ਚੰਡੀਗੜ੍ਹ: ਅੱਜ ਜਾਰੀ ਇਕ ਪ੍ਰੈਸ ਬਿਆਨ ਵਿਚ ਪੰਚ ਪ੍ਰਧਾਨੀ ਜਥੇ ਵੱਲੋਂ ਕਿਹਾ ਗਿਆ ਹੈ ਕਿ ਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟੇ ਦਾ ਦਿਨ ਦਿਹਾੜੇ ਕੀਤਾ ਗਿਆ ਕਤਲ, ਪੰਜਾਬ ਸਰਕਾਰ ਦੀ ਅਸਫਲਤਾ ਅਤੇ ਨਸ਼ਾ ਤਸਕਰਾਂ ਨੂੰ ਮਿਲ ਰਹੀ ਵੱਡੀ ਸ਼ਹਿ ਨੂੰ ਬਿਆਨ ਕਰਦਾ ਅੱਤ ਦੁਖਦਾਈ ਕਤਲ ਹੈ। ਇਸ ਕਤਲ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਹਨਾਂ ਦਾ ਭਗਵੰਤ ਮਾਨ ਸਰਕਾਰ ਨੂੰ ਲੋਕ ਕਚਹਿਰੀ ਵਿੱਚ ਜਵਾਬ ਦੇਣਾ ਔਖਾ ਹੋ ਗਿਆ ਹੈ।
ਬਿਆਨ ਵਿਚ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਭੁਪਿੰਦਰ ਸਿੰਘ ਭਲਵਾਨ ਤੇ ਭਾਈ ਸਤਨਾਲ ਸਿੰਘ ਨੇ ਕਿਹਾ ਕਿ ਕਾਤਲ ਦੀ ਗ੍ਰਿਫ਼ਤਾਰੀ ਅਤੇ ਉਸ ਦੇ ਮਕਾਨ ਨੂੰ ਢਾਹ ਦੇਣ ਨਾਲ ਨਾ ਤਾਂ ਪੰਜਾਬ ਸਰਕਾਰ ਹੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਸਕਦੀ ਹੈ ਅਤੇ ਨਾ ਹੀ ਇਸ ਨਾਲ ਲੋਕ ਹੀ ਸੰਤੁਸ਼ਟ ਹੋ ਸਕਦੇ ਹਨ।

ਉਹਨਾ ਕਿਹਾ ਕਿ ਕਾਤਲ ਅਸ਼ਵਨੀ ਕੁਮਾਰ ਦੇ ਨਸ਼ਿਆਂ ਦੇ ਧੰਦੇ ਨੂੰ ਜਾਣਦਿਆਂ ਹੋਇਆਂ ਵੀ ਉਸ ਨੂੰ ਅੱਖੋਂ ਪਰੋਖੇ ਕਰ ਛੱਡਣਾ ਅਤੇ ਉਸ ’ਤੇ ਕਈ ਫੌਜਦਾਰੀ ਕੇਸ ਹੋਣ ਦੇ ਬਾਵਜੂਦ ਉਸ ਨੂੰ ਅਸਲਾ ਲਸੰਸ ਮਿਲਣਾ, ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਾ ਹੈ ਅਤੇ ਇਸ ਨਾਲ ਨਸ਼ਿਆਂ ਵਿਰੁੱਧ ਜੰਗ ਛੇੜਨ ਦੇ ਪੰਜਾਬ ਸਰਕਾਰ ਦੇ ਦਾਅਵੇ ਦੀ ਫ਼ੂਕ ਵੀ ਨਿਕਲ ਗਈ ਹੈ।
ਪੰਚ ਪ੍ਰਧਾਨੀ ਜਥੇ ਅਨੁਸਾਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਪਿੱਛੇ ਵੱਡੀ ਸਾਜ਼ਿਸ਼ ਵਿਖਾਈ ਦਿੰਦੀ ਹੈ, ਜਿਸ ਵਿੱਚ ਕੇਵਲ ਨਸ਼ਾ ਤਸਕਰ ਹੀ ਨਹੀਂ, ਸਰਕਾਰੀ ਸਾਜ਼ਿਸ਼ ਘਾੜੇ ਸ਼ਾਮਲ ਹਨ, ਜਿਹਨਾਂ ਤੋਂ ਪਰਦਾ ਚੁੱਕਣ ਨਾਲ ਹੀ ਨਿਆਂ ਦੀ ਪ੍ਰਕ੍ਰਿਆ ਸ਼ੁਰੂ ਹੋਵੇਗੀ।
ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਮੁੱਖ ਮੰਤਰੀ, ਮੰਤਰੀਆਂ ਅਤੇ ਪੁਲਿਸ ਅਫ਼ਸਰਾਂ ਵੱਲੋ ਇਸ ਸੰਬੰਧੀ ਦਿੱਤੇ ਜਾ ਰਹੇ ਬਿਆਨ ਅਤੇ ਪੀੜਤ ਪਰਿਵਾਰ ਨਾਲ ਪ੍ਰਗਟਾਈ ਜਾ ਰਹੀ ਹਮਦਰਦੀ, ਉਸ ਵੇਲੇ ਮਹਿਜ਼ ਵਿਖਾਵਾ ਬਣ ਜਾਂਦੇ ਹਨ, ਜਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੁਲਿਸ ਅਫ਼ਸਰ ਇਸ ਨੂੰ ਜ਼ਾਤੀ ਰੰਜਸ਼ ਤੇ ਵੈਰ-ਭਾਵਨਾ ਦਾ ਕਤਲ ਕਰਾਰ ਦੇ ਕੇ ਆਪਣੀ ਜ਼ਿੰਮੇਵਾਰੀ ਤੇ ਅਸਫਲਤਾ ’ਤੇ ਪਰਦਾ ਪਾ ਕੇ ਅਤੇ ਕਾਤਲ ਨੂੰ ਫੜ ਲੈਣ ਦਾ ਦਾਅਵਾ ਕਰਕੇ ਲੋਕ ਮਨਾਂ ਵਿੱਚ ਉਠੇ ਗੁੱਸੇ ਤੇ ਰੋਹ ਨੂੰ ਠੰਡਾ ਕਰਨ ਦੇ ਯਤਨ ਕਰਦੇ ਹਨ।
ਆਗੂਆਂ ਨੇ ਕਿਹਾ ਕਿ ਇਹ ਕਤਲ ਜਾਤੀ ਰੰਜਸ਼ ਅਤੇ ਇੱਕ ਦੂਜੇ ਵਿਰੁੱਧ ਪਰਿਵਾਰਕ ਵੈਰ-ਭਾਵਨਾ ਦਾ ਨਤੀਜਾ ਨਹੀਂ, ਪਰਵਿੰਦਰ ਸਿੰਘ ਝੋਟੇ ਵੱਲੋਂ ਨਸ਼ਿਆਂ ਵਿਰੁੱਧ ਛੇੜਿ ਸਮਾਜਿਕ ਜੱਦੋ-ਜਹਿਦ ਅਤੇ ਤਸਕਰਾਂ ਨੂੰ ਮਿਲਦੀ ਸ਼ਹਿ ਨਾਲ ਪੈਦਾ ਹੋਏ ਟਕਰਾਅ ਦਾ ਨਤੀਜਾ ਹੈ। ਮਕਤੂਲ ਨੇ ਆਪਣੀ ਜਾਨ ਵਾਰ ਕੇ ਲੋਕਾਂ ਵਿੱਚ ਨਸ਼ਿਆਂ ਦੇ ਵਹਿ ਰਹੇ ਦਰਿਆ ਨੂੰ ਰੋਕਣ ਦਾ ਜਜ਼ਬਾ ਭਰਿਆ ਅਤੇ ਜਾਗਰੂਕਤਾ ਲਿਆਂਦੀ ਹੈ। ਇਸ ਜਜ਼ਬੇ ਅਤੇ ਜਾਗਰੂਕਤਾ ਨਾਲ ਹੀ ਨਸ਼ਿਆਂ ਨੂੰ ਠੱਲ੍ਹ ਪਾਈ ਅਤੇ ਜੁਆਨੀ ਬਚਾਈ ਜਾ ਸਕਦੀ ਹੈ। ਨਸ਼ਿਆਂ ਨੂੰ ਠੱਲ੍ਹਣ ਲਈ ਇਕ ਅਵਾਜ਼ ਹੋ ਕੇ ਲਹਿਰ ਚਲਾਉਣੀ ਹੀ ਪਰਵਿੰਦਰ ਸਿੰਘ ਝੋਟੇ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਉ ਇਸ ਲਹਿਰ ਨੂੰ ਚਲਾਉਣ ਲਈ ਲਾਮਬੰਦ ਹੋਈਏ, ਪੀੜਤ ਪਰਿਵਾਰ ਨੂੰ ਨਿਆਂ ਦਿਵਾਈਏ, ਨਸ਼ਿਆਂ ਨਾਲ ਮਰ ਰਹੀ ਨੌਜੁਆਨੀ ਨੂੰ ਬਚਾਈਏ।
ਪੰਜਾਬ ਵਿਚ ਨਸ਼ੇ ਦੇ ਫੈਲਣ ਦੇ ਵਿਆਪਕ ਕਾਰਨਾਂ ਬਾਰੇ ਗੱਲ ਕਰਦਿਆਂ ਪੰਚ ਪ੍ਰਧਾਨੀ ਜਥੇ ਦੇ ਆਗੂਆਂ ਨੇ ਕਿਹਾ ਕਿ ਖਾੜਕੂ ਸੰਘਰਸ਼ ਤੋਂ ਬਾਅਦ ਪੰਜਾਬ ਵਿਚ ਨਸ਼ਾ ਇਕ ਸੋਚੀ ਸਮਝੀ ਤਹਿਤ ਇੰਡੀਅਨ ਸਟੇਟ ਦੀ ਨੀਤੀ ਤਹਿਤ ਪੱਸਰਿਆ ਹੈ। ਪੰਜਾਬ ਸਮੇਤ ਇੰਡੀਆ ਵਿਚ ਜਿਹਨਾ ਖਿੱਤਿਆਂ ਦੇ ਲੋਕਾਂ ਨੇ ਦਿੱਲੀ ਦਰਬਾਰ ਨੂੰ ਟੱਕਰ ਦਿੱਤੀ ਹੈ ਓਥੇ ਹਕੂਮਤੀ ਜ਼ਬਰ ਨਾਲ ਲਹਿਰਾਂ ਨੂੰ ਦਬਾਉਣ ਤੋਂ ਬਾਅਦ ਨਸ਼ੇ ਨੂੰ ਲੋਕਾਂ ਨੂੰ ਦਬਾਉਣ ਦੇ ਸੰਦ ਵੱਜੋਂ ਸਟੇਟ ਨੀਤੀ ਤਹਿਤ ਫੈਲਾਇਆ ਗਿਆ ਹੈ।