ਨਿਊਯਾਰਕ: ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਨੇ ਸੰਯੁਕਤ ਰਾਸ਼ਟਰ ਦੀ ੮੧ਵੀਂ ਮਹਾਸਭਾ ਦੇ ਸੈਸ਼ਨ ਦੌਰਾਨ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ ਹੋਈ ਇੱਕ ਕੌਮਾਂਤਰੀ ਕਾਨਫਰੰਸ ਵਿੱਚ ਭਾਗ ਲਿਆ।

ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਨੇ ਇਸ ਕੌਮਾਂਤਰੀ ਮੰਚ ’ਤੇ ਸਿੱਖਾਂ ਦੇ ਸਵੈ-ਨਿਰਣੇ ਦੇ ਹੱਕ ਦਾ ਮੁੱਦਾ ਦ੍ਰਿੜਤਾ ਨਾਲ ਉਠਾਇਆ। ਇਸ ਦੌਰਾਨ ਸਿੱਖ ਸੰਘਰਸ਼ ਦੀਆਂ ਇਤਿਹਾਸਕ ਅਤੇ ਸਿਆਸੀ ਬੁਨਿਆਦਾਂ ਬਾਰੇ ਗੱਲ ਕਰਦਿਆਂ ੧੮੪੯ ਵਿੱਚ ਫਿਰੰਗੀਆਂ ਵੱਲੋਂ ਪੰਜਾਬ ’ਤੇ ਕੀਤੇ ਬਸਤੀਵਾਦੀ ਕਬਜ਼ੇ, ੧੯੮੪ ਦੀ ਸਿੱਖ ਨਸਲਕੁਸ਼ੀ ਅਤੇ ੧੯੮੬ ਵਿੱਚ ਖ਼ਾਲਿਸਤਾਨ ਦੇ ਐਲਾਨ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ।

ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਆਗੂਆਂ ਅਤੇ ਕਾਰਕੁਨਾਂ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਅਤੇ ਉਨ੍ਹਾਂ ਦੇ ਪੰਜਾਬ ਮੁੜਨ ’ਤੇ ਲੱਗੀਆਂ ਪਾਬੰਦੀਆਂ ਬਾਰੇ ਵੀ ਕੌਮਾਂਤਰੀ ਭਾਈਚਾਰੇ ਨੂੰ ਜਾਣੂ ਕਰਵਾਇਆ ਗਿਆ।

ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੀ ਹਾਜ਼ਰੀ ਨਾਲ ਵੱਖ-ਵੱਖ ਦੇਸ਼ਾਂ ਦੇ ਰਾਜਦੂਤੀ ਨੁਮਾਇੰਦਿਆਂ, ਕੌਮਾਂਤਰੀ ਮਾਹਿਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਦੁਨੀਆ ਭਰ ਦੀਆਂ ਹੋਰ ਅਜ਼ਾਦੀ ਲਹਿਰਾਂ ਨਾਲ ਸਿੱਧੇ ਵਿਚਾਰ-ਵਟਾਂਦਰੇ ਦਾ ਮੌਕਾ ਮਿਲਿਆ।
ਸੰਯੁਕਤ ਰਾਸ਼ਟਰ ਦੀ ੮੧ਵੀਂ ਮਹਾਸਭਾ ਦੌਰਾਨ ਸਿੱਖ ਸਵੈ-ਨਿਰਣੇ ਬਾਰੇ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ ਜਾਰੀ ਪੂਰਾ ਬਿਆਨ ਪੜ੍ਹੋ।