ਅੰਮ੍ਰਿਤਸਰ: ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਭਾਰਤ ਸਰਕਾਰ ਵਲੋਂ ਪੈਦਾ ਕੀਤਾ ਦੈਂਤ ਦੱਸਦਿਆਂ ਦਲ ਖਾਲਸਾ ਨੇ ਕਿਹਾ ਕਿ ਉਸ ਨੇ ਸਾਜਿਸ਼ ਤਹਿਤ ਪੰਜਾਬ, ਹਰਿਆਣਾ ਅਤੇ ਚੰਡੀਗੜ ਦੇ ਲੋਕਾਂ ਅੰਦਰ ਸਹਿਮ ਪੈਦਾ ਕਰਨ ਅਤੇ ਅਦਾਲਤਾਂ ਉਤੇ ਪ੍ਰਭਾਵ ਪਾਉਣ ਲਈ ਆਪਣੇ ਹਜ਼ਾਰਾਂ ਸਾਥੀਆਂ ਨੂੰ ਪੰਚਕੁਲਾ ਵਿਖੇ ਇਕੱਠੇ ਹੋਣ ਦਾ ਹੁਕਮ ਦਿੱਤਾ ਹੈ।

ਪ੍ਰੈਸ ਬਿਆਨ ਵਿੱਚ ਪਾਰਟੀ ਆਗੂਆਂ ਹਰਚਰਨਜੀਤ ਸਿੰਘ ਧਾਮੀ, ਕੰਵਰਪਾਲ ਸਿੰਘ, ਜਸਬੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ ਅਤੇ ਪਰਮਜੀਤ ਸਿੰਘ ਨੇ ਸਰਕਾਰਾਂ ਉਤੇ ਵਰ੍ਹਦਿਆਂ ਕਿਹਾ ਕਿ 144 ਲਾਗੂ ਕਰਨ ਦੇ ਕੀ ਅਰਥ ਰਹਿ ਜਾਂਦੇ ਹਨ ਜਦੋਂ ਲੱਖਾਂ ਪ੍ਰੇਮੀ ਪੰਚਕੁਲਾ ਸ਼ਹਿਰ ਅੰਦਰ ਜਮ੍ਹਾ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੋਗਲੀ ਨੀਤੀ ‘ਤੇ ਚੱਲ ਰਿਹਾ ਹੈ ਅਤੇ ਇਸ ਸਾਰੀ ਖੇਡ ਕੇਂਦਰ ਦੀ ਮੋਦੀ ਸਰਕਾਰ ਖੇਡ ਰਹੀ ਹੈ, ਜਿਸ ਦੇ ਦੋਨਾਂ ਹੱਥਾਂ ਵਿੱਚ ਹੀ ਲੱਡੂ ਹਨ।

ਉਹਨਾਂ ਕਿਹਾ ਸਿਰਸਾ ਪ੍ਰੇਮੀ ਸ਼ਰੇਆਮ ਹਿੰਸਾ ਕਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਭਾਰਤ ਦੇ ਟੋਟੇ ਕਰਨ ਦੇ ਦਮਗਜੇ ਮਾਰ ਰਹੇ ਹਨ ਪਰ ਇਹਨਾਂ ਉਤੇ ਦੇਸ਼-ਧ੍ਰੋਹ ਜਾਂ ਯੂ.ਏ.ਪੀ.ਏ ਕਿਉਂ ਨਹੀਂ ਲਾਇਆ ਜਾਂਦਾ। ਉਹਨਾਂ ਟਿੱਪਣੀ ਕਰਦਿਆਂ ਕਿਹਾ ਕਿ ਕੀ ਇਹ ਸਾਰੇ ਕਾਲੇ ਕਾਨੂੰਨ ਸਿੱਖਾਂ, ਮੁਸਲਮਾਨਾਂ, ਦਲਿਤਾਂ ਜਾਂ ਹੋਰਨਾਂ ਘੱਟ-ਗਿਣਤੀਆਂ ਵਿਰੁੱਧ ਇਸਤੇਮਾਲ ਕਰਨ ਲਈ ਹੀ ਹਨ।

ਆਗੂਆਂ ਨੇ 25 ਅਗਸਤ ਨੂੰ ਪੰਚਕੁਲਾ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਕਿਸੇ ਸੰਭਾਵਿਤ ਹਿੰਸਾ ਤੋਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਆਪਣੀ ਹਿਫਾਜ਼ਤ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਉਹਨਾਂ ਲੋਕਾਂ ਨੂੰ ਕਿਹਾ ਕਿ ਉਹ ਆਪਣੀ ਹਿਫਾਜ਼ਤ ਲਈ ਸਰਕਾਰ ਜਾਂ ਪ੍ਰਸ਼ਾਸਨ ਉਤੇ ਨਿਰਭਰ ਨਾ ਰਹਿਣ ਕਿਉਂਕਿ ਹਰ ਸਿਆਸੀ ਜਮਾਤ ਦੀ ਸਰਕਾਰ ਅਤੇ ਪੁਲਿਸ ਨੇ ਹਮੇਸ਼ਾਂ ਹੀ ਇਸ ਡੇਰੇ ਦਾ ਸਾਥ ਦਿੱਤਾ ਹੈ।
ਸਬੰਧਤ ਖ਼ਬਰ:
ਹਲਕਾ ਰਾਮਪੁਰਾ ਫੂਲ ਦੀ ਬਾਦਲ ਦਲ ਦੀ ਇਕਾਈ ਵਲੋਂ ਡੇਰਾ ਸਿਰਸਾ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ …
ਜਥੇਬੰਦੀ ਦੇ ਆਗੂਆਂ ਨੇ ਕੇਸ ਦੇ ਫੈਸਲੇ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਕੀ ਭਾਰਤੀ ਸਟੇਟ ਆਪਣੇ ਵੀ.ਆਈ.ਪੀ ਚਹੇਤੇ ਮਹਿਮਾਨ ਨੂੰ ਬਚਾਉਂਦੀ ਹੈ ਜਾਂ ਇਨਸਾਫ ਕਰਦੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸਹਿਮ ਦਾ ਮਾਹੌਲ ਸਿਰਜਿਆ ਜਾ ਚੁੱਕਾ ਹੈ, ਕਾਨੂੰਨ ਲਈ ਨਿਰਪੱਖ ਅਤੇ ਨਿਡਰ ਹੋ ਕੇ ਫੈਸਲਾ ਕਰਨਾ ਮੁਸ਼ਕਿਲ ਲੱਗ ਰਿਹਾ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: