ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਕਾਰਕੁਨ ਅਮਿਤੋਜ ਮਾਨ, ਐਡਵੋਕੇਟ ਨਵਕਿਰਨ ਸਿੰਘ, ਖੁਸ਼ਿੰਦਰ ਸਿੰਘ, ਕੁਲਵਿੰਦਰ ਮਾਨ, ਮਹਿੰਦਰ ਪਾਲ, ਪ੍ਰਭਜੋਤ ਕੌਰ ਅਤੇ ਗੌਰਵ ਰਾਣਾ ਵੱਲੋਂ ਨਵੀਂ ਸਿਆਸੀ ਪਾਰਟੀ ‘ਪੰਜਾਬ ਸਾਂਝੀਵਾਲਤਾ ਦਲ’ ਦੇ ਗਠਨ ਦਾ 23 ਸਤੰਬਰ 2026, ਰਾਵੀ ਹਾਲ, ਕਿਸਾਨ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਐਲਾਨ ਕੀਤਾ ਗਿਆ ਹੈ। ਪਾਰਟੀ ਆਗੂਆਂ ਨੇ ਪੰਜਾਬ ਦੇ ਲੋਕਾਂ ਨਾਲ ਆਪਣਾ ਮੁੱਢਲਾ ਏਜੰਡਾ ਸਾਂਝਾ ਕਰਦਿਆਂ ਕਿਹਾ ਕਿ ਸੂਬੇ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਕੋਲ ਪੰਜਾਬ ਦੇ ਵਿਕਾਸ ਅਤੇ ਇਸ ਨਾਲ ਜੁੜੇ ਮੁੱਖ ਮਸਲਿਆਂ ਦੇ ਹੱਲ ਲਈ ਸਪੱਸ਼ਟ ਨੀਤੀ ਨਹੀਂ ਹੈ।
ਪਾਰਟੀ ਵੱਲੋਂ ਜਾਰੀ ਕੀਤੇ ਗਏ ਏਜੰਡੇ ਨੂੰ ਪਹਿਲਾ ਭਾਗ ਦੱਸਦਿਆਂ ਆਗੂਆਂ ਨੇ ਕਿਹਾ ਕਿ ਇਸ ਵਿੱਚ ਪੰਜਾਬ ਨਾਲ ਸਬੰਧਤ ਵੱਖ-ਵੱਖ ਨੀਤੀਗਤ ਮਸਲਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਏਜੰਡੇ ਦੇ ਅਗਲੇ ਭਾਗ ਲਈ ਪੰਜਾਬ ਦੇ ਲੋਕਾਂ ਤੋਂ ਸੁਝਾਅ ਅਤੇ ਸਲਾਹ-ਮਸ਼ਵਰੇ ਲਏ ਜਾਣਗੇ ਅਤੇ ਇਸ ਪ੍ਰਕਿਰਿਆ ਤੋਂ ਬਾਅਦ ਹੀ ਪਾਰਟੀ ਵੱਲੋਂ ਅੰਤਿਮ ਦਸਤਾਵੇਜ਼ ਜਾਰੀ ਕੀਤਾ ਜਾਵੇਗਾ।

ਪਾਰਟੀ ਆਗੂਆਂ ਮੁਤਾਬਕ ਪੰਜਾਬ ਲੰਮੇ ਸਮੇਂ ਤੋਂ ਰਾਜਨੀਤਕ ਅਤੇ ਪ੍ਰਸ਼ਾਸਕੀ ਪੱਧਰ ’ਤੇ ਅਣਗਹਿਲੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਸੂਬੇ ਅੰਦਰ ਬੇਰੁਜ਼ਗਾਰੀ, ਨਸ਼ਿਆਂ, ਕਿਸਾਨੀ ਸੰਕਟ, ਭ੍ਰਿਸ਼ਟਾਚਾਰ ਅਤੇ ਹੋਰ ਸਮਾਜਿਕ-ਆਰਥਿਕ ਸਮੱਸਿਆਵਾਂ ਗੰਭੀਰ ਚੁਣੌਤੀਆਂ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਦੇ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਗਿਣੇ ਜਾਂਦੇ ਪੰਜਾਬ ਦੀ ਮੌਜੂਦਾ ਸਥਿਤੀ ’ਤੇ ਗੰਭੀਰ ਵਿਚਾਰ-ਚਰਚਾ ਦੀ ਲੋੜ ਹੈ।
ਏਜੰਡੇ ਵਿੱਚ ਪੰਜਾਬ ਦੇ ਇਤਿਹਾਸਕ ਅਤੇ ਸਿਆਸੀ ਸੰਦਰਭ ਦਾ ਹਵਾਲਾ ਦਿੰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ 1947 ਦੀ ਵੰਡ ਦੌਰਾਨ ਪੰਜਾਬ ਨੇ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਝੱਲਿਆ, ਪਰ ਇਸ ਤੋਂ ਬਾਅਦ ਸੂਬੇ ਨੇ ਮੁੜ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਦੇਸ਼ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਪੁਨਰਗਠਨ, ਰਾਜਧਾਨੀ, ਦਰਿਆਈ ਪਾਣੀਆਂ ਅਤੇ ਹੋਰ ਸੂਬਾਈ ਮਸਲੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਦੇ ਕੇਂਦਰ ਵਿੱਚ ਰਹੇ ਹਨ। ਪਾਰਟੀ ਵੱਲੋਂ ਆਪਣੇ ਏਜੰਡੇ ਵਿੱਚ 1966 ਤੋਂ ਬਾਅਦ ਪੰਜਾਬ ਨਾਲ ਜੁੜੇ ਰਾਜਧਾਨੀ, ਭਾਖੜਾ ਡੈਮ ਅਤੇ ਦਰਿਆਈ ਪਾਣੀਆਂ ਦੇ ਮੁੱਦਿਆਂ ਨੂੰ ਵੀ ਉਭਾਰਿਆ ਗਿਆ ਹੈ।
‘ਪੰਜਾਬ ਸਾਂਝੀਵਾਲਤਾ ਦਲ’ ਨੇ ਕਿਹਾ ਹੈ ਕਿ ਪਾਰਟੀ ਦਾ ਅਗਲਾ ਏਜੰਡਾ ਪੰਜਾਬ ਦੇ ਲੋਕਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤਾ ਜਾਵੇਗਾ। ਇਸ ਤਰ੍ਹਾਂ ਪਾਰਟੀ ਵੱਲੋਂ ਜਾਰੀ ਕੀਤਾ ਗਿਆ ਮੌਜੂਦਾ ਦਸਤਾਵੇਜ਼ ਅੰਤਿਮ ਚੋਣ ਮਨੋਰਥ ਪੱਤਰ ਦੀ ਬਜਾਏ ਵਿਚਾਰ ਅਤੇ ਨੀਤੀ-ਨਿਰਮਾਣ ਲਈ ਪਹਿਲਾ ਖਰੜਾ ਦੱਸਿਆ ਗਿਆ ਹੈ।