Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
parvinder-singh-jhota-baba-boxer-boxing-career

ਬਾਬਾ ਬੌਕਸਰ: ਮੁੱਕੇਬਾਜ਼ੀ ਦੇ ਰਿੰਗ ਤੋਂ ਨਸ਼ਾ ਵਿਰੋਧੀ ਜੰਗ ਤੱਕ

ਬਾਬਾ ਬੌਕਸਰ: ਮੁੱਕੇਬਾਜ਼ੀ ਦੇ ਰਿੰਗ ਤੋਂ ਨਸ਼ਾ ਵਿਰੋਧੀ ਜੰਗ ਤੱਕ

ਪੱਤਰਕਾਰ ਚਰਨਜੀਤ ਭੁੱਲਰ ਦੀ ਇਹ ਲਿਖਤ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਅਖਬਾਰ ਵਿਚ 14 ਅਕਤੂਬਰ 2026 ਨੂੰ ਛਪੀ ਸੀ। ਇਹ ਲਿਖਤ ਇਥੇ ਅਦਾਰਾ ਸਿੱਖ ਸਿਆਸਤ ਦੇ ਪਾਠਕਾਂ ਲਈ ਮੁੜ ਸਾਂਝੀ ਕੀਤੀ ਹੈ। ਅਸੀਂ ਖਬਰ ਦੇ ਲੇਖਕ ਚਰਨਜੀਤ ਭੁੱਲਰ ਤੇ ਪ੍ਰਕਾਸ਼ਨ ਅਦਾਰੇ ਪੰਜਾਬੀ ਟ੍ਰਿਬਿਊਨ ਦੇ ਧੰਨਵਾਦੀ ਹਾਂ – ਸੰਪਾਦਕ।

ਉਸ ਦੀ ਦੋਆਬੇ ’ਚ ‘ਬਾਬਾ ਬੌਕਸਰ’ ਵਜੋਂ ਗੂੰਜ ਪੈਂਦੀ ਸੀ, ਜਦੋਂ ਉਹ ਮਾਲਵੇ ’ਚ ਨਸ਼ਾ ਤਸਕਰਾਂ ਪਿੱਛੇ ਹੱਥ ਧੋ ਕੇ ਪਿਆ ਤਾਂ ਪਰਵਿੰਦਰ ਸਿੰਘ ਝੋਟਾ ਵਜੋਂ ਨਾਮ ਖੱਟ ਗਿਆ। ਉਹ ਵੱਖਰੀ ਜ਼ਿੰਦਗੀ ਦਾ ਮਾਲਕ ਸੀ, ਸਾਦਗੀ ਇੰਨੀ ਕਿ ਚੱਪਲਾਂ ’ਚ ਹੀ ਤੁਰਿਆ ਫਿਰਦਾ ਸੀ। ਅੱਜ ਮਾਨਸਾ ਵਿੱਚ ਉਹ ਗੋਲੀ ਦਾ ਸ਼ਿਕਾਰ ਹੋ ਗਿਆ। ਜੋ ਨਸ਼ੇੜੀਆਂ ਨੂੰ ਗੋਲੀਆਂ ਵੰਡਦਾ ਸੀ ਤੇ ਝੋਟਾ ਰੋਕਦਾ ਸੀ। ਬੌਕਸਿੰਗ ਦੇ ਕੌਮੀ ਖਿਡਾਰੀ ਨੂੰ ਅੱਜ ਜ਼ਿੰਦਗੀ ਦੀ ਰਿੰਗ ’ਚ ਹਰਾ ਦਿੱਤਾ ਗਿਆ।

‘ਬਾਬਾ ਬੌਕਸਰ’ ਤੋਂ ‘ਪਰਵਿੰਦਰ ਝੋਟਾ’ ਤੱਕ ਦਾ ਸਫ਼ਰ ਕੋਈ ਸੁਖਾਲਾ ਨਹੀਂ ਰਿਹਾ। ਜੱਦੀ ਪਿੰਡ ਗਾਮੀਵਾਲਾ ਦਾ ਝੋਟਾ ਐਂਟੀ ਡਰੱਗ ਟਾਸਕ ਗਰੁੱਪ ਦਾ ਮੈਂਬਰ ਸੀ। ਪਰਿਵਾਰ ਪੂਰਾ ਗੁਰਸਿੱਖ, ਪਿਤਾ ਭੀਮ ਸਿੰਘ ਸਾਬਕਾ ਫ਼ੌਜੀ ਆਪਣੇ ਨੌਹਰੇ ’ਚ ਡੇਅਰੀ ਚਲਾ ਰਿਹਾ ਸੀ। ਮਾਤਾ ਅਮਰਜੀਤ ਕੌਰ ਸਿਮਰਨ ’ਚ ਲੀਨ ਸੀ। ਪਤਨੀ ਮਨਜੀਤ ਕੌਰ ਅਕਾਲ ਅਕੈਡਮੀ ਜਵਾਹਰ ਕੇ ’ਚ ਅਧਿਆਪਕਾ ਹੈ। ਮਾਪਿਆਂ ਦਾ ਇਕਲੌਤਾ ਪੁੱਤ ਸੀ ਪਰਵਿੰਦਰ ਝੋਟਾ। ਉਸ ਦੇ ਆਪਣੇ ਦੋ ਬੱਚਿਆਂ ਦੀ ਉਮਰ 9 ਸਾਲ ਤੇ ਛੇ ਸਾਲ ਹੈ।

parvinder-singh-jhota-baba-boxer-boxing-career
ਮੁੱਕੇਬਾਜ਼ੀ ਦੇ ਰਿੰਗ ਵਿੱਚ ਜਿੱਤ ਦਰਜ ਕਰਨ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ

ਮਾਪਿਆਂ ਨੇ ਦੁੱਧ ਦੀ ਭਰੀ ਬਾਲਟੀ ਪਰਵਿੰਦਰ ਅੱਗੇ ਰੱਖ ਦੇਣੀ। ਖ਼ੁਰਾਕ ਅਤੇ ਜੁੱਸੇ ਕਰਕੇ ਉਸ ਦਾ ਨਾਮ ਝੋਟਾ ਪੈ ਗਿਆ। ਮੁੱਢਲੀ ਖੇਡ ਕ੍ਰਿਕਟ ਰਹੀ ਅਤੇ ਬਾਅਦ ’ਚ ਬੌਕਸਰ ਬਣ ਗਿਆ। ਮਾਨਸਾ ਦੇ ਵਿਦਿਆ ਭਾਰਤੀ ਸਕੂਲ ’ਚ ਮੁੱਢਲੀ ਵਿੱਦਿਆ ਲੈਣ ਮਗਰੋਂ ਬਠਿੰਡਾ ਦੇ ਡੀ ਏ ਵੀ ਕਾਲਜ ’ਚ ਪੜ੍ਹਾਈ ਕੀਤੀ। ਆਖ਼ਰ ਉਹ ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ ’ਚ ਗ੍ਰੈਜੂਏਸ਼ਨ ਕਰਨ ਚਲਾ ਗਿਆ। ਉਸ ਨੇ ਸਾਲ 2004-05 ਤੋਂ 2008-09 ਦੌਰਾਨ ਹੈਵੀ ਵੇਟ ਬਾਕਸਿੰਗ ’ਚ ਚਾਰ ਵਾਰ ਇੰਟਰ ਕਾਲਜ ਮੁਕਾਬਲੇ ਵਿੱਚੋਂ ਗੋਲਡ ਮੈਡਲ ਜਿੱਤਿਆ।

ਪਰਵਿੰਦਰ ਝੋਟਾ ਚਾਰ ਵਾਰ ਇੰਟਰ ’ਵਰਸਿਟੀ ਮੁਕਾਬਲੇ ’ਚ ਗਿਆ, ਜਿਸ ’ਚੋਂ ਦੋ ਵਾਰ ਮੈਡਲ ਪ੍ਰਾਪਤ ਕੀਤਾ। ਕਾਲਜ ’ਚ ਉਸ ਦੇ ਜੂਨੀਅਰ ਰਹੇ ਹਰਪ੍ਰੀਤ ਸਿੰਘ ਹੈਰੀ, ਜੋ ਹੁਣ ਕੌਮਾਂਤਰੀ ਬੌਕਸਿੰਗ ਕੋਚ ਹਨ, ਨੇ ਦੱਸਿਆ ਕਿ ਪਰਵਿੰਦਰ ਝੋਟਾ ਸਾਨੂੰ ਪੁੱਤਾਂ ਵਾਂਗੂ ਰੱਖਦਾ, ਆਪਣੀ ਕਿੱਟ ਤੇ ਬੂਟ ਵੀ ਦੇ ਦਿੰਦਾ ਸੀ। ਗ਼ਰੀਬ ਖਿਡਾਰੀਆਂ ਦੀ ਮਦਦ ਲਈ ਉਹ ਹਮੇਸ਼ਾ ਅੱਗੇ ਆਇਆ। ਖ਼ਾਲਸਾ ਕਾਲਜ ’ਚ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਵੀ ਰਿਹਾ। ਉਸ ਦੇ ਕਾਲਜ ਦੇ ਕੋਚ ਵਰਿੰਦਰ ਥਾਪਰ ਦਾ ਕਹਿਣਾ ਸੀ ਕਿ ਉਹ ਜਲੰਧਰ ’ਚ ‘ਬਾਬਾ ਬੌਕਸਰ’ ਵਜੋਂ ਮਸ਼ਹੂਰ ਸੀ।

ਉਨ੍ਹਾਂ ਦਿਨਾਂ ’ਚ ਜਿਸ ਦੀ ਕੋਈ ਬਾਂਹ ਨਹੀਂ ਫੜਦਾ ਸੀ, ਉਸ ਦੀ ਮਦਦ ਬਾਬਾ ਬੌਕਸਰ ਕਰਦਾ ਸੀ। ਉਸ ਦਾ ਦੋਸਤ ਗਗਨਦੀਪ ਸਿੰਘ ਮਾਨਸਾ ਆਖਦਾ ਹੈ ਕਿ ਉਸ ਨੂੰ ਨਾ ਨੇਤਾ ਬਣਨ ਦੀ ਭੁੱਖ ਸੀ ਅਤੇ ਨਾ ਹੀ ਸਿਆਸਤ ਦੇ ਰਾਹ ਜਾਣ ਦੀ। ਇੱਕ ਵਾਰ ਕਿਸੇ ਨੇ ਉਸ ’ਤੇ ਪਿਸਤੌਲ ਤਾਣ ਲਈ, ਉਸ ਦੀ ਪਿਸਤੌਲ ਹੀ ਖੋਹ ਲਈ। ਉਸ ਦੇ ਮੁਹੱਲੇ ਵਾਲੇ ਆਖਦੇ ਹਨ ਕਿ ਮਸਤ ਮੌਲਾ ਸੀ, ਨਾ ਵਿੰਗ ਨਾ ਵਲ।

ਉਸ ਦੀ ਜ਼ਿੰਦਗੀ ਲੀਹੋਂ ਵੀ ਲਹੀ। ਉਹ ਇੱਕ ਵਾਰ ਨਸ਼ਿਆਂ ਦੇ ਰਾਹ ਤੁਰ ਪਿਆ ਸੀ। ਛੇਤੀ ਹੀ ਸੰਭਲ ਗਿਆ ਜਦੋਂ ਉਸ ਦੇ ਮੁਹੱਲੇ ਦੇ ਦੋ ਨੌਜਵਾਨ ਲੜਕੇ ਓਵਰਡੋਜ਼ ਨਾਲ ਜਹਾਨੋਂ ਚਲੇ ਗਏ। ਉਸ ਨੇ 2021-22 ’ਚ ਨਸ਼ਿਆਂ ਖ਼ਿਲਾਫ਼ ਬੀੜਾ ਚੁੱਕ ਲਿਆ। ਮਾਨਸਾ ਦੇ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰਾਂ ਦੀਆਂ ਅੱਖਾਂ ’ਚ ਉਹ ਛੇਤੀ ਹੀ ਰੜਕਣ ਲੱਗ ਗਿਆ। ਜੁਲਾਈ 2023 ’ਚ ਉਸ ਨੇ ਮੈਡੀਕਲ ਸਟੋਰ ਵਾਲੇ ਦੇ ਛਿੱਤਰਾਂ ਦਾ ਹਾਰ ਪਾ ਦਿੱਤਾ ਸੀ। ਬੇਬਾਕੀ ਨਾਲ ਬੋਲਦਾ ਸੀ ਜਿਸ ਕਰਕੇ ਪੁਲੀਸ ਵੀ ਦੁਖੀ ਸੀ। ਉਸ ਕੋਲ ਨਸ਼ਿਆਂ ਤੋਂ ਪੀੜਤਾਂ ਦੇ ਮਾਪਿਆਂ ਦੀ ਕਚਹਿਰੀ ਲੱਗਣ ਲੱਗੀ। ਉਹ ਲੜਨ ਭਿੜਨ ਤੋਂ ਪਿਛਾਂਹ ਨਹੀਂ ਸੀ ਹਟਦਾ। ਦਿਲ ਨਾਲ ਜ਼ਿਆਦਾ ਸੋਚਦਾ ਸੀ, ਦਿਮਾਗ਼ ਨਾਲ ਨਹੀਂ। ਸਾਲ 2009 ਤੋਂ ਸਾਲ 2024 ਦੌਰਾਨ ਉਸ ’ਤੇ ਕੁੱਲ 9 ਪੁਲੀਸ ਕੇਸ ਦਰਜ ਹੋਏ ਜਿਨ੍ਹਾਂ ’ਚੋਂ ਪੰਜ ਕੇਸ ਉਸ ਸਮੇਂ ਦੌਰਾਨ ਹੋਏ ਜਦੋਂ ਉਹ ਨਸ਼ਿਆਂ ਖ਼ਿਲਾਫ਼ ਮੁਹਿੰਮ ’ਚ ਕੁੱਦਿਆ ਹੋਇਆ ਸੀ।

ਮਾਨਸਾ ਜ਼ਿਲ੍ਹੇ ਦੇ ਹੀ ਵਸਨੀਕ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਕਤਲ ਹੋਇਆ ਸੀ। ਸਿੱਧੂ ਮੂਸੇਵਾਲਾ ਅਤੇ ਪਰਵਿੰਦਰ ਝੋਟਾ ਦੀ ਸਕੂਲੀ ਸਿੱਖਿਆ ਮਾਨਸਾ ਦੇ ਵਿੱਦਿਆ ਭਾਰਤੀ ਸਕੂਲ ਦੀ ਹੈ। ਮਾਨਸਾ ਜ਼ਿਲ੍ਹੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਥੋੜ੍ਹੇ ਸਮੇਂ ਵਿੱਚ ਦੋ ਝੋਟੇ ਖੋਹ ਲਏ ਹਨ। ਇਕ ਸਿੱਧੂ ਮੂਸੇਵਾਲਾ ਜੋ ਆਪਣੇ ਗੀਤਾਂ ’ਚ ਖੁਦ ਨੂੰ ਝੋਨਾ ਦੱਸਦਾ ਸੀ ਤੇ ਦੂਜਾ ਹੁਣ ਪਰਵਿੰਦਰ ਝੋਟਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: