰਦਿਆਂ ਨਿਊਜ਼ ਐਕਸ ਨੇ 75 ਸੀਟਾਂ ਦਿੱਤੀਆਂ ਹਨ ਤੇ ਕਿਹਾ ਹੈ ਕਿ ਇਨ੍ਹਾਂ ਵਿਚ 9 ਸੀਟਾਂ ਦਾ ਵਾਧਾ ਜਾਂ ਘਾਟਾ ਹੋ ਸਕਦਾ ਹੈ। ਇੰਡੀਆ ਟੂਡੇ-ਐਕਸਿਸ ਨੇ ਐਲ. ਡੀ. ਐਫ ਨੂੰ 88 ਤੋਂ 101 ਸੀਟਾਂ ਦਿੱਤੀਆਂ ਹਨ। ਇੰਡੀਆ ਟੀ. ਵੀ. – ਸੀ. ਵੋਟਰ ਨੇ ਐਲ. ਡੀ. ਐਫ ਲਈ ਸਭ ਤੋਂ ਘੱਟ 74-82 ਸੀਟਾਂ ਕਿਆਸੀਆਂ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਸੂਬਿਆਂ ਵਿਚ ਚੋਣਾਂ ਹੋ ਚੁੱਕੀਆਂ ਹਨ ਤੇ ਵੋਟਾਂ ਦੀ ਗਿਣਤੀ 19 ਮਈ ਨੂੰ ਹੋਵੇਗੀ।